top of page

ਕਦੇ ਰੌਸ਼ਨੀ ਦੀ ਕਿਰਨ ਕੋਈ, ਮੇਰੇ ਵਿਹੜੇ ਵੀ ਤਾਂ ਆਏਗੀ - ਗਜਿੰਦਰ ਸਿੰਘ, ਦਲ ਖਾਲਸਾ

ਕਦੇ ਰੌਸ਼ਨੀ ਦੀ ਕਿਰਨ ਕੋਈ

ਮੇਰੇ ਵਿਹੜੇ ਵੀ ਤਾਂ ਆਏਗੀ


ਕੋਟ ਲੱਖਪੱਤ ਜੇਲ੍ਹ ਦੀ ਜ਼ਿੰਦਗੀ ਦੌਰਾਨ ਇੱਕ ਪਿਆਰ ਕਰਨ ਵਾਲੇ ਦੀ ਆਈ ਚਿੱਠੀ ਦੇ ਜਵਾਬ ਵਿੱਚ ਇੱਕ ਕਵਿਤਾ ਲਿਖੀ ਸੀ, 'ਅਤ੍ਰਿਪਤ ਰੂਹ' ।ਰੌਸ਼ਨੀ ਦੀ ਇੱਕ ਕਿਰਨ ਦੀ ਤਲਾਸ਼ ਅਤੇ ਉਮੀਦ ਵਿੱਚ ਤੁਰਦੇ ਤੁਰਦੇ ਲੱਗਦਾ ਹੈ, ਜਿਵੇਂ ਜ਼ਿੰਦਗੀ ਬੀਤ ਚੱਲੀ ਹੈ ।


ਆਪਣਾ ਸੁਪਨਾ, ਆਪਣੀ ਤਲਾਸ਼, ਤੇ ਉਮੀਦ ਆਪਣੇ ਹੀ ਬਚਿਆਂ ਵਰਗੇ ਦੋਸਤਾਂ ਦੀ ਝੋਲ੍ਹੀ ਪਾ ਕੇ ਜਾਣਾ ਹੈ ।


ਅੱਜ ਫਿਰ ਬੇਵਜ੍ਹਾ ਉਦਾਸ ਹੋਇਆ ਹਾਂ, ਤਾਂ ਇਸ ਕਵਿਤਾ ਯਾਦ ਆਈ । ਯਾਦ ਆਈ, ਤਾਂ ਸੋਚਿਆ ਆਪ ਸੱਭ ਨਾਲ ਵੀ ਸਾਂਝੀ ਕਰਾਂ ।


ਗਜਿੰਦਰ ਸਿੰਘ, ਦਲ ਖਾਲਸਾ ।

੧੭.੧੦.੨੦੨੦


ਅਤ੍ਰਿਪਤ ਰੂਹ


ਇਸ ਹੱਸ ਰਹੇ ਚਿਹਰੇ ਪਿਛੇ

ਗਹਿਰੀ ਉਦਾਸੀ ਹੈ ਮੇਰੀ

ਗੱਲ ਪਿਆਰ ਦੀ ਬੁੱਲਾਂ ਤੇ ਹੈ

ਪਰ ਰੂਹ ਪਿਆਸੀ ਹੈ ਮੇਰੀ

ਸੱਭ ਹੈ, ਮੇਰਾ, ਮੇਰਾ ਕੁਝ ਨਹੀਂ

ਮੇਰੀ ਸੱਖਣੀ ਸੱਖਣੀ ਝੋਲ ਹੈ

ਮੇਰੇ ਆਪਣਿਆਂ ਦੀ ਕਮੀ ਨਹੀਂ

ਲੱਗੇ ਫਿਰ ਵੀ ਕੋਈ ਨਾ ਕੋਲ ਹੈ


ਮੈਂ ਅਤ੍ਰਿਪਤ ਜਿਹਾ ਇਨਸਾਨ ਹਾਂ

ਤੂੰ ਕਿਹਾ ਹੈ ਮਿਤਰਾ 'ਮਹਾਨ' ਹਾਂ

ਮੈਂ ਕੀ ? ਮੇਰਾ ਮੁਕਾਮ ਕੀ ?

ਸ਼ੋਹਰਤ ਕੀ ? ਮੇਰਾ ਨਾਮ ਕੀ ?


ਕਦੇ ਇਸ ਤਰਾਂ ਮਹਿਸੂਸਦਾਂ

ਜਿਵੇਂ ਸਹਿਕ ਦਾ ਅਹਿਸਾਸ ਹੈ

ਕਦੇ ਇਸ ਤਰਾਂ ਮਹਿਸੂਸਦਾਂ

ਜਨਮਾਂਤਰਾ ਦੀ ਕੋਈ ਪਿਆਸ ਹੈ


ਕੀ ਇਹ ਪਿਆਰ ਨਾਲ ਬੁੱਝ ਜਾਏਗੀ ?

ਜਾਂ ਗਿਆਨ ਨਾਲ ਮਿੱਟ ਜਾਏਗੀ ?

ਕੋਈ ਬੰਦਗੀ, ਕੋਈ ਉਪਾਸਨਾ

ਮੇਰੀ ਪਿਆਸ ਨੂੰ ਕੀ ਮਿਟਾਏਗੀ ?


ਕਦੇ ਰੌਸ਼ਨੀ ਦੀ ਕਿਰਨ ਕੋਈ

ਮੇਰੇ ਵਿਹੜੇ ਵੀ ਤਾਂ ਆਏਗੀ

ਮੇਰੀ ਅਤ੍ਰਿਪਤ ਰੂਹ ਨੂੰ ਕਿਰਨ ਓਹੀ

ਚਾਨਣ ਦੇ ਘੁੱਟ ਪਿਆਏਗੀ


ਇਸ ਹੱਸ ਰਹੇ ਚਿਹਰੇ ਪਿਛੇ

ਗਹਿਰੀ ਉਦਾਸੀ ਹੈ ਮੇਰੀ

ਗੱਲ ਪਿਆਰ ਦੀ ਬੁੱਲਾਂ ਤੇ ਹੈ

ਪਰ ਰੂਹ ਪਿਆਸੀ ਹੈ ਮੇਰੀ

…………………..

Comments


bottom of page