top of page

'ਸਲਾਖਾਂ ਪਿੱਛੇ / ਕਲਮ ਤੋਂ ਤਲਵਾਰ ਤੱਕ - ਭਾਈ ਗਜਿੰਦਰ ਸਿੰਘ

  • Writer: TimesofKhalistan
    TimesofKhalistan
  • Sep 30, 2020
  • 7 min read

ਸਿੱਖ ਸੰਘਰਸ ਦਾ ਇਤਿਹਾਸਕ ਸੱਚ ..........

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੀ ਗ੍ਰਿਫ਼ਤਾਰੀ ਤੋਂ ਬਾਦ ਦਲ ਖਾਲਸਾ ਦੇ ਯੋਧਿਆਂ ਵੱਲੋਂ 29 ਸਤਬੰਰ 1981 ਵਿੱਚ ਭਾਰਤੀ ਹਵਾਈ ਜਹਾਜ ਅਗਵਾ ਕਰ ਲਾਹੌਰ ਲੈ ਗਏ ਸਨ।

ਉਸ ਕਾਢ ਦੀ ਸੱਚੀ ਕਹਾਣੀ ਭਾਈ ਗਜਿੰਦਰ ਸਿੰਘ ਜੀ ਕਲਮ ਤੋਂ ..............


'ਸਲਾਖਾਂ ਪਿੱਛੇ / ਕਲਮ ਤੋਂ ਤਲਵਾਰ ਤੱਕ


ਕੋਟ ਲਖਪੱਤ ਜੇਲ੍ਹ ਦੀ ਜ਼ਿੰਦਗੀ ਦੌਰਾਨ ਮੈਂ ਇੱਕ ਕਿਤਾਬ ਲਿਖੀ ਸੀ, 'ਸਲਾਖਾਂ ਪਿੱਛੇ'। ਉਦੋਂ ਜੇਲ੍ਹ ਦੀ ਜ਼ਿੰਦਗੀ ਦੇ ਸ਼ਾਇਦ ਸੱਤ ਸਾਲ ਪੂਰੇ ਹੋਏ ਸਨ । ਇਹ ਕਿਤਾਬ ਮੇਰੇ ਹੱਥ ਲਿਖੱਤ ਢਾਈ ਤਿੰਨ ਸੋ ਸਫੇ ਦੀ ਸੀ । ਇਸ ਕਿਤਾਬ ਦਾ ਪਹਿਲਾ ਲੇਖ, 'ਕਲਮ ਤੋਂ ਤਲਵਾਰ ਤੱਕ' ਸੀ, ਜਿਸ ਵਿੱਚ ਹਾਈਜੈਕਿੰਗ ਦੀ ਪੂਰੀ ਕਹਾਣੀ ਸੀ।

ਉਦੋਂ ੮੮/੮੯ ਵਿੱਚ, ਇਹ ਕਿਤਾਬ ਯੂਕੇ ਤੋਂ ਨਿਕਲਦੇ ਰਸਾਲੇ 'ਦੇਸ ਪ੍ਰਦੇਸ', ਅਤੇ ਕਨੇਡਾ ਤੋਂ ਨਿਕਲਦੇ ਰਸਾਲੇ 'ਇੰਡੋ ਕਨੇਡੀਅਨ ਟਾਈਮ' ਵਿੱਚ ਲੜ੍ਹੀਵਾਰ ਛਪੀ ਸੀ । ਇਸ ਕਿਤਾਬ ਦਾ ਪਹਿਲਾ ਲੇਖ, 'ਕਲਮ ਤੋਂ ਤਲਵਾਰ ਤੱਕ' ਮੈਨੂੰ ਕਿਤੋਂ ਲੱਭ ਗਿਆ ਹੈ, ਤੇ ਮੈਂ ਇਸ ਨੂੰ ਆਪ ਸੱਭ ਨਾਲ ਸਾਂਝਾ ਕਰਨ ਜਾ ਰਿਹਾ ਹਾਂ ।


ਪੂਰੀ ਕਿਤਾਬ ਛਪਾਣ ਬਾਰੇ ਉਦੋਂ ਸੋਚਿਆ ਸੀ, ਪਰ ਕਿਸੇ ਵਜ੍ਹਾ ਨਾਲ ਛੱਪ ਨਹੀਂ ਸੀ ਸਕੀ । ਕਦੇ ਕਿਸੇ ਪਿਆਰ ਕਰਨ ਵਾਲੇ ਸੱਜਣ ਨੇ ਹਿੰਮਤ ਕੀਤੀ ਤਾਂ ਸਾਰੇ ਛਪੇ ਲੇਖ ਕੱਠੇ ਕਰ ਕੇ ਸ਼ਾਇਦ ਹੁਣ ਛੱਪ ਸਕੇ ।


ਗਜਿੰਦਰ ਸਿੰਘ, ਦਲ ਖਾਲਸਾ ।

੩੦.੯.੨੦੨੦


ਕਲਮ ਤੋਂ ਤਲਵਾਰ ਤੱਕ


ਮੇਰੀ ਪਹਿਚਾਣ ਕਲਮ ਹੈ ਜਾਂ ਤਲਵਾਰ, ਇਸ ਬਾਰੇ ਮੈਂ ਕੁੱਝ ਕਹਿਣ ਦੀ ਸਥਿੱਤੀ ਵਿੱਚ ਨਹੀਂ ਹਾਂ । ਮੇਰੀ ਸੋਚ ਵਿੱਚ ਪ੍ਰਧਾਨਤਾ ਮਕਸਦ ਦੀ ਰਹੀ ਹੈ, ਕਲਮ ਜਾਂ ਤਲਵਾਰ ਤਾਂ ਮਕਸਦ ਨੂੰ ਹਾਸਿਲ ਕਰਨ ਦੇ ਹਥਿਆਰ ਹਨ, ਤੇ ਮੈਂ ਇਹਨਾਂ ਨੂੰ ਹਮੇਸ਼ਾਂ ਹਥਿਆਰਾਂ ਵਾਂਗ ਹੀ ਵਰਤਿਆ ਹੈ । ੧੩ ਅਪਰੈਲ ੧੯੭੫ ਨੂੰ ਪ੍ਰਕਾਸ਼ਤ ਹੋਏ ਮੇਰੇ ਪਹਿਲੇ ਕਾਵਿ ਸੰਗ੍ਰਹਿ 'ਪੰਜ ਤੀਰ ਹੋਰ' ਦੇ ਪਿੱਛਲੇ ਪੰਨੇ ਉਤੇ ਮੇਰੀ ਤਸਵੀਰ ਦੇ ਹੇਠਾਂ ਮੇਰੀ ਇੱਕ ਨਜ਼ਮ ਦੀਆਂ ਜੋ ਸੱਤਰਾਂ ਛਪੀਆਂ ਸਨ, ਉਹ ਸੱਤਰਾਂ ਹੀ ਅਜ ਤੱਕ ਮੈਨੂੰ ਆਪਣੀ ਪਹਿਚਾਣ ਜਾਪਦੀਆਂ ਹਨ ……



ਮੈਂ ਲੜ੍ਹਨ ਦੀ ਜਾਚ

ਮਾਂ ਦੇ ਪੇਟ 'ਚੋਂ ਹੀ ਸਿੱਖੀ ਹੈ

ਕਲਮ, ਬੋਲ੍ਹ, ਜਾਂ ਤਲਵਾਰ

ਲੜ੍ਹਾਈ ਕੋਈ ਵੀ ਹੋਵੇ

ਧਾਰ, ਕਲਮ ਤੋਂ ਤਲਵਾਰ ਤੱਕ

ਅਤਿਅੰਤ ਤਿੱਖੀ ਹੈ


ਕਲਮ ਤੇ ਤਲਵਾਰ ਦਾ ਗੂੜ੍ਹਾ ਰਿਸ਼ਤਾ ਹੈ, ਕਿਤੇ ਕਲਮ ਤਲਵਾਰ ਦਾ ਕੰਮ ਕਰਦੀ ਹੈ, ਤੇ ਕਿਤੇ ਕਿਤੇ ਤਲਵਾਰ ਕਲਮ ਦਾ । ਜਦੋਂ ਮੈਂ 'ਪੰਜ ਤੀਰ ਹੋਰ' ਨਜ਼ਮ ਲਿੱਖ ਰਿਹਾ ਸਾਂ, ਤਾਂ ਮੈਨੂੰ ਆਪਣੀ ਕਲਮ ਤਲਵਾਰ ਵਾਂਗ ਲੱਗਦੀ ਸੀ, ਅਤੇ ਜਦੋਂ ਮੈਂ ਮਨ ਵਿੱਚ ਇੱਕ ਕਮਸਦ ਰੱਖ ਕੇ ਹਿੰਦ ਦੇ ਹਵਾਈ ਜਹਾਜ਼ ਵਿੱਚ ਸਵਾਰ ਹੋ ਰਿਹਾ ਸਾਂ, ਤਾਂ ਮੈਨੂੰ ਇੰਝ ਲੱਗ ਰਿਹਾ ਸੀ, ਜਿਵੇਂ ਮੈਂ ਤਲਵਾਰ ਨਾਲ ਇੱਕ ਨਵੀਂ ਨਜ਼ਮ ਲਿੱਖਣ ਜਾ ਰਿਹਾ ਹਾਂ ।


ਇਹ ਗੱਲ ੧੬ ਸਤੰਬਰ ੧੯੮੧ ਦੀ ਹੈ । ਮੈਂ ਤੇ ਹਰਸਿਮਰਨ ਸਿੰਘ, ਜਲੰਧਰ ਦੇ ਗੁਰਦਵਾਰਾ ਮਾਡਲ ਟਾਉਨ ਦੇ ਪਿੱਛਲੇ ਪਾਸੇ, ਸੇਵਾਦਾਰਾਂ ਦੇ ਕਮਰਿਆਂ ਵਿੱਚੋਂ ਇੱਕ ਕਮਰੇ ਵਿੱਚ ਬੈਠੇ ਕੌਮੀ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਕਰ ਰਹੇ ਸਾਂ । ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਚੰਦੋ ਕਲਾਂ ਵਿੱਚ ਮਾਰੇ ਛਾਪੇ ਤੋਂ ਬਾਦ ਇੱਕ ਨਵੀਂ ਸਥਿੱਤੀ ਪੈਦਾ ਹੋ ਚੁੱਕੀ ਸੀ । ਦਲ ਖਾਲਸਾ ਵੱਲੋਂ, ਚੰਦੋ ਕਲਾਂ ਵਿੱਚ ਪੁਲਸ ਵੱਲੋਂ ਕੀਤੀ ਗਈ ਜ਼ਿਆਦਤੀ, ਅਤੇ ਖਾਸਕਰ ਕੇ ਧਾਰਮਿੱਕ ਪੋਥੀਆਂ ਦੇ ਕੀਤੇ ਗਏ ਅਪਮਾਨ ਦਾ ਜਵਾਬ ਦੇਣ ਲਈ ਹਿੰਦੁਸਤਾਨ ਦੇ ਰਾਸ਼ਟਰੀ ਝੰਡੇ ਤੇ ਵਿਧਾਨ ਨੂੰ ਸ਼ਰੇਆਮ ਫੂਕੇ ਜਾਣ ਦਾ ਫੈਸਲਾ ਲਿਆ ਜਾ ਚੁੱਕਾ ਸੀ ।


ਉਸ ਦਿਨ ਭਾਰਤੀ ਵਿਧਾਨ ਤੇ ਝੰਡੇ ਨੂੰ ਪਬਲੀਕਲੀ ਫੂਕਣ ਦੀ ਜ਼ਿੰਮੇਵਾਰੀ ਦਲ ਖਾਲਸਾ ਦੇ ਸਿੰਘ, ਗੁਰਬਚਨ ਸਿੰਘ ਨੇ ਨਿਭਾਈ ਸੀ, ਜੋ ਮੌਕੇ ਤੇ ਹੀ ਗ੍ਰਿਫਤਾਰ ਹੋ ਗਿਆ ਸੀ । ਬਾਦ ਵਿੱਚ, ਸ਼ਾਇਦ ੧੯੮੩ ਵਿੱਚ ਗੁਰਬਚਨ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਣੇ ਜਲੰਧਰ ਦੀ ਇੱਕ ਕੋਠੀ ਵਿੱਚ 'ਲੈਟਰ ਬੰਬ' ਬਣਾਉਂਦਾ, ਅਚਾਨਕ ਧਮਾਕਾ ਹੋ ਜਾਣ ਕਾਰਨ ਸਾਥੀਆਂ ਸਣੇ ਸ਼ਹੀਦ ਹੋ ਗਿਆ ਸੀ ।


ਮੈਂ ਗੱਲ ਕਰ ਰਿਹਾ ਸਾਂ, ਮੇਰੇ ਅਤੇ ਹਰਸਿਮਰਨ ਦੇ ਵਿਚਾਰ ਵਟਾਂਦਰੇ ਦੀ । ਸਾਡੇ ਦੋਹਾਂ ਦੇ ਇਸ ਵਿਚਾਰ ਵਟਾਂਦਰੇ ਦੌਰਾਨ ਹਾਈਜੈਕਿੰਗ ਦੀ ਕਾਰਵਾਈ ਦਾ ਵਿਚਾਰ ਜਨਮਿਆਂ, ਅਤੇ ਅਮਲੀ ਜਾਮਾਂ ਪਹਿਨਾਉਣ ਲਈ ਮੁੱਢਲੇ ਫੈਸਲੇ ਲਏ ਗਏ । ਲਏ ਗਏ ਫੈਸਲਿਆਂ ਮੁਤਾਬਕ ਕਾਰਵਾਈ ਦੀ ਮੁਕੰਮਲ ਜ਼ਿੰਮੇਵਾਰੀ ਮੇਰੇ ਨਾਮ ਪਈ ।


ਇਸ ਮਕਸਦ ਲਈ ੧੯ ਸਤੰਬਰ ਨੂੰ ਦੁਪਹਿਰ ਤੋਂ ਪਹਿਲਾਂ, ਦਲ ਖਾਲਸਾ ਦੀ ਇੱਕ ਮੀਟਿੰਗ ਗੁਰੂ ਨਾਨਕ ਨਿਵਾਸ ਵਿੱਚ ਹੋਈ । ਗਿਆਨੀ ਹਰਭਗਤ ਸਿੰਘ ਜੀ ਨਾਰੰਗਵਾਲ ਤੋਂ ਬਿਨ੍ਹਾਂ ਸੁਪਰੀਮ ਪੰਚਾਇਤ ਦੇ ਬਾਕੀ ਚਾਰੋ ਮੈਂਬਰ, ਯਾਨੀ ਮੈਂ, ਹਰਸਿਮਰਨ ਸਿੰਘ, ਸਤਿਨਾਮ ਸਿੰਘ ਤੇ ਜਸਵੰਤ ਸਿੰਘ ਮੀਟਿੰਗ ਵਿੱਚ ਸ਼ਾਮਿਲ ਹੋਏ । ਸੁਪਰੀਮ ਪੰਚਾਇਤ ਵੱਲੋਂ ਹਾਈਜੈਕਿੰਗ ਦੀ ਕਾਰਵਾਈ ਨੂੰ ਬਾਕਾਇਦਾ ਮਨਜ਼ੂਰੀ ਦਿੱਤੀ ਗਈ ।


੧੯ ਸਤੰਬਰ ਦੀ ਦੁਪਹਿਰ ਤੋਂ ਬਾਦ ਹੀ ਮੈਂ, ਤੇ ਸਤਿਨਾਮ ਇੱਕ ਤਜਰਬਾਤੀ ਉੜ੍ਹਾਨ ਲਈ ਅਮ੍ਰਤਿਸਰ ਤੋਂ ਸ੍ਰੀਨਗਰ ਰਵਾਨਾ ਹੋ ਗਏ । ਜਹਾਜ਼ ਦੇ ਉੜ੍ਹਾਨ ਭਰਨ ਤੋਂ ਤਕਰੀਬਨ ਚਾਲ੍ਹੀ ਮਿੰਟ ਬਾਦ ਅਸੀਂ ਸ੍ਰੀਨਗਰ ਵਿੱਚ ਸਾਂ । ਸ੍ਰੀਨਗਰ ਤੋਂ ਵਾਪਸੀ ਬਾਰੇ ਵਿਚਾਰ ਕਰਦਿਆਂ ਹਵਾਈ ਜਹਾਜ਼ ਦੇ ਅੰਦਰੂਨੀ ਮਾਹੋਲ ਨੂੰ ਸਮਝਣ ਲਈ ਇੱਕ ਹੋਰ ਤਜਰਬਾਤੀ ਉੜ੍ਹਾਨ ਦੀ ਲੋੜ੍ਹ ਮਹਿਸੂਸ ਹੋਈ । ਸੋ ਇੱਕ ਹੋਰ ਤਜਰਬੇ ਲਈ ਮੈਂ ੨੧ ਸਤੰਬਰ ਨੂੰ ਦੁਪਹਿਰ ਬਾਦ ਸ੍ਰੀਨਗਰ ਤੋਂ ਅਮ੍ਰਤਿਸਰ ਲਈ ਰਵਾਨਾ ਹੋ ਗਿਆ । ਸਤਿਨਾਮ ਸਿੰਘ ੨੩ ਸਤੰਬਰ ਨੂੰ ਪਿੱਛੋਂ ਬੱਸ ਰਾਹੀਂ ਅਮ੍ਰਤਿਸਰ ਪਹੁੰਚਿਆ । ਸੁਪਰੀਮ ਪੰਚਾਇਤ ਦੇ ਚਾਰੋ ਵੀਰ ਅਸੀਂ ਫਿਰ ਅਮ੍ਰਤਿਸਰ ਇੱਕੱਠੇ ਹੋ ਗਏ ।


ਹਵਾਈ ਸਫਰ ਦੇ ਦੋ ਤਜਰਿਬਿਆਂ ਤੋਂ ਬਾਦ ਇਹ ਰਾਏ ਬਣੀ ਕਿ ਸਫਲਤਾ ਨੂੰ ਯਕੀਨੀ ਬਣਾਉਣ ਲਈ ਰਿਵਾਲਵਰ ਜਾਂ ਕੋਈ ਹੋਰ ਮਾਰੂ ਹਥਿਆਰ ਜਹਾਜ਼ ਅੰਦਰ ਲਿਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਪਰ ਕੁੱਝ ਹੋਰ ਸਾਥੀ ਨਾਲ ਸ਼ਾਮਿਲ ਕਰ ਲਏ ਜਾਣ । ਹੁਣ ਅਸੀਂ ਪੂਰੀ ਤਰ੍ਹਾਂ ਕਿਰਪਾਨਾਂ ਉਤੇ ਨਿਰਭਰ ਰਹਿਣ ਦਾ ਫੈਸਲਾ ਕੀਤਾ, ਜਿਸ ਨੂੰ ਘਰੇਲੂ ਉੜ੍ਹਾਨਾਂ ਵਿੱਚ ਨਾਲ ਲਿਜਾਣ ਦੀ ਇਜਾਜ਼ਤ ਸੀ । ਕਿਰਪਾਨਾਂ ਉਤੇ ਨਿਰਭਰ ਕਰਨ ਦਾ ਫੈਸਲਾ ਕਰਨ ਲਗਿਆਂ ਮੇਰੇ ਜ਼ਿਹਨ ਵਿੱਚ ਜਾਪਾਨ ਅਤੇ ਬੰਗਲਾ ਦੇਸ਼ ਦੀਆਂ 'ਚਾਕੂਆਂ' ਨਾਲ ਹੋਈਆਂ ਹਾਈਜੈਕਿੰਗਾਂ ਦੀਆਂ ਦੋ ਸਫਲ ਕਾਰਵਾਈਆਂ ਸਨ । ਮਾਇਕ ਥੁੜ੍ਹਾਂ ਤੇ ਨਵੇਂ ਸਾਥੀਆਂ ਦੀ ਚੋਣ ਸਬੰਧੀ ਕਈ ਕਿਸਮ ਦੀਆਂ ਔਕੜ੍ਹਾਂ ਦਾ ਸਫਲਤਾ ਪੂਰਵਕ ਸਾਹਮਣਾ ਕਰਨ ਬਾਦ ੨੭ ਸਤੰਬਰ ਦੀ ਤਰੀਕ ਅਸੀਂ ਕਾਰਵਾਈ ਲਈ ਮਿੱਥ ਲਈ ।


੨੪ ਸਤੰਬਰ ਦੀ ਸਵੇਰ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਹੀ ਅਸੀਂ ਮੋਹਾਲੀ ਪਹੁੰਚ ਗਏ, ਜਿੱਥੇ ਹਰਸਿਮਰਨ ਪਹਿਲਾਂ ਹੀ ਪਹੁੰਚਿਆ ਹੋਇਆ ਸੀ । ਇੱਥੇ ਆ ਕੇ ਕੁੱਝ ਨਵੀਆਂ ਔਕੜ੍ਹਾਂ ਦਾ ਸਾਹਮਣਾ ਕਰਨਾ ਪਿਆ, ਪਰ ਗੁਰੂ ਦੀ ਕਿਰਪਾ ਨਾਲ ਉਹਨਾਂ ਉਤੇ ਵੀ ਕਾਬੂ ਪਾ ਲਿਆ ਗਿਆ । ਸਾਥੀਆਂ ਵਜੋਂ, ਜਸਬੀਰ ਸਿੰਘ ਤੇ ਕਰਣ ਸਿੰਘ ਦੀ ਚੋਣ ਇੱਥੇ ਆ ਕੇ ਹੀ ਕੀਤੀ, ਤੇਜਿੰਦਰ ਪਾਲ ਸਿੰਘ ਬਾਰੇ ਫੈਸਲਾ ਪਹਿਲਾਂ ਅਮ੍ਰਤਿਸਰ ਵਿੱਚ ਹੀ ਕਰ ਲਿਆ ਗਿਆ ਸੀ । ਇੱਥੇ ਆ ਕੇ ਪੇਸ਼ ਆਣ ਵਾਲੀਆਂ ਨਵੀਆਂ ਔਕੜ੍ਹਾਂ ਕਾਰਨ ਕਾਰਵਾਈ ਦੀ ਤਰੀਕ ੨੭ ਤੋਂ ੨੯ ਸਤੰਬਰ ਕਰ ਦਿੱਤੀ ਗਈ ।


੨੬ ਸਤੰਬਰ ਦੀ ਸਵੇਰ ਨੂੰ ਸਤਿਨਾਮ ਸਿੰਘ, ਤੇਜਿੰਦਰ ਪਾਲ ਸਿੰਘ, ਵੀ ਮੋਹਾਲੀ ਪਹੁੰਚ ਚੁੱਕੇ ਸਨ । ਕਾਰਵਾਈ ਦੀ ਯੋਜਨਾ ਨੂੰ ਆਖਰੀ ਛੋਹ ੨੭ ਸਤੰਬਰ ਨੂੰ ਦਿੱਤੀ ਗਈ । ਹੁਣ ਸਾਡਾ ਐਕਸ਼ਨ ਗਰੁੱਪ ਪੰਜ ਸਿੰਘਾਂ ਉਤੇ ਆਧਾਰਿਤ ਸੀ, ਜਿਸ ਵਿੱਚ ਮੇਰੇ ਨਾਲ ਸਤਿਨਾਮ ਸਿੰਘ, ਜਸਬੀਰ ਸਿੰਘ, ਤੇਜਿੰਦਰ ਪਾਲ ਸਿੰਘ, ਤੇ ਕਰਣ ਸਿੰਘ ਸ਼ਾਮਿਲ ਸਨ । ਸਤਿਨਾਮ ਸਿੰਘ, ਤੇ ਤੇਜਿੰਦਰ ਪਾਲ ਸਿੰਘ ਨੇ, ਹਰਸਿਮਰਨ ਸਿੰਘ ਦੇ ਨਾਲ ੨੭ ਸਤੰਬਰ ਦੀ ਰਾਤ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ, ਅਤੇ ਮੈਂ, ਜਸਬੀਰ ਸਿੰਘ, ਤੇ ਕਰਣ ਸਿੰਘ ਨੂੰ ਨਾਲ ਲੈ ਕੇ ੨੮ ਸਤੰਬਰ ਦੀ ਸਵੇਰ ਨੂੰ ਰਵਾਨਾ ਹੋਣਾ ਸੀ । ਦਿੱਲੀ ਵਿੱਚ ਅਸੀਂ ਦੋਹਾਂ ਗਰੁੱਪਾਂ ਨੇ ਵੱਖ ਵੱਖ ਰਹਿਣਾ ਸੀ, ਲੋੜ੍ਹ ਪੈਣ ਤੇ ਹਰਸਿਮਰਨ ਸਿੰਘ ਨੇ ਸਾਡੇ ਵਿੱਚ ਰਾਬਤੇ ਦਾ ਕੰਮ ਕਰਨਾ ਸੀ । ੨੭ ਸਤੰਬਰ ਦੀ ਸ਼ਾਮ ਤੱਕ, ਜਦੋਂ ਹਰ ਗੱਲ ਦੀ ਮੁਕੰਮਲ ਤਿਆਰੀ ਹੋ ਚੁੱਕੀ ਸੀ, ਤਾਂ ਕਾਰਵਾਈ ਤੋਂ ਬਾਦ ਜੱਥੇਬੰਦੀ ਨੂੰ ਜਿਨ੍ਹਾਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ, ਉਨ੍ਹਾਂ ਸਬੰਧੀ ਕੁੱਝ ਵਿਚਾਰ ਵਟਾਂਦਰੇ ਦੀ ਲੋੜ੍ਹ ਮਹਿਸੂਸ ਹੋਈ ।


ਇੱਕ ਫੈਸਲੇ ਮੁਤਾਬਕ ੨੯ ਸਤੰਬਰ ਦੀ ਸ਼ਾਮ ਨੂੰ, ਕਾਰਵਾਈ ਦੀ ਸਫਲਤਾ ਤੋਂ ਬਾਦ ਮੈਂ ਲਹੋਰ ਏਅਰਪੋਰਟ ਉਤੇ, ਅਤੇ ਹਰਸਿਮਰਨ ਸਿੰਘ ਨੇ ਗੁਰੂ ਨਾਨਕ ਨਿਵਾਸ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ । ਦੋਹਾਂ ਪ੍ਰੈਸ ਕਾਨਫਰੰਸਾਂ ਵਿੱਚ ਇੱਕੋ ਜਿਹੀਆਂ ਮੰਗਾਂ ਪੇਸ਼ ਕੀਤੀਆਂ ਜਾਣੀਆਂ ਸਨ, ਸੋ ਮੰਗਾਂ ਕੀ ਹੋਣਗੀਆਂ, ਇਹ ਵੀ ਸਾਡੀ ਤਿੰਨਾਂ ਦੀ ਇਸ ਮੀਟਿੰਗ ਵਿੱਚ ਤਹਿ ਹੋਇਆ । ਇਹ ਫੈਸਲੇ ਲੈਣ ਤੋਂ ਬਾਦ ਰਾਤ ਦੀ ਰੋਟੀ ਅਸਾਂ ਕਠਿਆਂ ਨੇ ਖਾਦੀ ਅਤੇ ਰੋਟੀ ਖਾਣ ਤੋਂ ਬਾਦ ਅਸੀਂ ਅਗਲੀ ਮੁਲਾਕਾਤ , ਜੋ ਸਤਿਨਾਮ ਸਿੰਘ ਤੇ ਤੇਜਿੰਦਰ ਪਾਲ ਸਿੰਘ ਦੇ ਨਾਲ ਜਹਾਜ਼ ਵਿੱਚ ਹੀ ਹੋਣੀ ਸੀ, ਤੱਕ ਅਲੱਗ ਹੋ ਗਏ । ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਸਤਿਨਾਮ ਸਿੰਘ ਤੇ ਤੇਜਿੰਦਰ ਪਾਲ ਸਿੰਘ, ਹਰਸਿਮਰਨ ਸਿੰਘ ਦੇ ਨਾਲ ਰਾਤ ਨੂੰ ਦਿੱਲੀ ਰਵਾਨਾ ਹੋ ਗਏ ।


ਦੂਜੇ ਦਿਨ, ਯਾਨੀ ੨੮ ਸਤੰਬਰ ਦੀ ਸਵੇਰ ਨੂੰ, ਸਵੇਰੇ ਤਕਰੀਬਨ ਦੱਸ ਗਿਆਰਾਂ ਵਜੇ ਦੇ ਦਰਮਿਆਨ ਮੈਂ, ਜਸਬੀਰ ਸਿੰਘ ਤੇ ਕਰਣ ਸਿੰਘ ਨੂੰ ਨਾਲ ਲੈ ਕੇ ਦਿੱਲੀ ਲਈ ਰਵਾਨਾ ਹੋ ਗਿਆ । ਸ਼ਾਮ ਦੇ ਪੰਜ ਵਜੇ ਅਸੀਂ ਦਿੱਲੀ ਪਹੁੰਚ ਚੁੱਕੇ ਸਾਂ । ਨਿਰਧਾਰਿਤ ਪ੍ਰੋਗਰਾਮ ਮੁਤਾਬਕ, ਜ਼ਰਾ ਦੇਰ ਸ਼ਾਮ ਨੂੰ ਮੇਰੀ ਤੇ ਹਰਸਿਮਰਨ ਦੀ ਆਖਰੀ ਮੁਲਾਕਾਤ ਗੁਰਦਵਾਰਾ ਬੰਗਲਾ ਸਾਹਿਬ ਵਿੱਚ ਹੋਈ । ਇਸ ਮੁਲਾਕਾਤ ਵਿੱਚ ਕੁੱਝ ਹੋਰ ਲੋੜੀਂਦਾ ਵਿਚਾਰ ਵਟਾਂਦਰਾ ਹੋਇਆ, ਅਤੇ ਅਸੀਂ ਜਜ਼ਬਾਤ ਨਾਲ ਭਰੇ ਹੋਏ ਇੱਕ ਦੂਜੇ ਨੂੰ ਮਿਲੇ, ਤੇ ਆਖਰੀ ਫਤਿਹ ਬੁਲਾਈ, "ਜਿਊਂਦੇ ਰਹੇ ਤਾਂ ਫੇਰ ਮਿਲਾਂਗੇ" ਵਾਲੇ ਅੰਦਾਜ਼ ਵਿੱਚ ।


ਦੂਜੀ ਸਵੇਰ ਅਸੀਂ ਬਿਨ੍ਹਾਂ ਕਿਸੀ ਵਿਸ਼ੇਸ਼ ਦਿਕੱਤ ਦੇ, ਦੋਵੇਂ ਗਰੁੱਪ ਵੱਖ ਵੱਖ ਟਿਕਟਾਂ ਲੈ ਕੇ, ਕਿਰਪਾਨਾਂ ਸਮੇਤ ਸੈਕਿਉਰਟੀ ਚੈਕ-ਅੱਪ ਵਿੱਚੋਂ ਲੰਘ ਕੇ ਹਵਾਈ ਜਹਾਜ਼ ਵਿੱਚ ਪਹੁੰਚ ਗਏ । ਤੇਜਿੰਦਰ ਪਾਲ ਤੋਂ ਬਿਨ੍ਹਾਂ ਬਾਕੀ ਸਾਡੀਆਂ ਚਾਰਾਂ ਦੀਆਂ ਟਿਕਟਾਂ ਨਕਲੀ ਨਾਵਾਂ ਤੇ ਸਨ । ਮੇਰੀ ਟਿਕਟ 'ਦੀਪ ਸਿੰਘ' ਦੇ ਨਾਮ ਤੇ ਸੀ, ਜਸਬੀਰ ਸਿੰਘ ਦੀ 'ਬਾਬਾ ਪ੍ਰਤਾਪ ਸਿੰਘ' ਦੇ ਨਾਮ ਤੇ, ਕਰਣ ਸਿੰਘ ਦੀ 'ਮੋਹਿੰਦਰ ਸਿੰਘ' ਦੇ ਨਾਮ ਤੇ, ਅਤੇ ਸਤਿਨਾਮ ਸਿੰਘ ਦੀ 'ਫਕੀਰ ਸਿੰਘ' ਦੇ ਨਾਮ ਤੇ ਸੀ ।


ਫਲਾਈਟ ਦਾ ਟਾਈਮ ੧੧-੩੦ ਦਾ ਸੀ, ਪਰ ਉਸ ਦਿਨ ਕੁੱਝ ਲੇਟ ਹੋ ਜਾਣ ਕਾਰਨ ਜਹਾਜ਼ ਨੇ ਦੁਪਹਿਰੇ ੧੨-੨੦ ਤੇ ਉੜ੍ਹਾਨ ਭਰੀ । ਹਵਾਈ ਜਹਾਜ਼ ਨੂੰ ਉੜ੍ਹਾਨ ਭਰਿਆਂ ਤਕਰੀਬਨ ਪੰਦਰਾਂ ਕੂ ਮਿੰਟ ਹੋਏ ਸਨ, ਕਿ ਮੈਂ ਮਿੱਥੇ ਹੋਏ ਪ੍ਰੋਗਰਾਮ ਮੁਤਾਬਕ ਆਪਣੀ ਸੀਟ ਤੋਂ ਉਠ ਕੇ ਕਾਕਪਿੱਟ ਦੀ ਪਿੱਛਲੀ ਟਾਇਲਟ ਵਿੱਚ ਚਲਾ ਗਿਆ । ਮੇਰੇ ਤੋਂ ਇੱਕ ਦੋ ਮਿੰਟ ਬਾਦ ਹੀ, ਜਸਬੀਰ ਸਿੰਘ ਵੀ ਆਪਣੀ ਸੀਟ ਤੋਂ ਉਠ ਕੇ ਟਾਇਲਟ ਦੇ ਬਾਹਰ ਆ ਖੜ੍ਹੇ ਹੋਏ, ਜਿਵੇਂ ਵਾਰੀ ਦੀ ਇੰਤਜ਼ਾਰ ਕਰ ਰਹੇ ਹੋਣ । ਵੈਸੇ ਉਹਨਾਂ ਦੇ ਇੱਥੇ ਆ ਕੇ ਖੜ੍ਹੇ ਹੋਣ ਦਾ ਮਕਸਦ ਮੇਰੀ ਸਪੋਰਟ ਵਿੱਚ ਕਿਸੇ ਗ਼ੈਰ ਬੰਦੇ ਲਈ ਕਾਕਪਿੱਟ ਦਾ ਰਾਹ ਡੱਕਣਾ ਸੀ ।


ਅਗਲੇ ਪੱਲ ਹੀ, ਮੈਂ ਸੱਜੇ ਹੱਥ ਵਿੱਚ ਨੰਗੀ ਕਿਰਪਾਨ ਫੜੀ ਟਾਇਲਟ ਤੋਂ ਬਾਹਰ ਨਿਕਲਿਆ, ਤੇ ਖੱਬੇ ਹੱਥ ਨਾਲ ਕਾਕਪਿੱਟ ਦੇ ਦਰਵਾਜ਼ੇ ਦਾ ਹੈਂਡਲ ਘੁਮਾ ਕੇ, ਦਰਵਾਜ਼ਾ ਖੋਲ੍ਹ ਕੇ ਅੰਦਰ ਵੜ੍ਹ ਗਿਆ । ਇਹ ਸੱਭ ਕੁੱਝ ਇੰਨੀ ਤੇਜ਼ੀ ਨਾਲ ਹੋਇਆ ਕਿ ਕਿਸੇ ਨੂੰ ਕੁੱਝ ਪਤਾ ਹੀ ਨਹੀਂ ਲੱਗਾ, ਕੇਵਲ ਸਾਹਮਣੇ ਖੜ੍ਹੀ ਇੱਕ ਏਅਰਹੋਸਟੈਸ ਨੇ ਮੈਨੂੰ ਨੋਟ ਕੀਤਾ, ਅਤੇ ਮੇਰੇ ਵੱਲ ਵੱਧਣ ਦੀ ਕੋਸ਼ਿਸ਼ ਕੀਤੀ, ਪਰ ਜਸਬੀਰ ਸਿੰਘ ਨੇ ਕਿਰਪਾਨ ਵਾਲਾ ਹੱਥ ਵਧਾ ਕੇ ਉਸ ਨੂੰ ਉਥੇ ਹੀ ਰੋਕ ਦਿੱਤਾ । ਮੇਰੇ ਪਿੱਛੋਂ ਜਸਬੀਰ ਸਿੰਘ ਵੀ ਫੌਰੀ ਤੌਰ ਤੇ ਕਾਕਪਿੱਟ ਦੇ ਅੰਦਰ ਆ ਗਏ । ਹੁਣ ਮੈਂ ਕਾਕਪਿੱਟ ਵਿੱਚ ਸੱਜੇ ਪਾਸੇ ਵਾਲੇ ਪਾਇਲਟ ਦੇ ਪਿੱਛੇ ਖੜ੍ਹਾ ਸਾਂ, ਤੇ ਜਸਬੀਰ ਸਿੰਘ, ਖੱਬੇ ਪਾਸੇ ਵਾਲੇ ਦੇ, ਤੇ ਸਾਡੇ ਦੋਹਾਂ ਦੇ ਹੱਥਾਂ ਵਿੱਚ ਨੰਗੀਆਂ ਕਿਰਪਾਨਾਂ ਸਨ ।


ਮੈਂ ਪਾਇਲਟ ਦੀ ਧੌਣ ਉਤੇ ਕਿਰਪਾਨ ਰੱਖਦੇ ਹੋਏ ਕਿਹਾ, "ਅਸੀਂ ਇਹ ਜਹਾਜ਼ ਹਾਈਜੈਕ ਕਰ ਕੇ ਲਹੋਰ ਲਿਜਾਣਾ ਚਾਹੁੰਦੇ ਹਾਂ, ਅਤੇ ਅਸੀਂ ਇਹ ਕਾਰਵਾਈ ਸੰਤ ਜਰਨੈਲ ਸਿੰਘ ਭਿੰਢਰਾਂਵਾਲਿਆਂ ਦੀ ਗ੍ਰਿਫਤਾਰੀ, ਤੇ ਚੌਂਕ ਮਹਿਤਾ ਵਿੱਚ ਹੋਏ ਸਿੰਘਾਂ ਦੇ ਕਤਲੇਆਮ ਵਿਰੁੱਧ ਪ੍ਰੋਟੈਸਟ ਵਜੋਂ ਕਰ ਰਹੇ ਹਾਂ । ਸਾਡੇ ਅਨੇਕਾਂ ਭਰਾ ਸ਼ਹੀਦ ਹੋ ਚੁੱਕੇ ਹਨ, ਤੇ ਸਾਨੂੰ ਵੀ ਆਪਣੀ ਜ਼ਿੰਦਗੀ ਦੀ ਕੋਈ ਪ੍ਰਵਾਹ ਨਹੀਂ ਹੈ । ਜਹਾਜ਼ ਉਤਰੇਗਾ, ਤਾਂ ਸਿਰਫ ਲਹੋਰ ਉਤਰੇਗਾ, ਨਹੀਂ ਤਾਂ ਕਿਧਰੇ ਨਹੀਂ ਉਤਰੇਗਾ" ।


ਮੇਰੇ ਇਹ ਲਫਜ਼ ਆਪਣਾ ਪ੍ਰਭਾਵ ਛੱਡਣ ਵਿੱਚ ਕਾਮਯਾਬ ਰਹੇ, ਪਾਇਲਟ ਅਤੇ ਕੋ-ਪਾਇਲਟ ਨੇ ਇੱਕ ਘੜ੍ਹੀ ਬੇਬੱਸ ਨਜ਼ਰਾਂ ਨਾਲ ਇੱਕ ਦੂਜੇ ਵੱਲ ਦੇਖਿਆ, ਅਤੇ ਸਹਿਮੱਤੀ ਪ੍ਰਗੱਟ ਕਰਦਿਆਂ ਮੇਰੇ ਤੋਂ ਲਹੋਰ ਏਅਰਪੋਰਟ ਦੇ ਕੰਟਰੋਲ ਟਾਵਰ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ । ਮੇਰੀ ਹਾਂ ਤੋਂ ਇੱਕ ਦੋ ਮਿੰਟ ਬਾਦ ਉਹ ਲਹੋਰ ਹਵਾਈ ਅੱਡੇ ਦੇ ਕੰਟਰੋਲ ਟਾਵਰ ਨਾਲ ਗੱਲ ਕਰ ਰਿਹਾ ਸੀ । ਜਦੋਂ ਜਹਾਜ਼ ਲਹੋਰ ਦੇ ਰਾਹ ਪੈ ਗਿਆ, ਤਾਂ ਮੈਂ ਇਸ ਦੀ ਜਾਣਕਾਰੀ ਆਪਣੇ ਸਾਥੀਆਂ ਤੇ ਮੁਸਾਫਰਾਂ ਨੂੰ ਦੇਣ ਲਈ ਕਾਕਪਿਟ ਤੋਂ ਬਾਹਰ ਆਇਆ । ਬਾਹਰ ਸਤਿਨਾਮ ਸਿੰਘ, ਤੇਜਿੰਦਰ ਪਾਲ ਸਿੰਘ ਤੇ ਕਰਣ ਸਿੰਘ, ਹੱਥਾਂ ਵਿੱਚ ਕਿਰਪਾਨਾਂ ਫੜ੍ਹੀ 'ਖਾਲਿਸਤਾਨ ਜ਼ਿੰਦਾਬਾਦ' ਤੇ 'ਸੰਤ ਭਿੰਡਰਾਂਵਾਲੇ ਜ਼ਿੰਦਾਬਾਦ' ਦੇ ਨਾਹਰੇ ਮਾਰ ਰਹੇ ਸਨ । ਚੱਲਦਾ -

Comentários


CONTACT US

Thanks for submitting!

©Times Of Khalistan

bottom of page