top of page

26 ਜਨਵਰੀ ਨੂੰ ਹੋਈ ਲਾਲ ਕਿਲ੍ਹੇ ਵਾਲੀ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਵੱਡਾ ਬਿਆਨ

ਅੰਦੋਲਨ ਨੂੰ ਜ਼ਾਬਤੇ ਵਿਚ ਰੱਖਣ ਦੀ ਜ਼ਿੰਮੇਵਾਰੀ ਆਗੂਆਂ ਦੀ ਹੁੰਦੀ ਹੈ

ਤਲਵੰਡੀ ਸਾਬੋ-ਖਾਲਿਸਤਾਨ ਬਿਉਰੋ - ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਦੇਸ਼ ਦੇ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਪਰੇਡ ਕੀਤੀ ਗਈ ਸੀ ਪਰ ਕੁੱਝ ਲੋਕਾਂ ਵੱਲੋਂ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਉਣ ਨਾਲ ਬਵਾਲ ਮੱਚ ਗਿਆ। ਇਸ ਵਿਵਾਦ ਤੋਂ ਬਾਅਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਵਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ 26 ਜਨਵਰੀ ਨੂੰ ਕੁੱਝ ਅਣਸੁਖਾਵੀਆਂ ਘਟਨਾਵਾਂ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਦਾ ਕੰਮ ਵੀ ਕੀਤਾ।

ਅੰਦੋਲਨ ਨੂੰ ਜ਼ਾਬਤੇ ਵਿਚ ਰੱਖਣ ਦੀ ਜ਼ਿੰਮੇਵਾਰੀ ਆਗੂਆਂ ਦੀ ਹੁੰਦੀ ਹੈ, ਅੰਦੋਲਨ ਦੌਰਾਨ ਚੰਗਾ ਹੋਣ ਅਤੇ ਆਗੂ ਦੀ ਪ੍ਰਸ਼ੰਸਾ ਹੁੰਦੀ ਹੈ ਅਤੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਵੀ ਆਗੂਆਂ ਨੂੰ ਲੈਣੀ ਪੈਂਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਨਿਸ਼ਾਨ ਨੂੰ ਖਾਲਿਸਤਾਨੀ ਦੱਸ ਕੇ ਭੰਡੀ ਪ੍ਰਚਾਰ ਕਰਨ ਗਲ਼ਤ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿਚ ਫਤਿਹ ਦਿਵਸ ਮੌਕੇ ਵੀ ਲਾਲ ਕਿਲੇ੍ ਦੀਆਂ ਕੰਧਾਂ ’ਤੇ ਖਾਲਸੇ ਦੇ ਨਿਸ਼ਾਨ ਲਗਾਏ ਜਾਂਦੇ ਹਨ। ਇਸ ਵਾਰ ਦੀ 26 ਜਨਵਰੀ ਦੀ ਪਰੇਡ ਵਿਚ ਵੀ ਇਕ ਝਾਕੀ ਦੌਰਾਨ ਖਾਲਸੇ ਦੇ ਨਿਸ਼ਾਨ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਭੀੜ ਵਿਚ ਹਮੇਸ਼ਾ ਦੋਸ਼ੀ ਭੱਜ ਨਿਕਲਦੇ ਹਨ ਅਤੇ ਬੇ-ਕਸੂਰੇ ਲੋਕ ਫੜੇ ਜਾਂਦੇ ਹਨ, ਉਥੇ ਵੀ ਅਜਿਹਾ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜੋ 26 ਜਨਵਰੀ ਨੂੰ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅੰਦੋਲਨ ਦੇ ਆਗੂਆਂ ਨੂੰ ਇਕ ਦੂਜੇ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਕੇ ਸ਼ਾਂਤੀ ਅਤੇ ਸੂਝ ਨਾਲ ਚੱਲਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦਾ ਹੱਲ ਗੱਲਬਾਤ ਨਾਲ ਹੀ ਹੋਵੇਗਾ ਦੋਵਾਂ ਧਿਰਾ ਨੂੰ ਇਕ-ਇਕ ਕਦਮ ਪਿੱਛੇ ਹੋਣਾ ਚਾਹੀਦਾ ਹੈ।

bottom of page