top of page

ਜਦੋਂ ਕੌਮ ਦੇ ਹੀਰੇ ਜੈਕਾਰੇ ਛੱਡਦੇ ਫਾਂਸੀ ਤੇ ਚੜ੍ਹੇ...!

ਜਦੋਂ ਕੌਮ ਦੇ ਹੀਰੇ ਜੈਕਾਰੇ ਛੱਡਦੇ ਫਾਂਸੀ ਤੇ ਚੜ੍ਹੇ...!

ਜੰਡਿਆਲਾ ਗੁਰੂ ਤੋਂ ਥੋੜ੍ਹੀ ਦੂਰ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਜੱਦੀ ਪਿੰਡ ਗਦਲੀ ਦੇ ਵਸਨੀਕ ਅਤੇ ਭਾਈ ਜਿੰਦਾ ਦੇ ਵੱਡੇ ਭਰਾ ਨਿਰਭੈਲ ਸਿੰਘ ਨੇ ਦਸਿਆ ਕਿ ਉਹ ਤੇ ਭਾਈ ਸੁੱਖਾ ਦਾ ਪਰਿਵਾਰ ਪੂਨੇ ਭਾਈ ਸੁੱਖਾ ਤੇ ਭਾਈ ਜਿੰਦਾ ਨਾਲ਼ ਆਖਰੀ ਮੁਲਾਕਾਤ ਕਰਨ ਲਈ ਪੁੱਜੇ। ਫਾਂਸੀ ਲੱਗਣ ਤੋਂ ਇੱਕ ਦਿਨ ਪਹਿਲਾਂ 8 ਅਕਤੂਬਰ ਨੂੰ ਮੁਲਾਕਾਤਾਂ ਜਾਰੀ ਰਹੀਆਂ। ਆਪਣੀਆਂ ਇਹਨਾਂ ਆਖਰੀ ਮੁਲਾਕਾਤਾਂ ਦੌਰਾਨ ਇਹਨਾਂ ਦੋਹਾਂ ਨੌਜਵਾਨਾਂ ਦੇ ਚਿਹਰੇ ਉੱਤੇ ਕੋਈ ਸ਼ਿਕਵਾ ਜਾਂ ਭੈਅ ਨਹੀਂ ਸੀ ਨਜ਼ਰ ਆਉਂਦਾ, ਸਗੋਂ ਉਸ ਦਿਨ ਉਹ ਵਧੇਰੇ ਖ਼ੁਸ਼ ਨਜ਼ਰ ਆਉਂਦੇ ਸਨ। ਉਹਨਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ਼ ਗੱਲਬਾਤ ਦੌਰਾਨ ਕਈ ਕਿਸਮ ਦੀਆਂ ਨਸੀਹਤਾਂ ਵੀ ਦਿੱਤੀਆਂ। ਉਹਨਾਂ ਨੇ ਸਖਤੀ ਨਾਲ਼ ਆਪਣੇ ਪਰਿਵਾਰਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਸ਼ਹਾਦਤ ਦਾ ਕੋਈ ਸਿਆਸੀ ਲਾਹਾ ਲੈਣ ਦਾ ਕਦੇ ਵੀ ਜਤਨ ਨਾ ਕਰਨ ਅਤੇ ਨਾ ਹੀ ਉਹਨਾਂ ਦੀ ਯਾਦ ਵਿੱਚ ਕੋਈ ਗੁਰਦੁਆਰਾ ਜਾਂ ਯਾਦਗਾਰ ਬਣਾਈ ਜਾਏ।

ਮੁਲਾਕਾਤ ਦੌਰਾਨ ਦੋਹਾਂ ਵੀਰਾਂ ਨੇ ਰਾਤ 10-00 ਵਜੇ ਤੋਂ ਆਪਣੀ ਜ਼ਿੰਦਗੀ ਦੇ ਆਖਰੀ ਪਲ 4-00 ਵਜੇ ਤਕ ਦਾ ਵੇਰਵਾ ਦਿੰਦਿਆਂ ਦਸਿਆ ਕਿ ਉਹ 10-00 ਤੋਂ 12-00 ਵਜੇ ਤਕ ਅਰਾਮ ਕਰਨਗੇ। 12-00 ਵਜੇ ਕੇਸੀਂ ਇਸ਼ਨਾਨ ਕਰਨਗੇ, 12-00 ਤੋਂ 3-00 ਵਜੇ ਤਕ ਪਾਠ ਕਰਨਗੇ। ਇਸ ਪਿੱਛੋਂ ਉਹਨਾਂ ਦੀਆਂ ਬੈਰਕਾਂ ਵਿੱਚ ਜੋ ਦਹੀਂ ਜਮਾਇਆ ਹੈ ਉਹ ਖਾਣਗੇ ਅਤੇ ਇੱਕ-ਇੱਕ ਸੇਬ ਖਾਣਗੇ ਅਤੇ 3-00 ਵਜੇ ਅੰਤਿਮ-ਅਰਦਾਸ ਤੇ ਕੀਰਤਨ ਸੋਹਿਲੇ ਦਾ ਪਾਠ ਵੀ ਕਰਨਗੇ। ਇਸ ਪਿੱਛੋਂ ਜਦੋਂ ਉਹਨਾਂ ਨੂੰ ਜੇਲ੍ਹ ਦੇ ਅਧਿਕਾਰੀ ਲੈਣ ਲਈ ਆਉਣਗੇ, ਓਦੋਂ ਉਹ ਦੋਵੇਂ ਚਿੱਟੇ ਚੋਲ਼ੇ, ਕੇਸਰੀ ਦਸਤਾਰਾਂ ਸਜਾ ਕੇ, ਕੇਸਰੀ ਕਮਰਕੱਸਾ ਕਰ ਕੇ ਤਿਆਰ-ਬਰ-ਤਿਆਰ ਹੋਣਗੇ ਅਤੇ ਜੈਕਾਰੇ ਲਾਉਂਦੇ ਹੋਏ ਨਿਸ਼ਚਿਤ ਕੀਤੀ ਫਾਂਸੀ ਦੀ ਜਗ੍ਹਾ ਵੱਲ ਕੁਚ ਕਰਨਗੇ। ਫਾਂਸੀ ਸਮੇਂ ਉਹ ਜੱਲਾਦਾਂ ਦਾ ਮੂੰਹ ਮਿੱਠਾ ਕਰਾਉਣ ਲਈ ਬੂੰਦੀ ਵੀ ਨਾਲ਼ ਲਿਜਾਣਗੇ।

ਨਿਰਭੈਲ ਸਿੰਘ ਨੇ ਦੱਸਿਆ ਕਿ ਅਗਲੀ ਸਵੇਰ ਭਾਵ ੯ ਅਕਤੂਬਰ ਨੂੰ ਸਵੇਰੇ ਪੰਜ ਵਜੇ ਪੁਲਿਸ ਦੀਆਂ ਗੱਡੀਆਂ ਪੂਨੇ ਵਿੱਚ ਗੁਰਦੁਆਰਾ ਸਾਹਿਬ ਪੁੱਜੀਆਂ ਜਿੱਥੇ ਕਿ ਦੋਹਾਂ ਪਰਿਵਾਰਾਂ ਦੇ ਮੈਂਬਰ ਰੁਕੇ ਹੋਏ ਸਨ। ਉਹਨਾਂ ਨੂੰ ਨਾਲ਼ ਲੈ ਕੇ ਪੂਨੇ ਦੇ ਬਾਹਰਵਾਰ ਇੱਕ ਥਾਣੇ ਵਿੱਚ ਜਾ ਖੜ੍ਹੀਆਂ ਹੋਈਆਂ। ਦੋਹਾਂ ਪਰਿਵਾਰਾਂ ਦੇ ਮੈਂਬਰ "ਸਤਿਨਾਮ ਵਾਹਿਗੁਰੂ"ਦਾ ਜਾਪ ਕਰ ਰਹੇ ਸਨ। ਇਸ ਥਾਣੇ ਦੇ ਚਾਰ-ਚੁਫੇਰੇ ਹਜ਼ਾਰਾਂ ਦੀ ਤਾਦਾਦ ਵਿੱਚ ਪੁਲਿਸ ਕਰਮਚਾਰੀ ਖੜ੍ਹੇ ਸਨ, ਜਿੱਥੇ ਉੱਤਰ ਕੇ ਦੋਹਾਂ ਵੀਰਾਂ ਨੇ ਇੱਛਾ ਮੁਤਾਬਿਕ ਕਿ ਉਹਨਾਂ ਦੀ ਸ਼ਹਾਦਤ ਪਿੱਛੋਂ ਕੋਈ ਵੀ ਪਰਿਵਾਰ ਦਾ ਜੀਅ ਉਦਾਸ ਨਾ ਹੋਏ, ਸਗੋਂ ਵਾਹਿਗੁਰੂ ਦੇ ਭਾਣੇ ਨੂੰ ਖਿੜੇ ਮੱਥੇ ਸਵੀਕਾਰ ਕਰੇ, ਪਰਿਵਾਰਾਂ ਵੱਲੋਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਗਈਆਂ। ਪਰਿਵਾਰਾਂ ਕੋਲ ਅੰਤਿਮ-ਸੰਸਕਾਰ ਲਈ ਸਮੱਗਰੀ ਬਸਤਰ ਆਦਿ ਜੋ ਵੀ ਸੀ, ਨੂੰ ਪੁਲਿਸ ਨੇ ਲੈਣਾ ਚਾਹਿਆ ਪਰ ਪਰਿਵਾਰਕ ਮੈਂਬਰਾਂ ਦੇ ਤਕੜੇ ਵਿਰੋਧ ਕਰਕੇ ਇਹ ਸਭ ਕੁਝ ਉਹਨਾਂ ਕੋਲ ਰਹਿਣ ਦਿੱਤਾ ਗਿਆ।

ਇਸ ਥਾਣੇ ਵਿੱਚ ਇਹਨਾਂ ਮੈਂਬਰਾਂ ਨੂੰ ਇੱਕ ਗੱਡੀ ਰਾਹੀਂ ਨਦੀ ਦੇ ਕੰਢੇ ਉੱਤੇ ਗੰਨੇ ਦੇ ਉਸ ਖੇਤ ਵਿੱਚ ਲਿਜਾਇਆ ਗਿਆ ਜਿੱਥੇ ਇਹਨਾਂ ਵੀਰਾਂ ਦੇ ਅੰਤਿਮ-ਸੰਸਕਾਰ ਲਈ ਸਾਰਾ ਪ੍ਰਬੰਧ ਮੁਕੰਮਲ ਕੀਤਾ ਹੋਇਆ ਸੀ। ਇਸ ਗੰਨੇ ਦੇ ਖੇਤ ਦਾ ਕੁਝ ਹਿੱਸਾ ਕੱਟ ਕੇ ਸਾਫ ਕੀਤਾ ਹੋਇਆ ਸੀ ਅਤੇ ਇਸ ਖੇਤ ਨੂੰ ਜਾਣ ਵਾਲ਼ਾ ਰਸਤਾ ਵੀ ਮਿੱਟੀ ਆਦਿ ਪਾ ਕੇ ਨਵਾਂ ਬਣਾਇਆ ਪ੍ਰਤੀਤ ਹੁੰਦਾ ਸੀ। ਇਸ ਮੌਕੇ ਦੋਹਾਂ ਪਰਿਵਾਰਾਂ ਦੇ ਨਾਲ਼ ਜੰਮੂ ਤੋਂ ਆਈਆਂ ਤਿੰਨ ਬੀਬੀਆਂ ਵੀ ਉਹਨਾਂ ਦੇ ਨਾਲ਼ ਸਨ ਜੋ ਸ਼ਬਦ ਗਾਇਨ ਕਰ ਰਹੀਆਂ ਸਨ ਅਤੇ ਇਹਨਾਂ ਵੀਰਾਂ ਦੇ ਅੰਤਿਮ-ਦਰਸ਼ਨ ਕਰਨ ਲਈ ਇਹਨਾਂ ਪਰਿਵਾਰਾਂ ਦੇ ਨਾਲ਼-ਨਾਲ਼ ਸਨ।

ਮੂਲਾ ਨਦੀ ਦੇ ਕਿਨਾਰੇ 'ਤੇ ਬਣੀ ਇਸ ਜਗ੍ਹਾ ਨੇੜੇ ਖੜ੍ਹੀ ਇੱਕ ਗੱਡੀ ਵਿੱਚ ਦੋਹਾਂ ਵੀਰਾਂ ਦੀਆਂ ਦੇਹਾਂ ਚਿੱਟੀਆਂ ਚਾਦਰਾਂ ਵਿੱਚ ਲਪੇਟੀਆਂ ਪਈਆਂ ਸਨ। ਦੋਹਾਂ ਵੀਰਾਂ ਨੇ ਕੇਸਰੀ ਦਸਤਾਰਾਂ, ਚਿੱਟੇ ਚੋਲ਼ੇ ਤੇ ਕੇਸਰੀ ਕਮਰਕੱਸੇ ਸਜਾਏ ਹੋਏ ਸਨ ਅਤੇ ਉਹਨਾਂ ਦੇ ਚਿਹਰੇ ਉੱਤੇ ਜਲਾਲ ਪ੍ਰਤੱਖ ਦਿਖਾਈ ਦੇ ਰਿਹਾ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਅੰਤਿਮ-ਦਰਸ਼ਨ ਕਰਾਉਣ ਪਿੱਛੋਂ ਕਿਹਾ ਕਿ ਇਹਨਾਂ ਦੀਆਂ ਅੰਤਿਮ-ਰਸਮਾਂ ਪੁਲਿਸ ਖੁਦ ਪੂਰੀਆਂ ਕਰੇਗੀ, ਪਰ ਪਰਿਵਾਰ ਦੇ ਰੋਹ ਭਰੇ ਵਿਰੋਧ ਅੱਗੇ ਪੁਲਿਸ ਅਧਿਕਾਰੀਆਂ ਨੂੰ ਝੁਕਣਾ ਪਿਆ ਅਤੇ ਦੋਹਾਂ ਪਰਿਵਾਰਾਂ ਨੂੰ ਇਸ਼ਨਾਨ ਕਰਾਉਣ ਅਤੇ ਭਾਈ ਜਿੰਦਾ ਦੇ ਪਿਤਾ ਭਾਈ ਗੁਲਜ਼ਾਰ ਸਿੰਘ ਅਤੇ ਭਾਈ ਸੁੱਖਾ ਦੇ ਪਿਤਾ ਭਾਈ ਮਹਿੰਗਾ ਸਿੰਘ ਨੂੰ ਉਹਨਾਂ ਦੋਹਾਂ ਦੀਆਂ ਚਿਤਾਵਾਂ ਨੂੰ ਅੱਗ ਦਿਖਾਉਣ ਦੀ ਆਗਿਆ ਮਿਲ਼ ਗਈ। ਚਿਤਾਵਾਂ ਨੂੰ ਅੱਗ ਦਿਖਾਏ ਜਾਣ ਪਿੱਛੋਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਇੱਕ ਗੱਡੀ ਵਿੱਚ ਬਿਠਾ ਕੇ ਫਿਰ ਪੂਨੇ ਦੇ ਗੁਰਦੁਆਰਾ ਸਿੰਘ ਸਭਾ ਗਣੇਸ਼ ਪੁਰੀ ਲਿਆਂਦਾ ਗਿਆ।

ਦੋਹਾਂ ਪਰਿਵਾਰਾਂ ਵੱਲੋਂ ਅਸਥੀਆਂ ਦੀ ਮੰਗ ਕੀਤੀ ਗਈ, ਪਰ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਪਾਸੋਂ ਅਸਥੀਆਂ ਮੰਗਣ ਲਈ ਕਿਹਾ। ਜੇਲ੍ਹ ਅਧਿਕਾਰੀਆਂ ਤੇ ਪੁਲਿਸ ਪਾਸੋਂ ਅਸਥੀਆਂ ਨਾ ਮਿਲ਼ਣ ਤੋਂ ਬਾਅਦ ਅਦਾਲਤ ਦਾ ਦਰਵਾਜ਼ਾ ਵੀ ਇਹਨਾਂ ਦੀਆਂ ਅਸਥੀਆਂ ਲੈਣ ਲਈ ਖੜਕਾਉਣਾ ਪਿਆ। ਪਰ ਅਦਾਲਤ ਨੇ ਵੀ ਇਹ ਫ਼ੈਸਲਾ ਦਿੱਤਾ ਕਿ ਅਸਥੀਆਂ ਜੇਲ੍ਹ ਅਧਿਕਾਰੀਆਂ ਦੀ ਮਰਜ਼ੀ ਨਾਲ਼ ਹੀ ਮਿਲ਼ ਸਕਦੀਆਂ ਹਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਅਸਥੀਆਂ ਉਹਨਾਂ ਨੂੰ ਨਹੀਂ ਦਿੱਤੀਆਂ ਗਈਆਂ।


ਇਸ ਪਿੱਛੋਂ ਕੁਝ ਪਰਿਵਾਰਕ ਮੈਂਬਰਾਂ ਨੇ ਇਹਨਾਂ ਦੋਹਾਂ ਵੀਰਾਂ ਨਾਲ਼ ਨਜ਼ਰਬੰਦ ਭਾਈ ਨਿਰਮਲ ਸਿੰਘ ਨਿੰਮਾ ਜਿਸਦਾ ਪਿੰਡ ਵੀ ਭਾਈ ਜਿੰਦੇ ਵਾਲ਼ਾ ਗਦਲੀ ਹੀ ਹੈ, ਨਾਲ਼ ਮੁਲਾਕਾਤ ਵੀ ਕੀਤੀ। ਉਸ ਨੇ ਦੱਸਿਆ ਕਿ ਦੋਹਾਂ ਵੀਰਾਂ ਨੇ ਉਸ ਦਿਨ ਸਵੇਰੇ ਉਸ ਦੇ ਕਮਰੇ ਅੱਗਿਓਂ ਲੰਘਣ ਲੱਗਿਆਂ ਜੈਕਾਰੇ ਗਜਾਏ ਅਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਚੜ੍ਹਦੀ-ਕਲਾ ਵਿੱਚ ਹਨ। ਜਦੋਂ ਭਾਈ ਜਿੰਦਾ ਅਤੇ ਭਾਈ ਸੁੱਖਾ ਦੇ ਜੈਕਾਰਿਆਂ ਦੀ ਅਵਾਜ਼ ਆਉਂਦੀ ਰਹੀ ਉਹ ਜਵਾਬ ਵਿੱਚ ਜੈਕਾਰੇ ਗਜਾਉਂਦਾ ਰਿਹਾ। ਆਖਰੀ ਵੇਲ਼ੇ ਭਾਈ ਨਿੰਮਾ ਅਨੁਸਾਰ ਫਾਂਸੀ ਦੇ ਫੰਦੇ ਗਲ਼ ਵਿੱਚ ਪੈਣ ਤੋਂ ਪਹਿਲਾਂ ਭਾਈ ਜਿੰਦਾ ਨੇ ਉੱਚੀ ਅਵਾਜ਼ ਵਿੱਚ ਕਿਹਾ ਕਿ "ਵੀਰ ਸੁੱਖਿਆ ਫ਼ਤਹਿ ਗਜਾ।" ਇਸ ਤੋਂ ਬਾਅਦ ਜੈਕਾਰਿਆਂ ਦੀ ਅਵਾਜ਼ ਆਈ......।

ਪੁਸਤਕ 'ਅਸੀਂ ਅੱਤਵਾਦੀ ਨਹੀਂ' (ਪੰਨਾ 143)

160 ਪੰਨਿਆਂ ਦੀ ਇਸ ਕਿਤਾਬ ਦੀ ਭੇਟਾ 140 ਰੁਪਏ ਹੈ। ਇਹ ਕਿਤਾਬ ਹਰ ਸਿੱਖ ਲਈ ਪੜ੍ਹਨੀ ਜ਼ਰੂਰੀ ਹੈ। ਕਿਤਾਬ ਮੰਗਵਾਉਣ ਲਈ ਤੁਸੀਂ ਹੇਠਾਂ ਕੁਮੈਂਟ ਵਿੱਚ ਆਪਣਾ ਐਡਰੈਸ ਅਤੇ ਫ਼ੋਨ ਨੰਬਰ ਜਾਂ ਸਿਰਫ਼ ਫ਼ੋਨ ਨੰਬਰ ਵੀ ਲਿਖ ਸਕਦੇ ਹੋ। ਡਾਕੀਆ ਤੁਹਾਨੂੰ ਤੁਹਾਡੇ ਘਰ ਕਿਤਾਬ ਪਹੁੰਚਾ ਕੇ ਕਿਤਾਬ ਦੀ ਕੀਮਤ ਲੈ ਜਾਵੇਗਾ।

ਕਿਤਾਬ ਮੰਗਵਾਉਣ ਲਈ ਤੁਸੀਂ ਹੇਠਾਂ ਲਿਖੇ ਵਟਸਐਪ ਨੰਬਰਾਂ ਤੇ ਆਪਣਾ ਐਡਰੈਸ ਤੇ ਫ਼ੋਨ ਨੰਬਰ ਭੇਜ ਸਕਦੇ ਹੋ, ਜਾਂ ਸਵੇਰੇ 9.30 ਤੋਂ ਸ਼ਾਮ 5.00 ਵਜੇ ਤਕ ਫੋਨ ਕਰ ਸਕਦੇ ਹੋ।

ਬਲਜੀਤ ਸਿੰਘ ਖ਼ਾਲਸਾ

ਮੁੱਖ ਸੰਪਾਦਕ 'ਵੰਗਾਰ'

98558-31284

97775-34056

84371-06685

Commentaires


bottom of page