top of page

ਜਲਾਵਤਨੀ ਦੇ 39 ਸਾਲ ਪੂਰੇ ਹੋਣ ਜਾ ਰਹੇ ਹਨ - ਗਜਿੰਦਰ ਸਿੰਘ, ਦਲ ਖਾਲਸਾ

ਜਲਾਵਤਨੀ ਤੋਂ ਆਜ਼ਾਦੀ ਵੱਲ


ਜਦੋਂ ਜਲਾਵਤਨੀ ਦੀ ਜ਼ਿੰਦਗੀ ਦੇ 27 ਸਾਲ ਹੋਏ ਸਨ, ਉਦੋਂ ਇੱਕ ਲੇਖ ਲਿਖਿਆ ਸੀ, ਸ਼ਾਇਦ ਜੱਥੇਬੰਦੀ ਦੇ ਕਿਸੇ ਸਮਾਗਮ ਲਈ ਸੁਨੇਹੇ ਦੇ ਰੂਪ ਵਿੱਚ ।

ਇਸ ਮਹੀਨੇ, ਜਲਾਵਤਨੀ ਦੇ 39 ਸਾਲ ਪੂਰੇ ਹੋਣ ਜਾ ਰਹੇ ਹਨ । ਬਾਰਾਂ ਸਾਲ ਪਹਿਲਾਂ ਲਿਖੇ ਲੇਖ ਨੂੰ ਸਾਂਝਾ ਕਰਨ ਦਾ ਮੰਨ ਬਣਿਆਂ ਹੈ ।

ਵਿਚਾਰ ਅਤੇ ਜਜ਼ਬੇ ਉਹੀ ਹਨ, ਪਰ ਹਾਂ ਸੇਹਤ ਪਹਿਲਾਂ ਵਾਲੀ ਨਹੀਂ ਰਹੀ । ਪਹਿਲੇ ਦਿਨ ਤੋਂ ਮੇਰੀ ਸਿਆਸਤ, ਮੇਰਾ ਸੰਘਰਸ਼ ਹੈ । ਖਾਲਿਸਤਾਨ ਲਈ ਸੰਘਰਸ਼ ਬਿਨ੍ਹਾਂ ਹੋਰ ਕਿਸੇ ਸਿਆਸਤ ਨਾਲ ਬਹੁਤਾ ਲੈਣ ਦੇਣ ਨਹੀਂ ਰਖਿਆ । ਧਾਰਮਿੱਕ ਤੌਰ ਤੇ ਪੰਥ ਦੀ ਸਾਂਝੀ ਸੋਚ, ਤੇ ਮਰਿਯਾਦਾ ਨੂੰ ਜ਼ਿੰਦਗੀ ਸਮਝਿਆ ਹੈ । ਕਿਸੇ ਧਾਰਮਿੱਕ ਧੜ੍ਹੇਬੰਦੀ, ਕਿਸੇ ਜੱਥੇ, ਸੰਪਰਦਾ, ਜਾਂ ਡੇਰੇ ਦਾ ਹਿੱਸਾ ਨਹੀਂ ਰਿਹਾ । ਮੇਰੇ ਲਈ ਪੰਥ ਹੀ ਪਹਿਲਾਂ ਹੈ, ਤੇ ਪੰਥ ਹੀ ਅਖੀਰ

ਗਜਿੰਦਰ ਸਿੰਘ, ਦਲ ਖਾਲਸਾ ।

23.9.2020


ਜਲਾਵਤਨੀ ਤੋਂ ਆਜ਼ਾਦੀ ਵੱਲ


ਅੱਜ ਮੈਂ ਜਲਾਵਤਨੀ ਵਿੱਚ ਹਾਂ, ਪਿੱਛਲੇ ਸਤਾਈ ਸਾਲ ਤੋਂ, ਨਹੀਂ ਸ਼ਾਇਦ ਓਦੋਂ ਤੋਂ ਹੀ ਜਦੋਂ ਮੈਂ ਹੋਸ਼ ਸੰਭਾਲੀ ਸੀ, ਤੇ ''ਆਪਣੇ ਘਰ'' ਦਾ ਸੁਪਨਾ ਲਿੱਤਾ ਸੀ । ਦੁਨੀਆਂ ਵਿੱਚ ਅਜਿਹੇ ਲੋਕ ਬਹੁਤ ਥੋੜੇ ਹੀ ਹੁੰਦੇ ਹਨ, ਜਿਹੜੇ ਮਾਨਸਿਕ ਜਲਾਵਤਨੀ ਨਾਲ ਸਰੀਰਕ ਜਲਾਵਤਨੀ ਵੀ ਹੰਢਾਂਓੁਂਦੇ ਹਨ । ਅੱਜ ਜਦੋਂ ਅਸੀਂ ਜੂਨ 84 ਦੇ ਖੂਨੀ ਘੱਲੂਘਾਰੇ, ਭਾਰਤ ਸਰਕਾਰ ਦੇ ਸਾਡੇ ਖਿਲਾਫ ਕੀਤੇ ਨਾ ਬਖਸ਼ੇ ਜਾ ਸਕਣ ਵਾਲੇ ਗੁਨਾਹ ਨੂੰ ਯਾਦ ਕਰ ਰਹੇ ਹਾਂ, ਤਾਂ ਮੇਰਾ ਦਿੱਲ ਕਰਦਾ ਹੈ ਕਿ ਮੈਂ ਤੁਹਾਡੇ ਨਾਲ, ਤੇ ਤੁਹਾਡੇ ਰਾਹੀਂ ਆਪਣੀ ਸਾਰੀ ਕੌਮ, ਸਾਰੀ ਇਨਸਾਨੀਅਤ ਨਾਲ, ਆਪਣੀ ਜਲਾਵਤਨੀ ਦੇ ਸੰਤਾਪ ਨੂੰ ਸਾਂਝਾ ਕਰਾਂ । ਜਦੋਂ ਮੈਂ ਚੜ੍ਹਦੀ ਜਵਾਨੀ ਦੇ ਸ਼ੁਰੂ ਵਿੱਚ ਕਵਿਤਾ ਲਿੱਖਣੀ ਸ਼ੁਰੂ ਕੀਤੀ ਸੀ, ਭੋਲੇ ਭਾਅ ਇੱਕ ਕਾਵਿ ਟੋਟਾ ਲਿਖਿਆ ਸੀ, ਜੋ ਬਾਦ ਵਿੱਚ ਮੇਰੀ ਜ਼ਿੰਦਗੀ ਦੇ ਸਫਰ ਦਾ ਕੱਚਾ ਤੇ ਬਿਖੜਾ ਰਾਹ ਸਾਬਿਤ ਹੋਇਆ .....

ਇੱਕ ਸੋਚ ਸੋਚੀ ਏ, ਇੱਕ ਸੁਪਨਾ ਲਿੱਤਾ ਏ,

ਹੁਣ ਘਰ ਬਣਾਉਣ ਦਾ,

ਇੱਕ ਤਹਈਆ ਕੀਤਾ ਏ,

ਇੱਕ ਨਿਸਚਾ ਕੀਤਾ ਏ,

ਹੁਣ ਸਿਰ ਕਟਵਾਣ ਦਾ ।


ਸਿਰ ਕਟਵਾਣ ਵਾਲੀ ਪਹਿਲੀ ਗੱਲ ਤਾਂ ਓਦੋਂ ਹੀ ਕਰ ਲਈ ਸੀ, ਜਦੋਂ ਦਿਸੰਬਰ 1971 ਵਿੱਚ ਇੰਦਰਾ ਗਾਂਧੀ ਦੇ ਮੂੰਹ ਤੇ ਇਸ਼ਤਿਹਾਰ ਸੁੱਟ ਕੇ ਆਜ਼ਾਦੀ ਦੇ ਸਫਰ ਤੇ ਤੁਰਨ ਦਾ ਐਲਾਨ ਕੀਤਾ ਸੀ, ਉਸ ਤੋਂ ਬਾਦ ਦਾ ਸਫਰ ਤਾਂ ਸਿਰ ਤਲੀ ਤੇ ਰੱਖਣ ਦੀ ਰਵਾਇਤ ਦੇ ਅੰਦਾਜ਼ ਵਿੱਚ ਹੀ ਕੀਤਾ ਹੈ

ਜਦੋਂ ਜੂਨ 1984 ਵਿੱਚ ਮੇਰੀ ਧਰਤੀ ਤੇ, ਮੇਰੀ ਧਰਤੀ ਦੇ ਤਾਜ ਅਕਾਲ ਤਖੱਤ ਸਾਹਿਬ ਤੇ ਭਾਰਤੀ ਫੌਜ ਖੂਨੀ ਘਟਾ ਬਣ ਕੇ ਚੜੀ੍ਹ ਹੋਈ ਸੀ, ਮੈਂ ਜੇਲ੍ਹ ਵਿੱਚ ਸਾਂ । ਭਾਰਤੀ ਤੋਪਾਂ ਤੇ ਟੈਂਕਾਂ ਦੀ ਬੰਬਾਰੀ ਬੀ ਬੀ ਸੀ ਰਾਹੀਂ ਸਾਡੇ ਤੱਕ ਪਹੁੰਚਦੀ ਸੀ, ਤੇ ਸਾਡੀ ਮਾਨਸਿਕਤਾ ਨੂੰ ਲਹੂ ਲੁਹਾਣ ਕਰਦੀ ਸੀ । ਜਿੱਥੇ ਮੇਰਾ ਕਾਵਿ ਹਿਰਦਾ ਜ਼ਖਮਾਂ ਦੀ ਪੀੜ੍ਹ ਮਹਿਸੂਸ ਕਰਦਾ ਸੀ, ਓਥੇ ਮੇਰੀ ਕਾਵਿ ਦ੍ਰਿਸ਼ਟੀ ਦਿੱਲੀ ਤਖੱਤ ਵੱਲੋਂ ਅਕਾਲ ਪੁਰਖ ਦੇ ਤਖੱਤ ਨੂੰ ਚੈਲੰਜ ਕੀਤੇ ਜਾਣ ਦਾ ਨਾ ਬਖਸ਼ੇ ਜਾਣ ਵਾਲਾ ਗੁਨਾਹ ਦੇਖ ਕੇ ਆਪਣੀ ਧਰਤੀ ਆਪਣੇ ਲੋਕਾਂ ਦੀ ਖੈਰ ਮੰਗਣ ਲਈ ਹੱਥ ਖੜ੍ਹੇ ਕਰ ਰਹੀ ਸੀ । ਮੇਰੀ ਕਾਵਿ ਦ੍ਰਿਸ਼ਟੀ ਦੇਖ ਰਹੀ ਸੀ, ਇੱਕ ਲੰਮੇ ਖੂਨੀ ਪੈਂਡੇ ਨੂੰ....। ਮੈਂ ਓਦੋਂ ਆਪਣੇ ਦੁਸ਼ਮਣ, ਆਪਣੇ ਵੀਰਾਂ ਭੈਣਾਂ ਦੀ ਕਾਤਿਲ, ਜਿਸ ਨੇ ਆਪਣੇ ਜੇਤੂ ਅੰਦਾਜ਼ ਵਿੱਚ ਸਾਡੇ ਜ਼ਖਮ ਭਰਨ ਦੀ ਗੱਲ ਕੀਤੀ ਸੀ, ਨੂੰ ਸੰਬੋਧਿੱਤ ਹੋ ਕੇ ਲਿਖਿਆ ਸੀ,....

ਤੂੰ ਸਾਡੇ ਜ਼ਖਮਾਂ ਦੀ ਕਰ ਨਾ ਚਿੰਤਾ

ਹਰੇ ਭਰੇ ਰੱਖਾਂ ਗੇ, ਪੀੜਾ ਜਰਾਂਗੇ

ਵੀਰਾਂ ਦੇ ਲਹੂ ਦੀ ਮੋੜਾ੍ਹਂ ਗੇ ਭਾਜੀ,

ਫੇਰ ਮਰਹਮ ਦੀ ਗੱਲ ਕਰਾਂ ਗੇ ।


ਇਹ ਭਾਜੀ੍ਹ ਮੁੜ੍ਹਨੀ ਹੀ ਮੁੜ੍ਹਨੀ ਸੀ .....ਇਹ ਇੱਕ ਅਣਹੋਣੀ ਹੋਣੀ ਸੀ ਜੇ ਇੰਨਾ ਵੱਡਾ ਗੁਨਾਹ ਕਰਨ ਵਾਲਾ ਆਪਣੇ ਗੁਨਾਹ ਨੂੰ ਨਾਲ ਲੈ ਕੇ ਇਸ ਦੁਨੀਆਂ ਤੋਂ ਰੁਖਸਤ ਹੁੰਦਾ....।

ਅੱਜ ਜਦੋਂ ਮੈਂ ਜੂਨ 84 ਅਤੇ ਆਜ਼ਾਦੀ ਸੰਘਰਸ਼ ਦੇ ਹੋਰ ਸ਼ਹੀਦਾਂ ਨੂੰ ਸ਼੍ਰਧਾਂਜਲੀ ਦੇਣ ਲਈ ਇਹ ਸ਼ਬਦ ਲਿੱਖ ਰਿਹਾ ਹਾਂ, ਤਾਂ ਮੈਂ ਆਪਣੇ ਆਪ ਨੂੰ ਇਹ ਸਵਾਲ ਵੀ ਕਰਦਾ ਹਾਂ, ਕਿ ''ਉਹ ਕੌਣ ਲੋਕ ਹੁੰਦੇ ਹਨ, ਜੋ ਸਹਿਜੇ ਹੀ ਆਪਣੇ ਮਕਸਦ ਲਈ ਜਾਨ ਕੁਰਬਾਨ ਕਰਨ ਲਈ ਤਿਆਰ ਹੋ ਜਾਦੇ ਹਨ'' ? ਮੇਰੇ ਅੰਦਰੋਂ ਆਪ ਮੁਹਾਰੇ ਹੀ ਫਿਰ ਜਵਾਬ ਉੱਠਦਾ ਹੈ, ਕਿ ''ਇਹ ਉਹ ਲੋਕ ਹੁੰਦੇ ਹਨ, ਜਿਹੜੇ ਪਹਿਲਾਂ ''ਜਲਾਵਤਨ'' ਹੁੰਦੇ ਹਨ, ਸਰੀਰਕ ਤੌਰ ਤੇ ਆਪਣੇ ਘਰਾਂ ਵਿੱਚ ਰਹਿ ਕੇ ਵੀ ਮਾਨਸਿਕ ਜਲਾਵਤਨੀ ਭੋਗ ਰਹੇ ਹੁੰਦੇ ਹਨ ।

ਜਲਾਵਤਨੀ ਇੱਕ ਮਾਨਸਿਕਤਾ ਹੈ, ਮੇਰੇ ਵਰਗੇ ਸਰੀਰਕ ਜਲਾਵਤਨੀ ਭੋਗਣ ਵਾਲੇ ਲੋਕ ਬੇਸ਼ੱਕ ਘੱਟ ਹੁੰਦੇ ਹਨ, ਪਰ ਮਾਨਸਿਕ ਜਲਾਵਤਨੀ ਕੱਟਣ ਵਾਲਿਆਂ ਦੀ ਗਿਣਤੀ ਦੀ ਕੋਈ ਕਮੀ ਨਹੀਂ ਹੈ, ਨਾ ਸਾਡੀ ਕੌਮ ਵਿੱਚ, ਨਾ ਦੁਨੀਆਂ ਵਿੱਚ । ਸਿੱਖੀ ਮੈਨੂੰ ਮੇਰੇ ਪਰਿਵਾਰ ਵਿੱਚੋਂ ਮਿਲੀ ਹੈ, ਜਜ਼ਬਾ ਮੈਨੂੰ ਮੇਰੀ ਮਾਂ ਨੇ ਦਿੱਤਾ ਹੈ, ਤੇ ਸੋਚ ਸਿਰਦਾਰ ਕਪੂਰ ਸਿੰਘ ਰਾਹੀਂ ਮਿਲੀ ਹੈ, ਤੇ ਇਸ ਸੋਚ ਨੂੰ ਘੜਿਆ ਹੈ ਮੇਰੇ ਆਪਣੇ ਹੰਢਾਏ ਤਜਰਬਿਆਂ ਨੇ, ਸੰਤਾਪਾਂ ਨੇ । ਆਪਣੇ ਘਰ ਦੀ ਤਲਾਸ਼ ਵਿੱਚ ਮੈਂ ੳਦੋਂ ਹੀ ਨਿਕਲ ਪਿਆ ਸਾਂ, ਜਦੋਂ ਮੈਂ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਪੜ੍ਹਦਾ ਸਾਂ, ਤੇ ਮੇਰੀ ਉਮਰ 16/17 ਸਾਲ ਦੀ ਸੀ । ਸੋਚ ਦੇ ਸਫਰ ਨੇ ਹੀ ਪੈਰਾਂ ਨੂੰ ਸਫਰ ਲਈ ਤਿਆਰ ਕੀਤਾ ਸੀ, ਤੇ ਇਹੀ ਸਫਰ ਮੇਰੀ ਜਲਾਵਤਨੀ ਦਾ ਸਫਰ ਸੀ, ਜੋ ਜਾਰੀ ਹੈ, ਤੇ ਜਾਰੀ ਰਹੇਗਾ, ''ਆਪਣੇ ਘਰ ਅਪੜਨ ਤੱਕ'' ।

29 ਸਤੰਬਰ 1981 ਤੋਂ ਸਰੀਰਕ ਜਲਾਵਤਨੀ ਸ਼ੁਰੂ ਹੋਈ ਸੀ, ਜਿਸ ਤੋਂ ਬਾਦ ਆਪਣੇ ਪਰਿਵਾਰ ਨਾਲ ਮੇਰਾ ਹਕੀਕੀ ਰਾਬਤਾ ਕਦੇ ਨਹੀਂ ਰਿਹਾ । ਮਾਂ ਪਿਓ ਦੁਨੀਆਂ ਛੱਡ ਗਏ, ਮੈਂ ਜੇਲ੍ਹ ਵਿੱਚ ਬੈਠੇ ਨੇ ਉਹਨਾਂ ਲਈ ਅਰਦਾਸ ਕਰ ਕੇ ਮੰਨ ਨੂੰ ਧਰਵਾਸ ਦੇ ਲਈ, ਤੇ ਪਤਾ ਨਹੀਂ ਹੋਰ ਕਿੰਨੇ ਹੀ ਪਿਆਰਿਆਂ ਤੇ ਪਿਆਰ ਕਰਨ ਵਾਲਿਆਂ ਦੇ ਵਿਛੋੜੇ ਭੋਗੇ ਹਨ, ਇਸ ਜੇਲ੍ਹ ਤੇ ਜਲਾਵਤਨੀ ਦੌਰਾਨ ।


ਤੁਸੀਂ ਸਾਰੇ ਜੋ ਅੱਜ ਇਸ ਇਕੱਠ ਵਿੱਚ ਬੈਠੇ ਹੋ, ਮੇਰੇ ਵਾਂਗ ਹੀ ਜਲਾਵਤਨੀ ਭੋਗ ਰਹੇ ਹੋ । ਤੁਹਾਡੇ ਸਰੀਰ ਭਾਵੇਂ ਕਿਤੇ ਵੀ ਹੋਣ, ਕੁੱਝ ਵੀ ਕਰ ਰਹੇ ਹੋਣ, ਤੁਹਾਡੀਆਂ ਸੋਚਾਂ, ਤੁਹਾਡੀਆਂ ਰੂਹਾਂ ਕਿਤੇ ਹੋਰ ਹੁੰਦੀਆਂ ਹਨ । ਤੁਸੀਂ ਵੀ ਮੇਰੇ ਵਾਂਗ ਸੁਪਨੇ ਲੈਣ ਵਾਲੇ ਲੋਕ ਹੋ, ਫਰਕ ਸਿਰਫ ਇਹ ਹੈ ਕਿ ਤੁਹਾਡੀਆਂ ਮਜਬੂਰੀਆਂ ਨੇ ਤੁਹਾਡੇ ਸੁਪਨੇ ਵੀ ਡੱਕੇ ਹੋਏ ਹਨ, ਆਪੋ ਆਪਣੀਆਂ ਨੀਂਦਰਾਂ ਦੇ ਅੰਦਰ । ਤੁਸੀਂ ਸ਼ਾਇਦ ਉਸ ਦਿਨ ਦੀ ਉਡੀਕ ਕਰ ਰਹੇ ਹੋ, ਜਦੋਂ ਕੋਈ ਆਏ, ਕੋਈ ਸਮਾਂ, ਕੋਈ ਯੋਧਾ ਸੰਗਲ ਤੋੜ੍ਹਨ ਵਾਲਾ, ਤੇ ਆ ਤੇ ਤੁਹਾਡੇ ਸੁਪਨੇ ਤੁਹਾਡੀਆਂ ਨੀਂਦਰਾਂ ਚੋਂ ਕੱਢ ਕੇ, ਧਰਤੀ ਤੇ ਉਲੀਕ ਦੇਵੇ । ਮੇਰੇ ਵੀਰੋ ਯਕੀਨ ਰਖਿਓ, ਉਹ ਦਿਨ ਆਵੇਗਾ, ਜ਼ਰੂਰ ਆਵੇਗਾ ....

ਇੱਕ ਦਿਨ ਸਾਡੇ ਘਰ ਵੀ ਚਾਨਣ ਹੋਵੇਗਾ, ਮੂੰਹ ਸਾਡੇ ਬਚਿਆਂ ਦੇ ਚਾਨਣ ਧੋਵੇਗਾ

ਇੱਕ ਦਿਨ ਸਾਡੀ ਪਤਝੜ੍ਹ ਵੀ ਮੁੱਕ ਜਾਵੇਗੀ, ਇੱਕ ਦਿਨ ਸਾਡੇ ਲਈ ਬਸੰਤ ਵੀ ਆਵੇਗੀ ।


ਕੀ ਤੁਸੀਂ ਇਸ ਸਫਰ ਤੇ ਇਕੱਲੇ ਹੋ ? ਜਾਂ ਮੈਂ ਇਕੱਲਾ ਹਾਂ ? ਨਹੀਂ, ਨਾ ਤੁਸੀਂ ਇਕੱਲੇ ਹੋ ਨਾ ਮੈਂ ਇਕੱਲਾ ਹਾਂ, ਇਹ ਵਰਤਾਰਾ ਤਾਂ ਦੁਨੀਆਂ ਦੇ ਹਰ ਹਿੱਸੇ ਵਿੱਚ ਵਰਤ ਰਿਹਾ ਹੈ, ਫਲਸਤੀਨ ਤੋਂ ਲੈ ਕੇ ਕਸ਼ਮੀਰ ਤੱਕ, ਤਿਬੱਤ ਤੋਂ ਲੈ ਕੇ ਬਰਮਾ ਤੱਕ, ਕਿਹੜਾ ਕਿਹੜਾ ਨਾਮ ਲਈਏ ਤੇ ਕਿਹੜਾ ਛੱਡੀਏ । ਸੱਚ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ, ਇਹ ਸਿਰਫ ਜ਼ਮੀਰ ਦੀ ਆਵਾਜ਼ ਪਿੱਛੇ ਚੱਲਣ ਵਾਲੇ ਲੋਕ ਹੀ ਕਰ ਸਕਦੇ ਹਨ, ਨਹੀਂ ਤਾਂ ਇਹ ਹੀ ਡਰ ਬਣਿਆਂ ਰਹਿੰਦਾ ਹੈ ਕਿ ਕਿਹੜਾ ਨਾਮ ਲਿਆਂ ਅਮਰੀਕਾ ਨਾਰਾਜ਼ ਹੁੰਦਾ ਹੈ, ਤੇ ਕਿਹੜਾ ਲਿਆਂ ਚੀਨ ਨਾਰਾਜ਼ ਹੁੰਦਾ ਹੈ, ਕਿਹੜਾ ਨਾਮ ਲਿਆਂ ਰੂਸ ਨਾਰਾਜ਼ ਹੁੰਦਾ ਹੈ, ਤੇ ਕਿਹੜਾ ਲਿਆਂ ਭਾਰਤ ਹੁੰਦਾ ਹੈ । ਕਿਤੇ ਦਲਾਈ ਲਾਮਾ, ਕਿਤੇ ਆਂਗ ਸਾਨ ਸੂਕੀ, ਕਿਤੇ ਭਿੰਡਰਾਂਵਾਲਾ, ਕਿਤੇ ਫੀਜ਼ੋ, ਤੇ ਕਿਤੇ ਅਲੀ ਗਿਲਾਨੀ ਇਹ ਨਾਮ ਜ਼ਮੀਰਾਂ ਦੀ ਆਵਾਜ਼ ਦੇ ਪ੍ਰਤੀਕ ਨੇ, ਇਸ ਧਰਤੀ ਤੇ ਨੇ ਜਾਂ ਇਹ ਧਰਤੀ ਛੱਡ ਗਏ ਨੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ । ਇਹ ਸਾਰੇ ਇੱਕੋ ਸਫਰ ਦੇ ਮੁਸਾਫਿਰ ਨੇ, ਇੱਕੋ ਮੰਜ਼ਿਲ ਦੇ ਰਾਹੀ ਨੇ, ਤੇ ਇਹ ਸਾਰੇ ਸਾਡੇ ਨਾਲ ਨੇ । ਨਹੀਂ ਅਸੀਂ ਇਕੱਲੇ ਨਹੀਂ ਹਾਂ, ਮੈਂ ਇਕੱਲਾ ਨਹੀਂ ਹਾਂ ।

ਜਲਾਵਤਨੀ ਤੋਂ ਆਜ਼ਾਦੀ ਵੱਲ ਦਾ ਸਫਰ ਜਾਰੀ ਹੈ, ਤੇ ਜਾਰੀ ਰਹੇਗਾ । ਭਾਵੇਂ ਕਿ ਕਹਿੰਦੇ ਨੇ ਹਾਲਾਤ ਬਦਲ ਗਏ ਨੇ, ਸਾਡੇ ਆਪਣੇ ਲੋਕਾਂ ਦੀ ਬਹੁਗਿਣਤੀ ਵੀ ਹੁਣ ਸਾਡੇ ਵਾਂਗ ਨਹੀਂ ਸੋਚਦੀ, ਸਾਡੇ ਨਾਲ ਨਹੀਂ ਹੈ । ਮੇਰੀ ਸੋਚ ਤੇ ਤਜਰਬੇ ਮੁਤਾਬਿਕ ਇਹ ਧਾਰਣਾ ਠੀਕ ਨਹੀਂ ਹੈ । ਜੇਲ੍ਹ ਵਿੱਚ ਬੰਦ ਕੈਦੀਆਂ ਦੇ ''ਨੰਬਰਦਾਰ'' ਅਤੇ ਆਜ਼ਾਦ ਫਿਜ਼ਾ ਵਿੱਚ ਚੁਣੇ ਲੋਕਾਂ ਦੇ ਨੁਮਾਇੰਦੇ ਵਿੱਚ ਫਰਕ ਹੁੰਦਾ ਹੈ । ਤੁਸੀਂ ਕੈਦਖਾਨੇ ਦੀਆਂ ਦੀਵਾਰਾਂ ਢਾਹ ਦਿਓ, ਤੇ ਫਿਰ ਲੋਕਾਂ ਨੂੰ ਪੁੱਛੋ ਕਿ ''ਤੁਹਾਨੂੰ ਕੀ ਪਸੰਦ ਹੈ'' ਤਾਂ ਤੁਹਾਨੂੰ ਪਤਾ ਲੱਗੇਗਾ ਕਿ ਲੋਕਾਂ ਦੀ ਹਕੀਕੀ ਰਾਏ ਕੀ ਹੁੰਦੀ ਹੈ, ਤੇ ਲੋਕ ਕੀ ਚਾਹੁੰਦੇ ਹਨ । ਇੱਥੇ ਮੈਂ ਇੱਕ ਵੱਡੇ ਅਕਾਲੀ ਲੀਡਰ ਨਾਲ ਜੇਲ੍ਹੋਂ ਰਿਹਾਈ ਤੋਂ ਬਾਦ ਅਚਾਨਕ ਹੋਈ ਇੱਕ ਮੁਲਾਕਾਤ ਦਾ ਜ਼ਿਕਰ ਕਰਨਾ ਚਾਹਾਂਗਾ । ਇਹ ਵੱਡੇ ਲੀਡਰ ਤੇ ਇਹਨਾਂ ਨਾਲ ਕੁੱਝ ਹੋਰ ਛੋਟੇ ਲੀਡਰ ਜਦੋਂ ਅਚਾਨਕ ਮੈਨੂੰ ਇੱਕ ਗੁਰਦਵਾਰਾ ਸਾਹਿਬ ਵਿੱਚ ਮਿੱਲ ਗਏ, ਤਾਂ ਮੇਰੇ ਇੱਕ ਗਿਲ੍ਹੇ ਦੇ ਜਵਾਬ ਵਿੱਚ ਕਹਿੰਦੇ,'' ਗਜਿੰਦਰ ਇਹ ਕਿਵੇਂ ਹੋ ਸਕਦਾ ਹੈ, ਕਿ ਕੋਈ ਸਿੱਖ ਢਿੱਡੋਂ ਖਾਲਿਸਤਾਨ ਦਾ ਮੁਖਾਲਿਫ ਹੋਵੇ ? ਸਾਨੂੰ ਬੱਸ ਆਪਣੇ ਹਾਲਾਤ ਮੁਤਾਬਿਕ ਗੱਲ ਕਰਨ ਦਿਓ ।'' ਉਹ ਲੀਡਰ ਮੇਰੇ ਕੋਲ ਝੂਠ ਬੋਲ ਗਿਆ, ਜਾਂ ਰੋਜ਼ ਆਪਣੀ ਆਤਮਾ ਨਾਲ ਝੂਠ ਬੋਲਦਾ ਹੋਵੇਗਾ, ਇਹ ਤਾਂ ਉਹ ਜਾਣੇ, ਪਰ ਮੈਂ ਸਮਝਦਾ ਹਾਂ ਕਿ ਸੱਚ ਇਹੀ ਹੈ, ਜੋ ਉਸ ਨੇ ਕਿਹਾ । ਸੱਭ ਜੇਲ੍ਹ ਦੀਆਂ ਦੀਵਾਰਾਂ ਦੇ ਢਹਿਣ ਦੀ ਉਡੀਕ ਕਰਦੇ ਹਨ, ਪਰ ਧੱਕਾ ਮਾਰਨ ਦੀ ਜੁਅਰੱਤ ਕਰਨ ਵਾਲੇ ਵਿਰਲੇ ਹੁੰਦੇ ਹਨ ।

ਹੁਣ ਹਾਲਾਤ ਦੀ ਗੱਲ ਕਰ ਲਓ, ਹਾਲਾਤ ਕੀ ਬਦਲੇ ਹਨ? 1981 ਵਿੱਚ ਅਫਗਾਨਿਸਤਾਨ ਦੇ ਲੋਕ ਸੋਵੀਅਤ ਯੂਨੀਅਨ ਦੇ ਕਬਜ਼ੇ ਖਿਲਾਫ ਲੜ੍ਹ ਰਹੇ ਸਨ, ਤੇ ਅੱਜ ਅਮਰੀਕਾ ਦੇ ਕਬਜ਼ੇ ਖਿਲਾਫ । ਸੋਵੀਅਤ ਯੂਨੀਅਨ ਹੁਣ ਸਿਰਫ ਰੂਸ ਰਹਿ ਗਿਆ ਹੈ, ਤੇ ਯੂ ਐਨ ਓ ਦੇ ਮੈਂਬਰਾਂ ਦੀ ਗਿਣਤੀ ਵਿੱਚ ਢੇਰ ਸਾਰਾ ਵਾਧਾ ਹੋ ਗਿਆ ਹੈ । ਬੰਦਿਆਂ ਵਾਂਗ ਕੌਮਾਂ ਦੀਆਂ ਵੀ ਕਿਸਮਤਾਂ ਹੁੰਦੀਆਂ ਹਨ, ਕੁੱਝ ਉਹ ਕੌਮਾਂ ਹਨ, ਜਿਹਨਾਂ ਨੂੰ ਲੜ੍ਹਦੇ ਉਮਰਾਂ ਬੀਤ ਗਈਆਂ ਹਨ, ਪਰ ਆਜ਼ਾਦੀ ਉਹਨਾਂ ਦੀ ਝੋਲੀ ਨਹੀਂ ਪਈ, ਤੇ ਕੁੱਝ ਉਹ ਹਨ, ਜਿਹਨਾਂ ਦਾ ਕਦੇ ਜ਼ਿਕਰ ਵੀ ਨਹੀਂ ਸੀ ਸੁਣਿਆਂ, ਉਹ ਆਪੋ ਆਪਣੇ ਘਰਾਂ ਵਿੱਚ ਸਿਰ ਉਠਾ ਕੇ ਚੱਲਣ ਦੇ ਕਾਬਿਲ ਹੋ ਗਈਆਂ ਹਨ ।

ਹਾਲਾਤ ਸੱਚਮੁੱਚ ਬਦੱਲ ਗਏ ਹਨ, ਅੱਗੇ ਚਿੱਠੀਆਂ ਲਿੱਖਦੇ ਸਾਂ, ਦਿਨਾ੍ਹਂ, ਹਫਤਿਆਂ ਤੇ ਕਈ ਵਾਰੀ ਮਹੀਨਿਆਂ ਬਾਦ ਪਹੁੰਚਦੀਆਂ ਸਨ, ਤੇ ਹੁਣ ਪਲਾਂ ਬਾਦ ਪਹੁੰਚਦੀਆਂ । ਕੰਪਿਊਟਰ ਨੇ ਸਮੇਂ ਤੇ ਸਥਾਨ ਦੀਆਂ ਵਿੱਥਾਂ ਨੂੰ ਬਹੁਤ ਘਟਾ ਦਿੱਤਾ ਹੈ, ਅੱਜ ਇਸ ਗੱਲ ਨਾਲ ਕੋਈ ਫਰਕ ਨਹੀਂ ਕਿ ਮੈਂ ਕਿੱਥੇ ਬੈਠਾ ਹਾਂ, ਤੇ ਆਪ ਕਿੱਥੇ ਬੈਠੇ ਹੋ, ਤੁਸੀਂ ਮੈਨੂੰ ਪੜ੍ਹ, ਸੁਣ ਤੇ ਦੇਖ ਵੀ ਸਕਦੇ ਹੋ, ਤੇ ਇਸ ਤਰਾ੍ਹਂ ਮੈਨੂੰ ਆਪਣੇ ਵਿੱਚ ਹੀ ਮਹਿਸੂਸ ਕਰ ਸਕਦੇ ਹੋ । ਹਾਂ ਕੇਵਲ ਮਹਿਸੂਸ ਕਰ ਸਕਣ ਦੀ ਹੱਦ ਤੱਕ ।


ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਇੱਕ ਹੋਰ ਗੱਲ ਸੁਣਾਉਣੀ ਚਾਹਾਂਗਾ । ਜੇਲ੍ਹ ਦੀ ਰਿਹਾਈ ਤੋਂ ਬਾਦ, ਇੱਕ ਵਾਰ ਦੋ ਲੇਖਕ ਦੋਸਤਾਂ ਨਾਲ ਮੁਲਾਕਾਤ ਹੋ ਗਈ । ਇਹ ਦੋਸਤ ਕਹਿੰਦੇ, '' ਗਜਿੰਦਰ ਘਰ ਪਰਤਣ ਤੇ ਦਿੱਲ ਨਹੀਂ ਕਰਦਾ?'' ਮੈਂ ਕਿਹਾ, ''ਕੀ ਹੋ ਸਕਦੈ ਕਿ ਨਾ ਕਰਦਾ ਹੋਵੇ?'' ਪਰ ਕਿਹੜੇ ਘਰ ਪਰਤਣ ਦੀ ਗੱਲ ਕਰਦੇ ਹੋ? ਉਹ ਘਰ ਜਿਸ ਘਰ ਵਿੱਚ ਰਹਿ ਕੇ ਵੀ ਅਸੀਂ ''ਬੇਘਰੇ'' ਰਹੇ, ''ਜਲਾਵਤਨ'' ਰਹੇ ?

ਘਰ ਪਰਤਾਂ ਗੇ, ਪਰ ਉਸ ਦਿਨ, ਜਿਸ ਦਿਨ ਉਹ ਘਰ ''ਆਪਣਾ ਘਰ ਹੋਵੇਗਾ'' ।

ਗਜਿੰਦਰ ਸਿੰਘ, ਦਲ ਖਾਲਸਾ ।

+++++++++++++++

Commentaires


bottom of page