੨੯ ਸਤੰਬਰ ੧੯੮੧ ਨੂੰ ਯਾਦ ਕਰਦੇ ਹੋਏ
ਅੱਜ ਜੇਲ੍ਹ ਅਤੇ ਜਲਾਵਤਨੀ ਦੇ ੩੯ ਸਾਲ ਪੂਰੇ ਹੋ ਰਹੇ ਸਨ ।
ਹਰ ਸਾਲ ਇਸ ਜੇਲ੍ਹ ਤੇ ਜਲਾਵਤਨੀ ਦੇ ਸਫਰ ਦੀ ਉਮਰ ਇੱਕ ਸਾਲ ਹੋਰ ਵੱਧ ਜਾਂਦੀ ਹੈ । ਇਸ ਵਾਰ ਤਿੰਨ ਚਾਰ ਮਹੀਨੇ ਪਹਿਲਾਂ ਲੱਗ ਰਿਹਾ ਸੀ, ਇਸ ਵਾਰ ੩੯ ਸਾਲ ਪੂਰੇ ਨਹੀਂ ਹੋਣੇ । ਪਰ ਵਾਹਿਗੁਰੂ ਦੀ ਮਰਜੀ ਹੈ, ਹਾਲੇ ਦੁਨੀਆਂ ਦੇ ਕੁੱਝ ਹੋਰ ਰੰਗ ਦਿਖਾਣ ਦੀ, ਤੇ ਸ਼ਾਇਦ ਕੁੱਝ ਹੋਰ ਜ਼ਿੰਮੇਵਾਰੀਆਂ ਨਿਭਵਾਉਣ ਦੀ ।
ਬੀਤੇ ਹਰ ਵਰ੍ਹੇ ਇਸ ਦਿਨ ਨੂੰ ਜਨਮ ਦਿਨ ਵਾਂਗ ਮਨਾਇਆ ਹੈ, ਅੱਜ ਵੀ ਮਾਣ ਹੈ, ਅਤੇ ਹਮੇਸ਼ਾਂ ਰਹੇਗਾ ।
ਕੋਈ ਦਾਅਵਾ ਨਹੀਂ ਬੀਤੇ ਸਮੇਂ ਵਿੱਚ ਮੱਲਾਂ ਮਾਰਨ ਦਾ, ਤੇ ਨਾ ਹੀ ਭਵਿੱਖ ਵਿੱਚ ਨਵੇਂ ਮੋਰਚੇ ਸਰ ਕਰ ਲੈਣ ਦਾ ਦਾਅਵਾ ਹੈ । ਬਸ ਕੋਸ਼ਿਸ਼ ਰਹੀ ਹੈ, ਸੰਘਰਸ਼ ਨੂੰ ਸਫਲਤਾ ਵੱਲ ਵੱਧਦੇ ਹੋਏ ਦੇਖਣ ਦੀ, ਤੇ ਉਸ ਲਈ ਜੋ ਵੀ ਕਰ ਸਕਿਆ ਹਾਂ ਕੀਤਾ ਹੈ, ਤੇ ਕਰਦੇ ਰਹਿਣ ਦੀ ਇੱਛਾ ਹੈ ।
ਦਿੱਲੀ ਦੇ ਹਾਕਮਾਂ ਤੇ ਕੌਮ ਦੇ ਦੋਖੀਆਂ ਬਿਨਾਂ ਕਿਸੇ ਨਾਲ ਦੁਸ਼ਮਣੀ ਨਹੀਂ ਸਮਝੀ । ਸੰਘਰਸ਼ ਵਿੱਚ ਸਾਰੀ ਉਮਰ ਬੀਤੀ ਹੈ, ਤੇ ਸੰਘਰਸ਼ ਦੀ ਵੀ ਆਪਣੀ ਇੱਕ ਸਿਆਸਤ ਜ਼ਰੂਰ ਹੁੰਦੀ ਹੈ, ਸੋ ਬਹੁਤ ਸਾਰੇ ਲੋਕ ਜ਼ਿੰਦਗੀ ਵਿੱਚ ਨਰਾਜ਼ ਹੋਏ ਹੋਣਗੇ, ਪਰ ਸਾਰੀ ਜ਼ਿੰਦਗੀ ਕੋਸ਼ਿਸ਼ ਰਹੀ ਹੈ ਕਿ ਕਿਸੇ ਦਾ ਵੀ ਦਿੱਲ ਨਾ ਦੁਖਾਇਆ ਜਾਵੇ ।
ਸਾਂਝੀ ਪੰਥਕ ਸੋਚ ਤੇ ਇੱਕਸੁਰਤਾ ਨਾਲ ਪਿਆਰ ਰਿਹਾ ਹੈ, ਪਰ ਨਫਰਤ ਕਿਸੇ ਨਾਲ ਨਹੀਂ ਕੀਤੀ । ਤੰਗ ਨਜ਼ਰੀ ਕਿਸੇ ਤਰ੍ਹਾਂ ਦੀ ਵੀ ਪਸੰਦ ਨਹੀਂ ਹੈ।
ਵਿਚਾਰਕ ਮੱਤਭੇਦਾਂ ਨੂੰ ਕਦੇ ਕਿਸੇ ਨਾਲ ਵੀ ਦੁਸ਼ਮਣੀ ਦਾ ਕਾਰਨ ਨਹੀਂ ਮੰਨਿਆਂ, ਤੇ ਨਾ ਹੀ ਬਣਨ ਦਿੱਤਾ ਹੈ ।
ਕੌਮੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਰ ਸੱਜਣ ਨੂੰ ਭਾਵੇਂ ਉਹ ਕਿਸੇ ਵੀ ਜੱਥੇਬੰਦੀ ਵਿੱਚ ਹੋਵੇ, ਸਤਿਕਾਰ ਦੇ ਕਾਬਿਲ ਸਮਝਦਾ ਹਾਂ ।
ਆਪਣੀ ਜ਼ਾਤ ਬਾਰੇ ਕੋਈ ਖਵਾਹਿਸ਼ ਨਹੀਂ ਹੈ, ਅਗਰ ਕੋਈ ਖਵਾਹਿਸ਼ ਹੈ ਤਾਂ ਬਸ ਇਹੀ ਹੈ ਕਿ ਵਾਹਿਗੁਰੂ ਕੇਸਾਂ ਸਵਾਸਾਂ ਤੇ ਸੰਘਰਸ਼ ਸੰਗ ਨਿਭਾ ਦੇਵੇ।
ਆਪ ਸੱਭ ਦੀਆਂ ਅਰਦਾਸਾਂ ਤੇ ਦੁਆਵਾਂ ਲਈ ਸਦਾ ਧੰਨਵਾਦੀ ਅਤੇ ਤਲਬਗਾਰ ਰਹਾਂਗਾ ।
ਗਜਿੰਦਰ ਸਿੰਘ, ਦਲ ਖਾਲਸਾ ।
੨੯ ਸਤੰਬਰ ੨੦੨੦
………………………………..
Comments