ਨਵੀਂ ਦਿੱਲੀ-ਖਾਲਿਸਤਾਨ ਬਿਉਰੋ- ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ ਰਹਿਣ ਵਾਲਾ ਹੈ। ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਟੀਵੀ ਅਤੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਵੀਡੀਓ ਤੋਂ ਉਸ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਵੀ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਹੈ। ਜੁਗਰਾਜ ਸਿੰਘ ਦੇ ਪਿਤਾ ਬਲਦੇਵ ਸਿੰਘ ਅਤੇ ਮਾਂ ਭਗਵੰਤ ਕੌਰ ਆਪਣੀਆਂ ਤਿੰਨੋਂ ਧੀਆਂ ਨਾਲ ਗਾਇਬ ਹੋ ਗਏ ਹਨ। ਜੁਗਰਾਜ ਸਿੰਘ ਦੇ ਦਾਦਾ ਮਹਿਲ ਸਿੰਘ ਅਤੇ ਗੁਰਚਰਨ ਕੌਰ ਨੇ ਮੰਨਿਆ ਕਿ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲਾ ਉਨ੍ਹਾਂ ਦਾ ਹੀ ਪੋਤਾ ਹੈ। ਸਾਡਾ ਪਰਿਵਾਰ ਬਾਰਡਰ ਨਾਲ ਲੱਗਦੀਆਂ ਕੰਢਿਆਲੀਆਂ ਤਾਰਾਂ ਕੋਲ ਖੇਤੀ ਕਰਦਾ ਹੈ। ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਸੇ ਵੀ ਗੈਰ-ਸਮਾਜਿਕ ਸਰਗਰਮੀ 'ਚ ਸ਼ਾਮਲ ਨਹੀਂ ਰਿਹਾ।
ਦਾਦੀ ਗੁਰਚਰਨ ਕੌਰ ਨੇ ਕਿਹਾ ਕਿ ਜੁਗਰਾਜ ਪਿੰਡ ਦੇ ਗੁਰਦੁਆਰਿਆਂ 'ਚ ਨਿਸ਼ਾਨ ਸਾਹਿਬ ਅਤੇ ਝੋਲਾ ਸਹਿਬ ਚੜ੍ਹਾਉਣ ਦੀ ਸੇਵਾ ਕਰਦਾ ਸੀ। ਉਸ ਨੇ ਜੋਸ਼ 'ਚ ਆ ਕੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਵੀ ਝੰਡਾ ਲਹਿਰਾ ਦਿੱਤਾ ਹੋਵੇਗਾ। ਦਾਦਾ ਮਹਿਲ ਸਿੰਘ ਨੇ ਦੱਸਿਆ ਕਿ ਪਰਿਵਾਰ ਕੋਲ 2 ਏਕੜ ਜ਼ਮੀਨ ਹੈ। ਟਰੈਕਟਰ ਕਈ ਸਾਲਾਂ ਤੋਂ ਖਰਾਬ ਖੜਾ ਹੈ। ਪਰਿਵਾਰ 'ਤੇ 4 ਲੱਖ ਦਾ ਕਰਜ਼ਾ ਵੀ ਹੈ। ਉਸ ਦੇ ਇਸ ਕੰਮ ਤੋਂ ਪਿੰਡ ਦੇ ਲੋਕ ਵੀ ਹੈਰਾਨ ਹੈ। ਪਿੰਡ ਦੇ ਇਕ ਵਿਅਕਤੀ ਪ੍ਰੇਮ ਸਿੰਘ ਨੇ ਦੱਸਿਆ ਕਿ ਜੁਗਰਾਜ ਮੈਟ੍ਰਿਕ ਪਾਸ ਹੈ। 24 ਜਨਵਰੀ ਨੂੰ 2 ਟਰੈਕਟਰ ਟਰਾਲੀਆਂ ਕਿਸਾਨ ਅੰਦੋਲਨ ਲਈ ਰਵਾਨਾ ਹੋਈਆਂ ਸਨ। ਜੁਗਰਾਜ ਸਿੰਘ ਵੀ ਇਨ੍ਹਾਂ ਨਾਲ ਦਿੱਲੀ ਚੱਲਾ ਗਿਆ ਸੀ। 26 ਜਨਵਰੀ ਨੂੰ ਟੀਵੀ 'ਤੇ ਖਬਰ ਦੇਖ ਕੇ ਹੈਰਾਨੀ ਹੋਈ ਕਿ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲਾ ਨੌਜਵਾਨ ਜੁਗਰਾਜ ਸਿੰਘ ਉਨ੍ਹਾਂ ਦੇ ਪਿੰਡ ਦਾ ਹੈ।
Comments