top of page

ਜੋ ਤੁਹਾਡੇ ਨਾਲ ਸਹਿਮਤੀ ਪ੍ਰਗਟ ਨਾ ਕਰੇ, ਉਸ ਨੂੰ ਗੱਦਾਰ ਕਰਾਰ ਦੇ ਦਿਓ - ਭਾਈ ਗਜਿੰਦਰ ਸਿੰਘ ਦਲ ਖਾਲਸਾ

ਕੋਟ ਲੱਖਪਤ ਜੇਲ੍ਹ ਦੀ ਕੈਦ ਦੌਰਾਨ 1988 ਦਾ ਲਿਖਿਆ, ਤੇ ਉਦੋਂ ਛਪਿਆ ਲੇਖ, 'ਸਿੱਖ ਤਹਿਰੀਕ ਅਤੇ ਤੀਜੀ ਧਿਰ' ਸਾਂਝਾ ਕਰਦਾ ਹਾਂ ।

ਲੰਮਾ ਲੇਖ ਹੈ, ਪਰ ਸਿੱਖ ਸੰਘਰਸ਼ ਦੇ ਉਸ ਦੌਰ ਨੂੰ ਸਮਝਣ ਦੀ ਇੱਛਾ ਰੱਖਣ ਵਾਲੇ ਦੋਸਤਾਂ ਦੇ ਪੜ੍ਹਨ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ ।

ਇੱਕ ਗੱਲ ਹੋਰ, ਉਸ ਵੇਲੇ ਕੀਤੀਆਂ ਗੱਲਾਂ ਅੱਜ ਕਿੰਨੀਆਂ ਸੱਚ ਸਾਬਿਤ ਹੋ ਰਹੀਆਂ ਹਨ , ਇਹ ਵੀ ਇਸ ਲੇਖ ਨੂੰ ਪੜ੍ਹ ਕੇ ਦੇਖਿਆ ਤੇ ਸਮਝਿਆ ਜਾ ਸਕਦਾ ਹੈ ।


ਗਜਿੰਦਰ ਸਿੰਘ, ਦਲ ਖਾਲਸਾ ।

23.11. 2020


ਸਿਖ ਤਹਿਰੀਕ ਅਤੇ ਤੀਜੀ ਧਿਰ

/ ਗਜਿੰਦਰ ਸਿੰਘ, ਦਲ ਖ਼ਾਲਸਾ


ਅੱਜ ਸਿੱਖ ਤਹਿਰੀਕ ਵਿਚ 'ਤੀਜੀ ਧਿਰ' ਦੇ ਰੋਲ ਦੀ ਬਹੁਤ ਚਰਚਾ ਹੈ । ਜਥੇਬੰਦੀਆਂ ਵਿਚ ਵਿਚਾਰਕ ਮਤਭੇਦਾਂ ਤੋਂ ਲੈ ਕੇ ਇਕ ਦੂਜੇ ਦੀਆਂ ਪੱਗਾ ਉਛਾਲਣ ਤੱਕ, ਅੱਜ ਅਸੀਂ ਹਰ ਗੱਲ ਲਈ 'ਤੀਜੀ ਧਿਰ' ਨੂੰ ਦੋਸ਼ੀ ਕਰਾਰ ਦੇ ਰਹੇ ਹਾਂ । 'ਤੀਜੀ ਧਿਰ' ਤੋਂ ਸਾਡੀ ਮੁਰਾਦ ਹਿੰਦ ਸਰਕਾਰ ਦੀਆਂ ਖੁਫੀਆਂ ਏਜੰਸੀਆਂ ਹੁੰਦੀਆਂ ਹਨ ਜਿਹਨਾਂ ਦੇ ਏਜੰਟ ਵੱਖ ਵੱਖ ਸਿੱਖ ਜਥੇਬੰਦੀਆਂ ਵਿਚ ਦਾਖਲ ਹੋ ਕੇ ਆਪਣੇ ਹਥਕੰਡਿਆਂ ਨਾਲ ਸਿੱਖ ਤਹਿਰੀਕ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ । ਇਹਦੇ ਵਿਚ ਤਾਂ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਹਿੰਦ ਸਰਕਾਰ ਦੀਆਂ ਖੁਫੀਆਂ ਏਜੰਸੀਆਂ ਪੂਰੀ ਤਰ੍ਹਾਂ ਸਰਗਰਮ ਹਨ ਪਰ ਇਹ ਕੋਈ ਨਵੀਂ ਜਾਂ ਵੱਖਰੀ ਗੱਲ ਤਾਂ ਨਹੀਂ ਜਿਸ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ । ਦੁਨੀਆਂ ਦਾ ਕਿਹੜਾ ਮੁਲਕ ਹੈ ਜਾਂ ਕਿਹੜੀ ਹਕੂਮਤ ਹੈ, ਜਾਂ ਪਹਿਲਾਂ ਹੋਈ ਹੈ, ਜਿਹੜੀ ਆਪਣੇ ਮੁਖਾਲਫ਼ਾਂ ਨੂੰ ਕੁਚਲਣ ਲਈ ਇਸ ਹਥਕੰਡੇ ਦਾ ਇਸਤੇਮਾਲ ਨਹੀਂ ਕਰਦੀ ਰਹੀ ਜਾਂ ਕਰ ਰਹੀ । ਹਾਂ, ਸਾਡੇ ਮਸਲੇ ਵਿਚ ਕੋਈ ਫਰਕ ਹੈ ਤਾਂ ਇਹ ਕਿ ਸਾਡਾ ਦੁਸ਼ਮਣ ਆਪਣੇ ਵਿਰਸੇ ਵਿਚੋਂ ਮਿਲੀ ਚਾਣਕੀਆ ਨੀਤੀ ਜਿਹੀ ਸੂਝਬੂਝ ਲੈ ਕੇ ਉਸ ਨੂੰ ਆਧੁਨਿਕ ਢੰਗਾਂ ਨਾਲ ਵਰਤ ਰਿਹਾ ਹੈ ਅਤੇ ਅਸੀਂ ਆਪਣੇ ਵਿਰਸੇ ਵਿਚੋਂ ਮਿਲੀ ਹੋਈ ਸਾਦਗੀ ਨੂੰ ਮੂਰਖਤਾ ਵਿਚ ਬਦਲ ਕੇ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਹਾਂ । ਪੁਰਾਤਨ ਬੋਲਿਆਂ ਦਾ ਸਹਾਰਾ ਲੈ ਕੇ ਇਹ ਕਹਿ ਦੇਣਾ ਕਿ 'ਅਖੀਰ ਜਿੱਤ ਸਾਡੀ ਹੋਵੇਗੀ' ਬਹੁਤ ਆਸਾਨ ਅਤੇ ਜਜ਼ਬਾਤੀ ਜਿਹਾ ਅਮਲ ਹੈ, ਪਰ ਜਿੱਤ ਵੱਲ ਇਕ ਵੀ ਹਕੀਕੀ ਕਦਮ ਪੁੱਟਣ ਲਈ ਅਠਾਰਵੀਂ ਸਦੀ ਦੇ ਹਥਿਆਰ ਅਤੇ ਤੌਰ ਤਰੀਕੇ ਕੰਮ ਨਹੀਂ ਆ ਸਕਦੇ, ਪਰ ਹੋ ਕੁਝ ਇੰਜ ਹੀ ਰਿਹਾ ਹੈ । ਇਥੇ ਇਹ ਮਤਲਬ ਨਹੀਂ ਕੱਢ ਲੈਣਾ ਕਿ ਮੈਂ ਵਿਰਸੇ ਨਾਲੋਂ ਟੁਟਣ ਲਈ ਕਹਿ ਰਿਹਾ ਹਾਂ, ਵਿਰਸੇ ਨਾਲ ਜੁੜੇ ਰਹਿ ਕੇ ਉਸ ਤੋਂ ਸੇਧ ਲਈਦੀ ਹੈ ਪਰ ਤੁਰਨਾ ਵਕਤ ਦੀ ਤੋਰ ਨਾਲ ਚਾਹੀਦਾ ਹੈ । 'ਤੀਜੀ ਧਿਰ' ਨੂੰ ਸਫਲਤਾ ਉਸ ਵੇਲੇ ਮਿਲਦੀ ਹੈ ਜਦੋਂ ਅਸੀਂ ਉਸ ਦੇ ਹੱਥਾਂ ਵਿਚ ਖੇਡਣ ਲਈ ਤਿਆਰ ਹੁੰਦੇ ਹਾਂ, ਉਸ ਦੀ ਸਫਲਤਾ ਦਾ ਕਾਰਨ ਸਾਡੀਆਂ ਕਮਜ਼ੋਰੀਆਂ ਹੀ ਹੁੰਦੀਆਂ ਹਨ ਅਤੇ ਸਾਡੀਆਂ ਅਸਫਲਤਾਵਾਂ ਦਾ ਮੁੱਖ ਕਾਰਨ ਵੀ ਸਾਡੀਆਂ ਕਮਜ਼ੋਰੀਆਂ ਹੀ ਬਣਦੀਆਂ ਹਨ । ਅੱਜ ਅਕਾਲ ਤਖਤ ਸਾਹਿਬ ਦੀ ਜੱਥੇਦਾਰੀ ਤੋਂ ਲੈ ਕੇ ਪੰਥ ਦੀ ਰਹਿਤ ਮਰਯਾਦਾ ਤੱਕ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਸਾਊਥਾਲ ਦੇ ਗੁਰਦਵਾਰੇ ਤੱਕ, ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਹਰ ਖਾਲਿਸਤਾਨੀ ਜਥੇਬੰਦੀ ਤੱਕ ਜੇ ਮੱਤਭੇਦਾਂ ਅਤੇ ਫੁੱਟ ਦਾ ਸ਼ਿਕਾਰ ਹੈ ਅਤੇ ਨਿੱਤ ਨਵੀਆਂ ਵੰਡੀਆਂ ਦੀਆਂ ਦੀਵਾਰਾਂ ਉਸਰ ਰਹੀਆਂ ਹਨ, ਤਾਂ ਇਸ ਦਾ ਪਹਿਲਾ ਦੋਸ਼ ਸਾਡੀਆਂ ਨਾ-ਸਮਝੀਆਂ, ਕਮਜ਼ੋਰੀਆਂ ਅਤੇ ਖੁਦਗਰਜ਼ੀਆਂ ਹਨ, 'ਤੀਜੀ ਧਿਰ' ਬਾਦ ਵਿਚ ਦੋਸ਼ੀ ਹੈ ।


ਸਿੱਖ ਸਿਆਸਤ ਦਾ ਜੇ ਵਿਸ਼ਲੇਸ਼ਣ ਕਰੀਏ ਤਾਂ ਇਸ ਵਿਚ ਮੁੱਖ ਤੌਰ ਤੇ ਤਿੰਨ ਧਾਰਾਵਾਂ ਦਿਖਾਈ ਦੇਣਗੀਆਂ, ਪਹਿਲੀ ਧਾਰਾ ਹਿੰਦੁਸਤਾਨ ਦੀ ਮੁੱਖ ਰਾਸ਼ਟਰੀ ਧਾਰਾ ਨਾਲ ਇਕ ਮਿਕ ਰਹਿ ਕੇ ਕੁਝ ਨਿੱਕੇ ਮੋਟੇ ਹੱਕਾਂ ਤੱਕ ਸੀਮਤ ਰਹਿਣ ਵਾਲੇ ਲੋਕਾਂ ਦੀ ਹੈ, ਦੂਜੀ ਧਾਰਾ ਸਿੱਖਾਂ ਨੂੰ ਇਕ ਵੱਖਰੀ ਕੌਮ ਮੰਨਦੀ ਹੈ ਪਰ ਹਿੰਦੁਸਤਾਨ ਦੇ ਸਰਹੱਦੀ ਢਾਂਚੇ ਵਿਚ ਹੀ ਵੱਖਰੇ ਘਰ ਦੀ ਗੱਲ ਕਰਦੀ ਹੈ ਅਤੇ ਤੀਜੀ ਧਿਰ ਉਹ ਹੈ ਜੋ ਹਿੰਦੁਸਤਾਨ ਤੋਂ ਬਿਲਕੁਲ ਵਖਰੇ ਪੂਰਨ ਪ੍ਰਭੂਸੱਤਾ ਸੰਪਨ ਖਾਲਿਸਤਾਨ ਲਈ ਲੜਾਈ ਲੜ ਰਹੀ ਹੈ । ਸਿੱਖ ਸਿਆਸਤ ਦੀ ਪਹਿਲੀ ਧਾਰਾ ਦਾ ਅੱਜ ਦੇ ਸਿੱਖ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ ਅਤੇ ਜੇ ਕੋਈ ਸਬੰਧ ਹੈ ਤਾਂ ਉਹ ਇਕ ਵਿਰੋਧੀ ਦੇ ਰੂਪ ਵਿਚ ਹੀ ਹੈ । ਮੌਜੂਦਾ ਸਿੱਖ ਸੰਘਰਸ਼ ਦਾ ਸਬੰਧ ਸਿੱਖ ਸਿਆਸਤ ਦੀ ਦੂਜੀ ਅਤੇ ਤੀਜੀ ਧਿਰ ਨਾਲ ਹੈ, ਜੂਨ 1984 ਤੱਕ ਇਸ ਸੰਘਰਸ਼ ਦੀ ਅਗਵਾਈ ਦੂਜੀ ਧਾਰਾ ਯਾਨੀ ਆਨੰਦਪੁਰ ਸਾਹਿਬ ਦੇ ਮਤੇ ਦੇ ਹਾਮੀਆਂ ਕੋਲ ਸੀ, ਅਤੇ ਜੂਨ 1984 ਤੋਂ ਬਾਦ ਇਸ ਸੰਘਰਸ਼ ਦੀ ਅਗਵਾਈ ਤੀਜੀ ਧਾਰਾ ਅਥਵਾ ਖਾਲਿਸਤਾਨ ਦੇ ਹਾਮੀ ਕਰ ਰਹੇ ਹਨ । ਇਹਨਾਂ ਦੋਹਾਂ ਧਾਰਾਵਾਂ ਦਾ ਆਪਸ ਵਿਚ ਬਹੁਤ ਨੇੜੇ ਦਾ ਸਬੰਧ ਰਿਹਾ ਹੈ, ਦੋਹੀਂ ਪਾਸੀਂ ਤੁਹਾਨੂੰ ਐਸੇ ਕਈ ਸੱਜਣ ਮਿਲਣਗੇ ਜਿਹੜੇ ਇਧਰੋਂ ਉਧਰ ਅਤੇ ਉਧਰੋਂ ਇਧਰ ਆਂਦੇ ਜਾਂਦੇ ਰਹੇ ਹਨ ਅਤੇ ਆਂਦੇ ਜਾਂਦੇ ਰਹਿੰਦੇ ਹਨ । ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਭਾਰਤੀ ਫੌਜ ਦੇ ਹਮਲੇ ਤੋਂ ਪਹਿਲਾਂ ਤੱਕ ਸਿੱਖ ਸਿਆਸਤ ਦੀ ਦੂਜੀ ਅਤੇ ਤੀਜੀ ਧਾਰਾ ਵਿਚ ਮਤਭੇਦ ਤਾਂ ਸਨ ਪਰ ਆਹਮੋ ਸਾਹਮਣਾ ਟਕਰਾਓ ਨਹੀਂ ਸੀ, ਮਤਭੇਦਾਂ ਦੇ ਬਾਵਜੂਦ ਦੋਹਾਂ ਦਾ ਨਿਸ਼ਾਨਾ ਦਿੱਲੀ ਹੀ ਰਹੀ ਹੈ । ਸ੍ਰੀ ਦਰਬਾਰ ਸਾਹਿਬ ਉਤੇ ਭਾਰਤੀ ਫੌਜਾਂ ਦੇ ਹਮਲੇ ਦੌਰਾਨ ਦੂਜੀ ਧਾਰਾ ਦੀ ਅਗਵਾਈ ਕਰਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਕਮਜ਼ੋਰ ਅਤੇ ਸ਼ੰਕਿਤ ਰੋਲ ਕਾਰਨ ਸਿੱਖ ਅਵਾਮ ਦੀ ਇਕ ਵੱਡੀ ਗਿਣਤੀ ਦਾ ਵਿਸ਼ਵਾਸ਼ ਇਸ ਤੋਂ ਉਠ ਗਿਆ ਹੈ । ਇਸ ਜਮਾਤ ਵਲੋਂ ਦਿੱਲੀ ਸਰਕਾਰ ਨਾਲ ਸਮਝੌਤਾ ਕੀਤਾ ਜਾਣਾ ਅਤੇ ਸਮਝੌਤਾ ਕਰਨ ਵਾਲੇ ਆਗੂ ਤੇ ਸਮਝੌਤੇ ਦਾ ਜੋ ਹਸ਼ਰ ਹੋਇਆ ਹੈ, ਉਸ ਤੋਂ ਬਾਦ ਇਹ ਜਮਾਤ ਪੂਰੀ ਤਰ੍ਹਾਂ ਬਿਖਰ ਕੇ ਰਹਿ ਗਈ ਹੈ ਅਤੇ ਇਹ ਸਿੱਖ ਅਵਾਮ ਦੇ ਰੋਹ ਭਰੇ ਜਜ਼ਬਿਆਂ ਦੀ ਅਗਵਾਈ ਕਰਨ ਦੀ ਸਮਰਥਾ ਗਵਾ ਬੈਠੀ ਲਗਦੀ ਹੈ । ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋ: ਦਰਸ਼ਨ ਸਿੰਘ ਹੁਰਾਂ ਵਲੋਂ ਇਸ ਜਮਾਤ ਵਿਚ ਏਕਤਾ ਦੇ ਯਤਨ ਵੀ ਇਸ ਦੇ ਆਗੂਆਂ ਦੀਆਂ ਖੁਦਗਰਜ਼ੀਆਂ ਕਾਰਨ ਅਸਫਲ ਹੋ ਕੇ ਰਹਿ ਗਏ ਲਗਦੇ ਹਨ ।

ਜੂਨ 1984 ਤੋਂ ਬਾਦ ਸਿੱਖ ਸੰਘਰਸ਼ ਦੀ ਅਗਵਾਈ ਸਮੂਹਕ ਰੂਪ ਵਿਚ ਭਾਵੇਂ ਸਿੱਖ ਸਿਆਸਤ ਦੀ ਤੀਜੀ ਧਾਰਾ ਯਾਨੀ ਖਾਲਿਸਤਾਨੀਆਂ ਦੇ ਹੱਥ ਵਿਚ ਹੈ ਪਰ ਇਹ ਧਾਰਾ ਕਈ ਜਥੇਬੰਦੀਆਂ ਵਿਚ ਵੰਡੀ ਹੋਈ ਹੈ ਅਤੇ ਅੱਗੋਂ ਹਰ ਜਥੇਬੰਦੀ ਕਈ ਗੁੱਟਾਂ ਵਿਚ ਵੰਡੀ ਹੋਈ ਹੈ । ਇਸ ਧਾਰਾ ਦੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ, ਫੈਡਰੇਸ਼ਨ, ਬੱਬਰ ਖਾਲਸਾ ਅਤੇ ਦਲ ਖਾਲਸਾ, ਦੋ ਜਾਂ ਦੋ ਤੋਂ ਵੀ ਵਧੇਰੇ ਗੁੱਟਾਂ ਵਿਚ ਵੰਡੀਆਂ ਹੋਈਆਂ ਹਨ ਅਤੇ ਇਹਨਾਂ ਵੰਡੀਆਂ ਕਰਕੇ ਹੀ ਖਾਲਿਸਤਾਨ ਲਹਿਰ ਜਥੇਬੰਦਕ ਤੌਰ ਤੇ ਅਕਾਲੀ ਦਲ ਦਾ ਬਦਲ ਪੇਸ਼ ਨਹੀਂ ਕਰ ਸਕੀ । ਦਮਦਮੀ ਟਕਸਾਲ ਦੇ ਸਿੰਘਾਂ ਵਲੋਂ ਗਠਤ 'ਪੰਥਕ ਕਮੇਟੀ' ਨੇ ਜੁਝਾਰੂ ਸਿਖ ਜਥੇਬੰਦੀਆਂ ਦੀ ਨੁਮਾਇੰਦਗੀ ਦਾ ਹੱਕ ਹਾਸਿਲ ਕਰਕੇ ਅਕਾਲੀ ਦਲ ਦਾ ਬਦਲ ਬਣਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਉਸ ਨੂੰ ਸਫਲਤਾ ਨਹੀਂ ਮਿਲ ਸਕੀ ਅਤੇ ਅੱਜ ਉਹ ਖੁਦ ਹੀ ਜੁਝਾਰੂ ਸਿੱਖ ਸਿਆਸਤ ਦਾ ਇਕ ਧੜਾ ਬਣ ਕੇ ਰਹਿ ਗਈ ਹੈ । ਅੱਜ ਖਾਲਿਸਤਾਨ ਦੀ ਆਜ਼ਾਦੀ ਲਈ ਲੜੇ ਜਾ ਰਹੇ ਹਥਿਆਰਬੰਦ ਸੰਘਰਸ਼ ਵਿਚ ਤਿੰਨ ਨਾਮ ਉਭਰਵੇਂ ਹਨ, 'ਖਾਲਿਸਤਾਨ ਕਮਾਂਡੋ ਫੋਰਸ', ਖ਼ਾਲਸਿਤਾਨ ਲਿਬਰੇਸ਼ਨ ਫੋਰਸ, ਅਤੇ 'ਬੱਬਰ ਖਾਲਸਾ' ਜਿਸ ਦੀ ਅਗਵਾਈ ਜਥੇਦਾਰ ਸੁਖਦੇਵ ਸਿੰਘ ਬੱਬਰ ਕਰ ਰਹੇ ਹਨ । ਕੁਝ ਚਿਰ ਪਹਿਲਾਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਪੰਥਕ ਕਮੇਟੀ ਤੋਂ ਵੱਖ ਹੋ ਕੇ ਆਪਣੀ ਵੱਖਰੀ ਜਥੇਬੰਦੀ 'ਭਿੰਡਰਾਂਵਾਲਾ ਟਾਈਗਰ ਫੋਰਸ' ਖੜੀ ਕੀਤੀ ਸੀ ਜੋ ਹੁਣ ਉਹਨਾਂ ਦੇ ਦੁਬਾਰਾ ਪੰਥਕ ਕਮੇਟੀ ਵਿਚ ਸ਼ਾਮਲ ਹੋ ਜਾਣ ਨਾਲ ਪੰਥਕ ਕਮੇਟੀ ਦਾ ਹੀ ਇਕ ਹਿੱਸਾ ਬਣ ਗਈ ਹੈ । ਹਅਿਥਾਰਬੰਦ ਸੰਘਰਸ਼ ਕਰ ਰਹੀਆਂ ਤਿੰਨ ਉਭਰਵੇਂ ਨਾਵਾਂ ਵਾਲੀਆਂ ਇਹਨਾਂ ਜਥੇਬੰਦੀਆਂ ਤੋਂ ਇਲਾਵਾ ਪਾਬੰਦੀ ਸ਼ੁਦਾ 'ਦਲ ਖਾਲਸਾ' ਅਤੇ 'ਨੈਸ਼ਨਲ ਕੌਂਸਲ ਆਫ ਖਾਲਿਸਤਾਨ' ਅਤੇ ਨਵੀਂ ਵਜੂਦ ਵਿਚ ਆਈ 'ਵਰਲਡ ਸਿੱਖ ਆਰਗੇਨਾਈਜ਼ੇਸ਼ਨ' ਵੀ ਆਪਣਾ ਆਪਣਾ ਪ੍ਰਭਾਂਵ ਰੱਖਦੀਆਂ ਹਨ, ਵਿਦੇਸ਼ਾਂ ਵਿਚ I.S.Y.F. ਦੇ ਵੀ ਦੋ ਧੜੇ ਸਰਗਰਮ ਹਨ ਜੋ ਪੰਜਾਬ ਵਿਚ ਸੰਘਰਸ਼-ਸ਼ੀਲ ਫੈਡਰੇਸ਼ਨ ਦੇ ਦੋ ਧੜਿਆਂ ਨਾਲ ਹੀ ਸਬੰਧ ਰੱਖਦੇ ਹਨ ਅਤੇ ਇਹਨਾਂ ਤੋਂ ਇਲਾਵਾ ਵੀ ਵਿਦੇਸ਼ਾਂ ਵਿਚ ਕਈ ਛੋਟੀਆਂ ਵੱਡੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਖਾਲਿਸਤਾਨ ਲਹਿਰ ਵਿਚ ਆਪਣਾ ਹਿੱਸਾ ਪਾ ਰਹੀਆਂ ਹਨ । ਭਾਵੇਂ ਸੰਘਰਸ਼ ਦੀ ਸਹੀ ਅਗਵਾਈ ਪੰਜਾਬ ਵਿਚ ਹਥਿਆਰਬੰਦ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਕੋਲ ਹੀ ਹੈ ਪਰ ਵਿਦੇਸ਼ਾਂ ਵਿਚ ਸਰਗਰਮ ਜਥੇਬੰਦੀਆਂ ਦਾ ਵੀ ਸੰਘਰਸ਼ ਵਿਚ ਆਪਣਾ ਇਕ ਮਹੱਤਵਪੂਰਣ ਰੋਲ ਹੈ । ਅੱਜ ਦੇ ਹਥਿਆਰਬੰਦ ਸੰਘਰਸ਼ ਦੀ ਇਹ ਹਕੀਕਤ ਤਾਂ ਕਾਬਿਲੇ ਤਸਲੀਮ ਹੈ ਕਿ 'ਪੰਥਕ ਕਮੇਟੀ' ਸਭ ਤੋਂ ਤਾਕਤਵਰ ਅਤੇ ਪ੍ਰਭਾਵਸ਼ਾਲੀ ਜਥੇਬੰਦੀ ਹੈ ਪਰ ਇਸ ਦਾ ਸਮੁੱਚੀ ਖਾਲਿਸਤਾਨ ਤਹਿਰੀਕ ਦੀ ਨੁਮਾਇੰਦਗੀ ਦਾ ਦਾਅਵਾ ਤਸਲੀਮ ਨਹੀਂ ਕੀਤਾ ਜਾ ਸਕਦਾ । ਜਦੋਂ ਹਥਿਆਰਬੰਦ ਸੰਘਰਸ਼ ਦੀ ਪਹਿਲੀ ਕਤਾਰ ਵਿਚ ਖੜੀਆ ਦੋ ਜਥੇਬੰਦੀਆਂ 'ਬੱਬਰ ਖਾਲਸਾ' ਤੇ 'ਖਾਲਿਸਤਾਨ ਲਿਬਰੇਸ਼ਨ ਫੋਰਸ', 'ਪੰਥਕ ਕਮੇਟੀ' ਦੀ ਅਗਵਾਈ ਮੰਨਣੋਂ ਇਨਕਾਰੀ ਹਨ ਅਤੇ ਵਿਦੇਸ਼ਾਂ ਵਿਚ ਸਰਗਰਮ ਜਥੇਬੰਦੀਆਂ ਵਿਚ ਵੀ ਇਸ ਵਿਸ਼ੇ ਤੇ ਧੜੇਬੰਦੀ ਮੌਜੂਦ ਹੈ ਤਾਂ ਇਸ ਦਾ ਸਮੁੱਚੀ ਖਾਲਿਸਤਾਨ ਤਹਿਰੀਕ ਦੀ ਨੁਮਾਇੰਦਗੀ ਦਾ ਦਾਅਵਾ ਨਿਰ-ਅਰਥਕ ਹੋ ਕੇ ਰਹਿ ਜਾਂਦਾ ਹੈ ਪਰ ਇਹ ਦਾਅਵਾ ਅਤੇ ਇਸ ਦਾਅਵੇ ਨੂੰ ਤਸਲੀਮ ਕਰਵਾਉਣ ਲਈ ਕੀਤੇ ਗਏ ਯਤਨਾਂ ਨੇ ਜਥੇਬੰਦੀਆਂ ਵਿਚ ਆਪਸੀ ਵਿਰੋਧ ਅਤੇ ਕੁੜੱਤਣ ਨੂੰ ਵਧਾਇਆ ਜ਼ਰੂਰ ਹੈ ।

'ਪੰਥਕ ਕਮੇਟੀ' ਵਲੋਂ ਸਿੱਖ ਸੰਘਰਸ਼ ਦੀ ਨੁਮਾਇੰਦਗੀ ਦਾ ਹੱਕ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੇ ਕੇਵਲ ਸਿਆਸੀ ਹੀ ਨਹੀਂ, ਇਤਿਹਾਸਕ ਰਵਾਇਤਾਂ ਅਤੇ ਧਾਰਮਿਕ ਮਾਮਲਿਆਂ ਵਿਚ ਵੀ ਕਈ ਉਲਝਣਾਂ ਪੈਦਾ ਕਰ ਦਿੱਤੀਆਂ ਹਨ । 'ਪੰਥਕ ਕਮੇਟੀ' ਸਿੱਖ ਸੰਘਰਸ਼ ਦੀ ਨੁਮਾਇੰਦਗੀ ਦਾ ਦਾਅਵਾ ਇਸ ਬੁਨਿਆਦ ਉਤੇ ਕਰਦੀ ਹੈ ਕਿ ਉਸ ਦੀ ਹੋਂਦ ਇਕ 'ਸਰਬੱਤ ਖਾਲਸਾ' ਰਾਹੀਂ ਕਾਇਮ ਹੋਈ ਹੈ ਜਦ ਕਿ ਅਮਲੀ ਹਕੀਕਤ ਇਹ ਹੈ ਕਿ ਜਿਸ ਇੱਕਠ ਨੂੰ ਇਹ 'ਸਰਬੱਤ ਖਾਲਸਾ' ਦਾ ਨਾਮ ਦੇ ਰਹੀ ਹੈ ਉਹ 'ਦਮਦਮੀ ਟਕਸਾਲ' ਅਤੇ ਫੈਡਰੇਸ਼ਨ ਵਲੋਂ ਸੱਦਿਆ ਗਿਆ ਇਕ ਇੱਕਠ ਸੀ ਜੋ 'ਸਰਬੱਤ ਖਾਲਸਾ' ਦੇ ਲਫ਼ਜ਼ੀ ਅਰਥਾਂ ਉਤੇ ਵੀ ਪੂਰਾ ਨਹੀਂ ਸੀ ਉਤਰਦਾ । ਇਸ ਪਹਿਲੇ ਸਰਬਤ ਖਾਲਸਾ ਤੋਂ ਬਾਦ ਦੋ ਤਿੰਨ ਹੋਰ ਵੀ 'ਸਰਬੱਤ ਖਾਲਸਾ' ਇੱਕਠਾਂ ਦਾ ਦਾਅਵਾ ਕੀਤਾ ਗਿਆ ਹੈ ਅਤੇ ਆਖਰੀ ਦਾਅਵਾ ਇਸ ਦਿਵਾਲੀ ਦੇ ਅਵਸਰ ਤੇ ਕੀਤਾ ਗਿਆ ਹੈ ਜਦੋਂ ਕਿਸੇ ਕਿਸਮ ਦਾ ਇੱਕਠ ਨਾ ਹੋ ਸਕਣ ਦੀ ਸੂਰਤ ਵਿਚ ਪਹਿਲਾਂ ਤੋਂ ਤਿਆਰ ਕੀਤੀ ਹੋਈ ਸਟੇਟਮੈਂਟ ਜਾਰੀ ਕਰਕੇ 'ਸਰੱਬਤ ਖਾਲਸਾ' ਹੋ ਜਾਣ ਦਾ ਐਲਾਨ ਕਰ ਦਿੱਤਾ ਗਿਆ । ਇਤਿਹਾਸਕ ਰਵਾਇਤਾਂ ਦਾ ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋ ਸਕਦਾ ਹੈ । 'ਸਰਬਤ ਖਾਲਸਾ' ਦਾ ਲਫ਼ਜ਼ੀ ਅਰਥ ਹੀ ਇੰਨਾ ਸਪਸ਼ਟ ਹੈ ਕਿ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਹੈ, 'ਸਰਬਤ ਖਾਲਸਾ' ਕੇਵਲ ਉਸੇ ਇੱਕਠ ਨੂੰ ਕਿਹਾ ਜਾ ਸਕਦਾ ਹੈ ਜਿਥੇ ਸਮੂਹ ਪੰਥ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਇੱਕਠੇ ਹੋਣ ਅਤੇ ਅਜਿਹੇ ਇੱਕਠ ਨੂੰ ਬੁਲਾਉਣ ਦੀ ਰਵਾਇਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਹੀ ਹੈ । ਪੰਥ ਅਨੇਕਾਂ ਹੀ ਜਥੇ, ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਸਮੂਹ ਦਾ ਨਾਮ ਹੈ, ਕੋਈ ਇਕ ਜਥਾ ਜਾਂ ਜਥੇਬੰਦੀ ਪੰਥ ਨਹੀਂ ਹੋ ਸਕਦਾ । ਕੀ 'ਪੰਥਕ ਕਮੇਟੀ' ਆਪਣੇ ਦਾਅਵੇ ਨੂੰ ਸਹੀ ਸਾਬਤ ਕਰਨ ਲਈ ਉਹਨਾਂ ਜੱਥੇ, ਜੱਥੇਬੰਦੀਆਂ ਅਤੇ ਸੰਪਰਦਾਵਾਂ ਦੀ ਲਿਸਟ ਜਾਰੀ ਕਰ ਸਕਦੀ ਹੈ ਜਿਹੜੀਆਂ ਇਹਨਾਂ ਦੇ ਇੱਕਠਾਂ ਵਿਚ ਸ਼ਾਮਲ ਹੁੰਦੀਆਂ ਰਹੀਆਂ ਹਨ?

ਜੁਝਾਰੂ ਜਥੇਬੰਦੀਆਂ ਹੋਣ ਜਾਂ ਅਕਾਲੀ ਦਲ, ਹਰ ਪਾਸੇ ਫੁੱਟ ਹੈ ਅਤੇ ਹਰ ਪਾਸੇ ਏਕਤਾ ਦੇ ਯਤਨਾਂ ਦੀ ਚਰਚਾ ਹੈ ਪਰ ਫਿਰ ਵੀ ਸਫਲਤਾ ਨਹੀਂ ਮਿਲ ਰਹੀ । ਜਦ ਵੀ ਏਕਤਾ ਦਾ ਕੋਈ ਯਤਨ ਹੋਇਆ ਹੈ ਤਾਂ ਉਸ ਵਿਚ ਸੰਜੀਦਾ ਵਿਚਾਰ ਵਟਾਂਦਰੇ ਦੀ ਕੋਈ ਲੋੜ ਨਹੀਂ ਸਮਝੀ ਗਈ, ਅਜਿਹੇ ਬਹੁਤੇ ਯਤਨਾਂ ਪਿਛੇ ਕਿਸੇ ਸਿਆਸੀ ਪੈਂਤੜੇ ਨਾਲ ਏਕਤਾ ਦੀ ਬਜਾਏ ਕਬਜ਼ੇ ਦੀ ਭਾਵਨਾ ਜ਼ਿਆਦਾ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਹਰ ਯਤਨ ਨੇ ਇਕ ਨਵੇਂ ਧੜੇ ਨੂੰ ਜਨਮ ਦਿੱਤਾ ਹੈ । ਏਕਤਾ ਲਈ ਮੁੱਢਲੀ ਲੋੜ ਇਸ ਗੱਲ ਦੀ ਹੈ ਕਿ ਆਪਣੇ ਆਪਣੇ ਖੋਲਾਂ ਤੋਂ ਬਾਹਰ ਨਿਕਲ ਕੇ ਇਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਦਾ ਯਤਨ ਕੀਤਾ ਜਾਵੇ ਅਤੇ ਫਿਰ ਇਕ ਇਕ ਕਦਮ ਕਰਕੇ ਏਕਤਾ ਵੱਲ ਵਧਿਆ ਜਾਵੇ ।

ਅੱਜ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀਹਵੀਂ ਸਦੀ ਦੇ ਸ਼ੁਰੂ ਵਿਚ ਚੱਲੀ ਗੁਰਦਵਾਰਾ ਸੁਧਾਰ ਲਹਿਰ ਦੀਆਂ ਕੁਰਬਾਨੀਆਂ ਦੀ ਦੇਣ ਹੈ, ਸਾਨੂੰ ਇਸ ਦੇ ਪ੍ਰਬੰਧਕੀ ਨਿਜ਼ਾਮ ਨਾਲ ਇਖ਼ਤਲਾਫ਼ ਹੋ ਸਕਦੇ ਹਨ, ਸਾਨੂੰ ਇਸ ਦੀ ਬਣਤਰ ਜਾਂ ਚੌਣ ਢੰਗਾਂ ਨਾਲ ਇਖਤਲਾਫ ਹੋ ਸਕਦੇ ਹਨ, ਅਸੀਂ ਇਸ ਦੀ ਲੀਡਰਸ਼ਿਪ ਨੂੰ ਗਲਤ ਕਹਿ ਸਕਦੇ ਹਾਂ, ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਕੋਈ ਸਿਆਣਪ ਨਹੀਂ ਹੈ । ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੀਆਂ ਕਈ ਖਾਮੀਆਂ ਦੇ ਬਾਵਜੂਦ ਅੱਜ ਵੀ ਇਕੋ ਇਕ ਐਸੀ ਸਿੱਖ ਸੰਸਥਾ ਹੈ ਜਿਸ ਵਿਚ ਪੰਥ ਦੇ ਸਮੂਹ ਅੰਗਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਤੀਨਿੱਧਤਾ ਮੌਜੂਦ ਹੈ । 1920 ਵਿਚ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਪੰਥ ਦੀ ਰਹਿਤ ਮਰਯਾਦਾ ਪੂਰੀ ਤਰ੍ਹਾਂ ਬਿਖਰੀ ਹੋਈ ਸੀ, ਵੱਖ ਵੱਖ ਜੱਥਿਆਂ ਅਤੇ ਸੰਪਰਦਾਵਾਂ ਵਲੋਂ ਵੱਖਰੀ ਵੱਖਰੀ ਰਹਿਤ ਮਰਿਯਾਦਾ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ । 1936 ਵਿਚ ਇਸ ਕਮੇਟੀ ਵਲੋਂ ਪੰਥ ਦੀਆਂ ਸਮੂਹ ਜੱਥੇ, ਜੱਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਵਿਸ਼ਵਾਸ਼ ਵਿਚ ਲੈ ਕੇ, ਉਹਨਾਂ ਨਾਲ ਡੂੰਘੇ ਵਿਚਾਰ ਵਟਾਂਦਰੇ ਅਤੇ ਉਹਨਾਂ ਦੀ ਪ੍ਰਵਾਨਗੀ ਤੋਂ ਬਾਦ ਇਕ ਰਹਿਤ ਮਰਯਾਦਾ ਤਿਆਰ ਕਰਕੇ ਅਕਾਲ ਤਖਤ ਸਾਹਿਬ ਤੋਂ ਜਾਰੀ ਕਰਵਾਈ ਗਈ ਸੀ, ਜਿਸ ਰਾਹੀਂ ਸਮੂਹ ਸਿੱਖ ਜਗਤ ਨੂੰ ਇਕ ਲੜੀ ਵਿਚ ਪ੍ਰੋਣ ਲਈ ਕਾਫ਼ੀ ਹੱਦ ਤੱਕ ਸਫਲ ਕੋਸ਼ਿਸ਼ ਕੀਤੀ ਗਈ ਸੀ । ਅਤੇ ਰਾਗਮਾਲਾ ਦੇ ਇਸ਼ੂ ਨੂੰ ਹੋਰ ਵਿਚਾਰ ਵਟਾਂਦਰੇ ਲਈ ਅੱਗੇ ਪਾ ਦਿੱਤਾ ਗਿਆ ਸੀ, ਇਸੇ ਲਈ ਹੁਣ ਤੱਕ ਸ੍ਰੀ ਹਰਿਮੰਦਰ ਸਾਹਿਬ ਵਿਚ ਰਾਗਮਾਲਾ ਪੜ੍ਹੀ ਜਾਂਦੀ ਹੈ ਅਤੇ ਅਕਾਲ ਤਖਤ ਸਾਹਿਬ ਤੇ ਨਹੀਂ ਪੜੀ੍ਹ ਜਾਂਦੀ । ਇਸ ਸਰਬ ਪ੍ਰਵਾਨਤ ਰਹਿਤ ਮਰਿਯਾਦਾ ਦੇ ਜਾਰੀ ਹੋਣ ਤੋਂ ਬਾਦ ਵੀ ਭਾਵੇਂ ਕੁਝ ਜੱਥਿਆਂ ਨੇ ਆਪਣੇ ਆਪਣੇ ਦਾਇਰੇ ਅੰਦਰ ਕੁਝ ਵਖਰੇਵੇਂ ਕਾਇਮ ਰੱਖੇ ਪਰ ਕਿਸੇ ਨੇ ਵੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਤ ਮਰਿਯਾਦਾ ਨੂੰ ਚੈਲੰਜ ਨਹੀਂ ਸੀ ਕੀਤਾ । ਪਿਛਲੇ ਕੁਝ ਸਾਲਾਂ ਤੋਂ ਅਤੇ ਖਾਸ ਕਰਕੇ ਜੂਨ 1984 ਤੋਂ ਬਾਅਦ ਪ੍ਰਵਾਨਤ ਰਹਿਤ ਮਰਿਯਾਦਾ ਨੂੰ ਚੈਲੰਜ ਕਰਨ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਹੈ, ਜੋ ਭਵਿੱਖ ਦੀਆਂ ਕਾਫੀ ਖਤਰਨਾਕ ਵੰਡੀਆਂ ਨੂੰ ਆਪਣੇ ਵਿਚ ਸਮੋਈ ਲਿਆ ਰਿਹਾ ਹੈ । ਪ੍ਰਵਾਨਤ ਮਰਿਯਾਦਾ ਤੋਂ ਵਖਰੇਵਾਂ ਰੱਖਣ ਵਾਲੇ ਜੱਥਿਆਂ ਜਾਂ ਸੰਸਥਾਵਾਂ ਵਿਚ ਚਾਰ ਨਾਮ ਪ੍ਰਮੁੱਖ ਹਨ, ਦਮਦਮੀ ਟਕਸਾਲ ਆਖੰਡ ਕੀਰਤਨੀ ਜੱਥਾ, ਬੁੱਢਾ ਦਲ ਅਤੇ ਸਚਖੰਡ ਹਜ਼ੂਰ ਸਾਹਿਬ, ਇਹਨਾਂ ਜੱਥਿਆਂ ਦਾ ਪ੍ਰਵਾਨਤ ਮਰਯਾਦਾ ਨਾਲ ਕਿਸੇ ਸਾਂਝੀ ਗੱਲ ਤੇ ਇਖਤਲਾਫ਼ ਨਹੀਂ ਸਗੋਂ ਇਕ ਦੂਜੇ ਨਾਲ ਹੋਰ ਵੀ ਜ਼ਿਆਦਾ ਤਿੱਖੇ ਇਖਤਲਾਫ਼ ਹਨ । ਕਿਸੇ ਜੱਥੇ ਨੂੰ ਮੀਟ ਨਾਲ ਮੁਖਾਲਫ਼ਤ ਹੈ, ਕੋਈ ਚੋਥੇ ਪੋੜ੍ਹੇ (ਅਖੌਤੀ ਛੋਟੀਆਂ ਜਾਤਾਂ) ਨੂੰ ਵੱਖਰਾ ਅੰਮ੍ਰਿਤ ਛਕਾਉਂਦਾ ਹੈ ਅਤੇ ਕੋਈ ਔਰਤਾਂ ਨੂੰ ਮਰਦਾਂ ਤੋਂ ਵੱਖਰਾ ਅੰਮ੍ਰਿਤ ਛਕਾਉਂਦਾ ਹੈ, ਕੋਈ ਆਪਣੀ ਗੱਲ ਨੂੰ ਦਰੁਸਤ ਸਾਬਿਤ ਕਰਨ ਲਈ ਗੁਰਬਾਣੀ ਦੀ ਕਿਸੇ ਤੁੱਕ ਦਾ ਸਹਾਰਾ ਲੈਂਦਾ ਹੈ ਅਤੇ ਕੋਈ ਕਿਸੇ ਰਵਾਇਤ ਦਾ । ਹਕੀਕਤ ਇਹ ਹੈ ਕਿ ਇਹਨਾਂ ਵਖਰੇਵਿਆਂ ਨੂੰ ਜੇ ਸਹੀ ਤਸਲੀਮ ਕਰ ਲਈਏ ਤਾਂ ਸਾਰਾ ਸਿੱਖ ਇਤਿਹਾਸ ਹੀ ਨਫ਼ੀ ਹੋ ਜਾਂਦਾ ਹੈ । ਕਿਸੇ ਵਿਅਕਤੀ ਦੀ ਆਤਮਕ ਉਚਤਾ ਅਤੇ ਕੁਰਬਾਨੀ ਅਤੇ ਕਿਸੇ ਵਿਅਕਤੀ ਦਾ ਵਿਦਵਾਨ ਜਾਂ ਇਤਿਹਾਸ ਦਾ ਖੋਜੀ ਹੋਣਾ, ਦੋ ਵੱਖਰੀਆਂ ਵੱਖਰੀਆਂ ਗੱਲਾਂ ਹਨ, ਭਾਈ ਸਾਹਿਬ ਰਣਧੀਰ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਦੀ ਆਤਮਕ ਉਚਤਾ ਅਤੇ ਕੁਰਬਾਨੀ ਦਾ ਆਪਣਾ ਸਥਾਨ ਹੈ ਅਤੇ ਸਿਰਦਾਰ ਕਪੂਰ ਸਿੰਘ ਜੀ ਅਤੇ ਡਾ ਗੰਡਾ ਸਿੰਘ ਜੀ ਦੀ ਵਿਦਵਤਾ ਅਤੇ ਇਤਿਹਾਸਕ ਖੋਜ ਦਾ ਆਪਣਾ ਸਥਾਨ ਹੈ । ਪੰਥ ਦੀ ਪ੍ਰਵਾਨਤ ਮਰਿਯਾਦਾ ਸਿਰਦਾਰ ਕਪੂਰ ਸਿੰਘ ਜੀ ਦੀ ਸੋਚ ਅਤੇ ਡਾ. ਗੰਡਾ ਸਿੰਘ ਜੀ ਦੀ ਖੋਜ ਨਾਲ ਮੇਲ ਖਾਂਦੀ ਹੈ ਅਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਨੇ ਵੀ ਇਸ ਨੂੰ ਕਦੇ ਚੈਲਿੰਜ ਨਹੀਂ ਸੀ ਕੀਤਾ । ਇਸ ਦੇ ਬਾਵਜੂਦ ਅਗਰ ਕੁਝ ਹਲਕੇ ਪ੍ਰਵਾਨਤ ਮਰਿਯਾਦਾ ਨਾਲ ਇਖਤਲਾਫ਼ ਮਹਿਸੂਸ ਕਰਨ ਲੱਗ ਪਏ ਸਨ ਤਾਂ ਸੰਘਰਸ਼ ਦੌਰਾਨ ਵਖਰੇਵਿਆਂ ਨੂੰ ਮੁੜ ਨਹੀਂ ਸੀ ਉਭਾਰਿਆ ਜਾਣਾ ਚਾਹੀਦਾ ਅਤੇ ਵਿਚਾਰ ਵਟਾਂਦਰੇ ਦੁਆਰਾ ਸਹਿਮਤੀ ਲਈ ਕਿਸੇ ਅੱਛੇ ਵਕਤ ਦੀ ਇੰਤਜ਼ਾਰ ਕਰਨੀ ਚਾਹੀਦੀ ਸੀ । ਦੁਖਦਾਈ ਗੱਲ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਵਾਨਤ ਮਰਿਯਾਦਾ ਨੂੰ ਰੱਦ ਕਰਕੇ ਆਪਣੇ ਆਪਣੇ ਜਥੇ ਦੀ ਮਰਿਯਾਦਾ ਉਤੇ ਜ਼ੋਰ ਦੇਣ ਦਾ ਰੁਝਾਨ ਬਹੁਤ ਵੱਧ ਗਿਆ ਹੈ, ਜਿਸ ਦੇ ਨਤੀਜੇ ਵਜੋਂ ਰਹਿਤਾਂ, ਕੁਰਹਿਤਾਂ ਅਤੇ ਨਿਤਨੇਮ ਦੀਆਂ ਬਾਣੀਆਂ ਤੱਕ ਵੱਖ ਵੱਖ ਹੋ ਗਈਆਂ ਹਨ । ਅੰਮ੍ਰਿਤ ਜਥਿਆਂ ਵਿਚ ਵੰਡਿਆ ਗਿਆ ਹੈ, ਗੁਰਬਾਣੀ ਸੰਪਰਦਾਈ ਅਤੇ ਗੈਰ ਸੰਪਰਦਾਈ ਗੁਰਬਾਣੀ ਵਿਚ ਵੰਡੀ ਗਈ ਹੈ ਅਤੇ ਮੀਟ ਖਾਣਾ ਛੱਡ ਕੇ ਚੰਗੇ ਸਿੱਖ ਬਣਨ ਦੇ ਇਸ਼ਤਿਹਾਰ ਛਪਣ ਲੱਗ ਪਏ ਹਨ । ਇਹ ਵੰਡੀਆਂ ਖਾਲਿਸਤਾਨ ਤਹਿਰੀਕ ਦਾ ਦੁਖਾਂਤ ਇਸ ਲਈ ਵੀ ਬਣ ਗਈਆਂ ਹਨ ਕਿ ਤਹਿਰੀਕ ਦੀਆਂ ਮੋਹਰੀ ਜਥੇਬੰਦੀਆਂ ਦੀ ਪਹਿਚਾਣ ਇਹਨਾਂ ਜਥਿਆਂ ਨਾਲ ਬਣੀ ਹੋਈ ਹੈ ਅਤੇ ਖਾਸ ਕਰਕੇ 'ਪੰਥਕ ਕਮੇਟੀ' ਆਪਣੇ ਜੱਥੇ ਦੀ ਮਰਿਯਾਦਾ ਨੂੰ ਪੰਥ ਉਤੇ ਲਾਗੂ ਕਰਨ ਦੀ ਵਚਨਬੱਧਤਾ ਦਾ ਇਜ਼ਹਾਰ ਵੀ ਕਰਦੀ ਰਹਿੰਦੀ ਹੈ । ਅੱਜ ਸਿੱਖ ਤਹਿਰੀਕ ਵਿਚ ਇਹਨਾਂ ਵੰਡੀਆਂ ਦੀਆਂ ਦੀਵਾਰਾਂ ਹਰ ਰੋਜ਼ ਉਚੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਭਵਿੱਖ ਵਿਚ ਇਸ ਦੇ ਨਤੀਜੇ ਕੀ ਨਿਕਲਣਗੇ ਹਾਲੇ ਭਵਿੱਖਬਾਣੀ ਕਰਨੀ ਔਖੀ ਹੈ । ਪਰ ਇਕ ਗਲ ਜੋ ਸਾਫ ਦਿਖਾਈ ਦੇ ਰਹੀ ਹੈ, ਉਹ ਇਹ ਹੈ ਕਿ ਵੰਡੀਆਂ ਦੀਆਂ ਇਹ ਦੀਵਾਰਾਂ 'ਤੀਜੀ ਧਿਰ' ਵਲੋਂ ਖਾਲਿਸਤਾਨ ਲਹਿਰ ਨੂੰ ਆਮ ਸਿੱਖ ਅਵਾਮ ਤੋਂ ਅਲੱਗ ਥਲੱਗ ਕਰਨ ਦੇ ਕੰਮ ਨੂੰ ਆਸਾਨ ਕਰ ਰਹੀਆਂ ਹਨ ।

ਪਿਛਲੇ ਕੁਝ ਅਰਸੇ ਦੀ ਸਿੱਖ ਤਹਿਰੀਕ ਵਿਚ ਇਹ ਰੁਝਾਨ ਵੀ ਬੜੀ ਤੇਜ਼ੀ ਨਾਲ ਪ੍ਰਵਾਨ ਚੜ੍ਹਿਆ ਹੈ ਕਿ ਜੋ ਤੁਹਾਡੇ ਨਾਲ ਸਹਿਮਤੀ ਪ੍ਰਗਟ ਨਾ ਕਰੇ, ਉਸ ਨੂੰ ਗੱਦਾਰ ਕਰਾਰ ਦੇ ਦਿਓ ਅਤੇ ਜੇ ਵਸ ਲੱਗੇ ਤਾਂ ਪੰਥ ਵਿਚੋਂ ਹੀ ਖਾਰਜ ਕਰ ਦਿਓ ਅਤੇ ਹਾਲਤ ਇਹ ਆਣ ਪਹੁੰਚੀ ਹੈ ਕਿ ਅਜਿਹੇ ਐਲਾਨਾਂ ਦੀ ਸਿੱਖ ਅਵਾਮ ਵਿਚ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ । ਸਥਿਤੀ ਇਹ ਹੈ ਕਿ ਜੇ 'ਏ', 'ਬੀ' ਲਈ ਗੱਦਾਰ ਹੈ ਤਾਂ 'ਬੀ', 'ਏ' ਲਈ ਗੱਦਾਰ ਹੈ ਪਰ ਆਪਣੇ ਆਪਣੇ ਦਾਇਰੇ ਵਿਚ ਦੋਹਵੇਂ ਹੀ ਠੀਕ ਠਾਕ ਤੁਰੇ ਫਿਰਦੇ ਹਨ ਅਤੇ ਕੌਮ ਖੇਰੂੰ ਖੇਰੂੰ ਹੋ ਰਹੀ ਹੈ । ਚਾਹੀਦਾ ਇਹ ਹੈ ਕਿ ਅਸੀਂ ਸਮਾਂ ਪਹਿਚਾਣੀਏ ਅਤੇ ਹਰ ਇਕ ਨੂੰ ਆਪਣਾ ਦੁਸ਼ਮਣ ਨਾ ਬਣਾਈ ਤੁਰੇ ਜਾਈਏ, ਦਿੱਲੀ ਹਕੂਮਤ ਦੇ ਵਿਰੁੱਧ ਕੌਮੀ ਹੱਕਾਂ ਲਈ ਲੜ ਰਹੀਆਂ ਧਿਰਾਂ ਵਿਚ ਕਿਸੇ ਵਿਸ਼ੇ ਤੇ ਇਖਤਲਾਫ਼ ਹੋਣਾ ਕੋਈ ਬੁਰਾਈ ਨਹੀਂ, ਪਰ ਟਕਰਾਓ ਹੋਣਾ ਬੁਰਾਈ ਹੈ । ਆਨੰਦਪੁਰ ਸਾਹਿਬ ਦੇ ਮਤੇ ਦੀ ਹਾਮੀ ਅਤੇ ਖਾਲਿਸਤਾਨ ਲਈ ਸੰਘਰਸ਼ਸ਼ੀਲ ਧਾਰਾਵਾਂ, ਇਕ ਦੂਜੇ ਨਾਲ ਟਕਰਾਓ ਦੀ ਬਜਾਏ ਇਕ ਦੂਜੇ ਦੀਆਂ ਪੂਰਕ ਵੀ ਬਣ ਸਕਦੀਆਂ ਹਨ, ਸਾਂਝੇ ਦੁਸ਼ਮਣ ਵਿਰੁੱਧ ਲੜਨ ਲਈ ਦੋਹਾਂ ਨੂੰ ਇਕ ਦੂਜੇ ਦੀ ਲੋੜ ਹੈ । ਜਿੰਨੇ ਕਦਮ ਇੱਕਠੇ ਚਲ ਸਕੀਏ ਚਲਣਾ ਚਾਹੀਦਾ ਹੈ, ਜਿਥੋਂ ਰਸਤੇ ਵੱਖ ਹੁੰਦੇ ਹੋਣ ਉਥੇ ਪਹੁੰਚਣ ਤੋਂ ਬਾਦ ਇਕ ਦੂਜੇ ਦੇ ਵਿਰੋਧੀ ਬਣਨ ਤੋਂ ਬਿਨਾਂ ਵੀ ਰਸਤੇ ਵੱਖ ਕੀਤੇ ਜਾ ਸਕਦੇ ਹਨ ਅਤੇ ਇਹੀ ਕੌਮੀ ਹਿੱਤ ਵਿਚ ਹੈ । ਸਾਡਾ ਸੰਘਰਸ਼ ਕੌਮੀ ਮੁਕਤੀ ਦਾ ਸੰਘਰਸ਼ ਹੈ ਅਤੇ ਅਜਿਹੇ ਸੰਘਰਸ਼ ਅਕਸਰ ਉਮਰਾਂ ਲੰਮੇ ਹੋ ਜਾਇਆ ਕਰਦੇ ਹਨ, ਸਾਨੂੰ ਦਿਨਾਂ ਵਿਚ ਮੰਜ਼ਿਲ ਮਾਰ ਲੈਣ ਦੀ ਉਮੀਦ ਰੱਖ ਕੇ ਨਹੀਂ ਤੁਰਨਾ ਚਾਹੀਦਾ, ਅਜਿਹੀ ਸਥਿਤੀ ਵਿਚ ਹੱਫ ਜਾਣ ਦਾ ਡਰ ਰਹਿੰਦਾ ਹੈ । ਲੰਮੀ ਲੜਾਈ ਲੜਨ ਲਈ ਸਹਿਹੋਂਦ ਦੀ ਭਾਵਨਾ, ਸੰਤੁਲਿਤ ਰਵਈਆ ਅਤੇ ਦੂਰ ਅੰਦੇਸ਼ ਸੋਚ ਦੀ ਲੋੜ ਹੈ ਅਤੇ 'ਤੀਜੀ ਧਿਰ' ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਇਸ ਤੋਂ ਬਿਨਾਂ ਸਾਡੇ ਕੋਲ ਕੋਈ ਰਾਹ ਵੀ ਨਹੀਂ ਹੈ ।

ਲੇਖ ਦੀ ਸਮਾਪਤੀ ਤੋਂ ਪਹਿਲਾਂ ਮੈਂ ਕੁਝ ਗੱਲਾਂ ਸਪਸ਼ਟ ਕਰਨੀਆਂ ਚਾਹਾਂਗਾ । ਮੇਰੇ ਕੁਝ ਵੀਰ, ਮੇਰੀ ਲਿਖਤ ਨੂੰ ਦਮਦਮੀ ਟਕਸਾਲ ਜਾਂ ਆਖੰਡ ਕੀਰਤਨੀ ਜਥੇ ਦੇ ਵਿਰੁੱਧ ਮਹਿਸੂਸ ਕਰ ਸਕਦੇ ਹਨ, ਜੋ ਹਰਗਿਜ਼ ਨਹੀਂ ਹੈ । ਮੇਰੀ ਮੁਖਾਲਫਤ ਟਕਸਾਲ ਜਾਂ ਜਥੇ ਨਾਲ ਨਹੀਂ, ਕੌਮ ਵਿਚ ਉਸਰ ਰਹੀਆਂ ਵੰਡੀਆਂ ਦੀਆਂ ਦੀਵਾਰਾਂ ਨਾਲ ਹੈ ਅਤੇ ਲਿਖਤ ਦਾ ਮਕਸਦ ਵਿਰੋਧ ਨਹੀਂ ਕੌਮ ਦਾ ਧਿਆਨ ਭਵਿੱਖ ਦੇ ਖਤਰਿਆਂ ਵੱਲ ਖਿੱਚਣਾ ਹੈ । 'ਪੰਥਕ ਕਮੇਟੀ' ਵਾਲੇ ਵੀਰਾਂ ਨੂੰ ਮੈਂ ਇਹ ਗੱਲ ਸਪਸ਼ਟ ਕਰ ਦਿਆਂ ਕਿ ਮੈਂ ਉਹਨਾਂ ਦਾ ਮੁਖਾਲਫ਼ ਨਹੀਂ ਹਾਂ, ਸਿਰਫ਼ ਉਹਨਾਂ ਗੱਲਾਂ ਦਾ ਮੁਖਾਲਫ ਹਾਂ ਜਿਹੜੀਆਂ ਮੇਰੇ ਖਿਆਲ ਵਿਚ ਕੌਮੀ ਹਿੱਤਾਂ ਦੇ ਵਿਰੁੱਧ ਹਨ ਅਤੇ ਮੇਰੀ ਮੁਖਾਲਫਤ ਕਿਸੇ ਕਿਸਮ ਦੇ ਟਕਰਾਓ ਲਈ ਨਹੀਂ, ਸੁਧਾਈ ਲਈ ਹੈ, ਜਿਥੋਂ ਤੱਕ ਕੌਮ ਲਈ ਕੁਰਬਾਨੀਆਂ ਦਾ ਸਵਾਲ ਹੈ, ਮੈਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਲਾਮ ਕਰਦਾ ਹਾਂ । ਅਗਰ ਮੇਰਾ ਕੋਈ ਵੀਰ ਪੱਤਰ ਰਾਹੀਂ ਮੇਰੇ ਵਲੋਂ ਛੋਹੇ ਗਏ ਕਿਸੇ ਵਿਸ਼ੇ ਤੇ ਮੇਰੀ ਜਾਣਕਾਰੀ ਵਿਚ ਵਾਧਾ ਕਰ ਸਕੇ ਜਾਂ ਮੇਰੀ ਕਿਸੇ ਗਲਤੀ ਨੂੰ ਦਰੁਸਤ ਕਰ ਸਕੇ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂ ਗਾ ।

+++++

bottom of page