top of page

ਡੌਮਨਿਕ ਰਾਬ ਨੂੰ ਮਨੁੱਖੀ ਅਧਿਕਾਰ ਸੰਗਠਨ ਰਿਪੀਵ ਵਲੋਂ ਜੱਗੀ ਜੌਹਲ ਦੀ ਰਿਹਾਈ ਲਈ ਅਪੀਲ

ਲੰਡਨ -ਖਾਲਿਸਤਾਨ ਬਿਉਰੋ - ਬੀ.ਬੀ.ਸੀ. ਅਤੇ ਯੂ.ਕੇ. ਦੇ ਟਾਈਮਜ਼ ਅਖ਼ਬਾਰ ਸਮੇਤ ਅੱਜ ਅੰਗਰੇਜ਼ੀ ਅਖ਼ਬਾਰਾਂ ਅਤੇ ਵੈਬਸਾਈਟਾਂ 'ਤੇ ਸਾਰਾ ਦਿਨ ਜੱਗੀ ਜੌਹਲ ਦੀ ਚਰਚਾ ਹੁੰਦੀ ਰਹੀ। ਸਕਾਟਲੈਂਡ ਵਾਸੀ ਜਗਤਾਰ ਸਿੰਘ ਜੱਗੀ ਜੌਹਲ 3 ਸਾਲ ਤੋਂ ਵੱਧ ਸਮੇਂ ਤੋਂ ਭਾਰਤ 'ਚ ਨਜ਼ਰਬੰਦ ਹੈ ਅਤੇ ਉਸ ਦੀ ਰਿਹਾਈ ਲਈ ਯੂ.ਕੇ. ਦੀ ਇਕ ਮਨੁੱਖੀ ਅਧਿਕਾਰ ਸੰਸਥਾ ਰਿਪੀਵ ਵਲੋਂ ਵਿਦੇਸ਼ ਮੰਤਰੀ ਡੌਮਨਿਕ ਰਾਬ ਨੂੰ ਦਖ਼ਲ ਦੇਣ ਲਈ ਕਿਹਾ ਹੈ।

ਟਾਈਮਜ਼ ਅਤੇ ਬੀ.ਬੀ.ਸੀ. ਨੇ ਰਿਪੀਵ ਦੇ ਹਵਾਲੇ ਨਾਲ ਲਿਖਿਆ ਕਿ ਜਗਤਾਰ ਸਿੰਘ ਨੂੰ ਮੌਤ ਦੀ ਸਜ਼ਾ ਹੋਣ ਦਾ ਖਦਸ਼ਾ ਹੈ ਕਿਉਂਕਿ ਇਹ ਕੇਸ ਸਿਆਸੀ ਪ੍ਰਵਿਰਤੀ ਵਾਲਾ ਹੈ। 33 ਸਾਲਾ ਜਗਤਾਰ ਸਿੰਘ ਜੌਹਲ ਨੂੰ 4 ਨਵੰਬਰ, 2017 ਨੂੰ ਪੰਜਾਬ ਵਿਚ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ ਆਪਣੇ ਵਿਆਹ ਤੋਂ ਬਾਅਦ ਖਰੀਦੋ ਫਰੋਖਤ ਕਰ ਰਿਹਾ ਸੀ। ਉਸ 'ਤੇ ਪੰਜਾਬ ਦੇ ਹਿੰਦੂ ਆਗੂਆਂ ਦੀ ਹੱਤਿਆ ਦੇ ਦੋਸ਼ ਲਗਾਏ ਗਏ ਹਨ। ਮੀਡੀਆ ਨੇ ਜੱਗੀ ਦੇ ਵਕੀਲ ਦੇ ਹਵਾਲੇ ਨਾਲ ਲਿਖਿਆ ਕਿ ਉਸ ਨੂੰ ਖਾਲੀ ਕਾਗਜ਼ਾਂ 'ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ ਅਤੇ ਅਤਿ ਤਸੀਹਿਆਂ ਦੇ ਡਰੋਂ ਕੈਮਰੇ ਸਾਹਮਣੇ ਕੁਝ ਖਾਸ ਲਾਈਨਾਂ ਬੋਲ੍ਹਣ ਲਈ ਕਿਹਾ ਗਿਆ।

ਉਨ੍ਹਾਂ ਭਾਰਤੀ ਅਧਿਕਾਰੀਆਂ 'ਤੇ ਤਸੀਹੇ ਦੇਣ ਅਤੇ ਬਦਸਲੂਕੀ ਕਰਨ ਦੇ ਦੋਸ਼ ਵੀ ਲਾਏ, ਜਿਸ ਨੂੰ ਭਾਰਤੀ ਅਥਾਰਟੀ ਨੇ ਮੁੱਢੋਂ ਰੱਦ ਕੀਤਾ ਹੈ। ਐਮ.ਪੀ. ਮਾਰਟਿਕ ਡੌਚਰਟੀ ਹਿਊਜ਼ ਨੇ ਇਸ ਮਾਮਲੇ ਨੂੰ ਸੰਸਦ ਵਿਚ ਵੀ ਉਠਾਇਆ ਅਤੇ ਉਨ੍ਹਾਂ ਸਾਬਕਾ ਵਿਦੇਸ਼ ਮੰਤਰੀ ਜੇਰੇਮੀ ਹੰਟ ਨੂੰ ਜੱਗੀ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਵੀ ਮੰਗ ਕੀਤੀ ਸੀ। ਵੈਸਟ ਡਨਬਰਟਨਸ਼ਾਇਰ ਦੇ ਐਮ.ਪੀ. ਨੇ ਜੱਗੀ ਜੌਹਲ 'ਤੇ ਲਾਏ ਦੋਸ਼ਾਂ ਬਾਰੇ ਕਿਹਾ ਹੈ ਕਿ ਉਹ ਬਰਤਾਨਵੀ ਨਾਗਰਿਕ ਹੈ ਅਤੇ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਹੈ ਕਿ ਅੰਤਰਰਾਸ਼ਟਰੀ ਕਾਨੂੰਨ ਤਹਿਤ ਉਸ ਦੇ ਅਧਿਕਾਰਾਂ ਦੀ ਰੱਖਿਆ ਯਕੀਨੀ ਬਣਾਏ।

ਜੱਗੀ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਉਸ ਦਾ ਭਰਾ ਨਿਰਦੋਸ਼ ਹੈ, ਉਸ ਨੂੰ ਸਿਰਫ ਇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਹ ਸ਼ਾਂਤਮਈ ਢੰਗ ਨਾਲ ਸਿੱਖਾਂ ਵਿਰੁੱਧ ਭਾਰਤ ਵਿਚ ਹੋਈ ਹਿੰਸਾ ਬਾਰੇ ਲਿਖਦਾ ਸੀ। ਜਦੋਂ ਵੀ ਸੁਣਵਾਈ ਸ਼ੁਰੂ ਹੋਵੇਗੀ, ਉਸ ਦੀ ਬੇਗੁਨਾਹੀ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਉਸ ਨੂੰ ਵਾਪਸ ਭੇਜਣਾ ਚਾਹੀਦਾ ਹੈ।

Comments


bottom of page