ਬਿਖੜੇ ਰਾਹਾਂ ਦੇ ਪਾਂਧੀ - ਜਲਾਵਤਨੀ ਹਾਈਜੈਕਰ


29 ਸਤਬੰਰ 2020 ਤੇ ਵਿਸ਼ੇਸ਼ ਜਲਾਵਤਨੀ ਤੇ 39 ਸਾਲ

The Legends

💐ਬਿਖੜੇ ਰਾਹਾਂ ਦੇ ਪਾਂਧੀ 💐

ਓਪਰੀ ਨਿਗ੍ਹਾ ਮਾਰਿਆਂ ਹੇਠਲੀ ਤਸਵੀਰ ਗ਼ਦਰੀ ਬਾਬਿਆਂ ਜਾ ਕਾਲੇ ਪਾਣੀ ਵਾਲੇ ਅਜ਼ਾਦੀ ਘੁਲਾਟੀਆਂ ਦੀ ਲਗਦੀ ਹੈ ਪਰ ਨਹੀਂ ਇਹ ਨੇ ਸਾਡੇ Hero ਜਿਉੰਦੇ ਜਾਗਦੇ ਸ਼ਹੀਦ ! The Legend ਇਹ ਤਸਵੀਰ

ਪਾਕਿਸਤਾਨ ਦੀ ਜੇਲ ਕੋਟ ਲੱਖਪਤ ਤੋਂ ਹਾਈਜੈਕਰ ਸਿੰਘਾਂ ਦੀ ਹੈ ਜੋ ਕੁਹ ਦਹਾਕੇ ਪਹਿਲਾਂ ਸ. ਗੰਗਾ ਸਿੰਘ ਢਿੱਲੋਂ ਦੀ ਜੇਲ ਫੇਰੀ ਦੌਰਾਨ ਖਿੱਚੀ ਗਈ । ਇਹ ਮੂਰਤ ਸਾਡੀਆਂ ਆਉਣ ਵਾਲ਼ੀਆਂ ਪੀੜੀਆਂ ਲਈ ਇਤਿਹਾਸਿਕ ਸਰੋਤ ਏ ਤੇ ਮੇਰਾ ਹਰਫ਼ਾਂ ਨਾਲ ਸਵਾਰਨ ਦਾ ਮਤਲਬ ਗੱਲ ਲੋਕਾਂ ਦੇ ਚੇਤਿਆਂ ਤੱਕ ਪਹੁੰਚਾਉਣਾ ਏ !

ਇਹ ਹਾਈਜੈਕਰਾਂ ਦੇ ਦੋ ਜਥੇ ਹਨ ਜਿਨਾਂ ਨੇ ਵੱਖ ਵੱਖ ਸਮੇਂ ਹਿੰਦੁਸਤਾਨ ਦੇ ਦੋ ਉੱਡਣ ਖਟੋਲੇ (ਜਹਾਜ਼) ਅਗਵਾ ਕੀਤੇ ਇਹਨਾਂ ਸਿਤਾਰਿਆਂ ਵਿੱਚ ਐਨ ਖੱਬੇ ਪਾਸੇ ਧਰੂ ਤਾਰੇ ਵਾਂਗ ਚਮਕ ਰਹੇ ਯੋਧੇ ਦਾ ਨਾਂ ਸਿਰਦਾਰ ਗਜਿੰਦਰ ਸਿੰਘ ਹੈ ਧੰਨ ਏ ਓਹ ਮਾਤਾ ਜਿਨ ਇਹ ਮਰਦ ਸੂਰਮਾ ਜਣਿਆ ! ਕਹਾਣੀ ਸਾਰੇ ਜਾਂਬਾਜ਼ਾਂ ਦੀ ਇੱਕੋ ਜਿਹੀ ਆ ਤੇ ਕੁਰਬਾਨੀ ਵੀ ! ਦਸਮੇਸ਼ ਦੇ ਦਰਬਾਰ ਤੇ ਸੇਵਾ ਓਦਣ ਹੀ ਸਵੀਕਾਰ ਹੋਗੀ ਸੀ ਜਦੋਂ ਇਹ ਜੰਗਜੂ ਖਫ਼ਣਾਂ ਦੇ ਮੜਾਸੇ ਸਿਰਾਂ ਤੇ ਵਲ੍ਹੇਟ ਕੇ ਘਰੋਂ ਤੁਰੇ ਸਨ


ਪਹਿਲਾ ਜਹਾਜ਼ ੨੯ ਸਤੰਬਰ ੧੯੮੧ ਨੂੰ ਸ. ਗਜਿੰਦਰ ਸਿੰਘ ਦੀ ਅਗਵਾਹੀ ਵਿੱਚ ਪੰਜਾਂ ਸਿੰਘਾਂ ਦੇ ਜਥੇ ਨੇ ਸ਼ੇਰੇ-ਪੰਜਾਬ ਦੇ ਸ਼ਹਿਰ ਤੇ ਖਾਲਸੇ ਦੀ ਰਹਿ ਚੁੱਕੀ ਰਾਜਧਾਨੀ ਲਹੌਰ ਜਾ ਉਤਾਰਿਆ ! ਕਾਰਨ ਉਸ ਵੇਲੇ ਵੀ ਹਲਾਤ ਹੁਣ ਵਾਂਗ ਬਣੇ ਹੋਏ ਸਨ ਸਿੱਖਾਂ ਨੂੰ ਥਾਂ ਥਾਂ ਜ਼ਲੀਲ ਕੀਤਾ ਜਾ ਰਿਹਾ ਸੀ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਤੇ ਪਵਿੱਤਰ ਸਾਹਿਤ ਅਗਨ ਭੇਟ ਕੀਤੇ ਜਾ ਰਹੇ ਸਨ ਅਖ਼ਬਾਰਾਂ ਵਾਲੇ ਮਹਾਸ਼ੇ ਤੇ ਨਰਕਧਾਰੀ ਅੱਤ ਕਰ ਰਹੇ ਸਨ । ਇਸ ਦੌਰ ਵਿੱਚ ਵਧੀਆ ਗੱਲ ਤੇ ਆਸ ਦੀ ਕਿਰਨ ਸੀ ਤੇ ਉਹ ਸੀ ਸਿੱਖਾਂ ਕੋਲ ਇਕ ਨਿਰਭਉ ਕਹਿਣੀ ਤੇ ਕਰਨੀ ਦਾ ਪੂਰਾ ਯੋਧਾ ਲੀਡਰ ਜੋ ਕੁਰਾਹੇ ਪੈ ਚੁੱਕੀ ਜਵਾਨੀ ਨੂੰ ਮੋੜੇ ਲਾ ਰਿਹਾ ਸੀ ਤੇ ਗੱਭਰੂ ਓਸ “ਸੰਤ ਸਿਪਾਹੀ” ਦੇ ਧੜਾ ਧੜ ਭਰਾ ਬਣ ਰਹੇ ਸਨ ਓਹਨਾਂ ਦਿਨਾਂ ਚ, ਜਦੋਂ ਕਨੂੰਨ ਸਿੱਖਾਂ ਲਈ ਘੇਸ ਵੱਟੀ ਘਰਾੜੇ ਮਾਰ ਰਿਹਾ ਸੀ ਤਾਂ ਰਵਾਇਤੀ ਖਾਲਸੇ ਦੇ ਹੱਥ “ਸ਼ਮਸ਼ੀਰ ਦਸਤ” ਤੱਕ ਪਹੁੰਚ ਚੁੱਕੇ ਸਨ ਖਾਲਸੇ ਨੇ ਗੁਰੂ ਦੋਖੀ ਨਰਕਧਾਰੀ ਤੇ ਅਕ੍ਰਿਤਘਣ ਤਬਕੇ ਦੇ ਇਕ ਲਾਲੇ ਦਾ ਸੋਧਾ ਲਾ ਦਿੱਤਾ । ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੇ ਗ੍ਰਿਫ਼ਤਾਰੀ ਵਰੰਟ ਸਰਕਾਰ ਨੇ ਕੱਢੇ ! ਸੰਤਾਂ ਨੇ ੨੦ ਸਤੰਬਰ ਨੂੰ ਗ੍ਰਿਫ਼ਤਾਰੀ ਦੇਣ ਦਾ ਐਲਾਨ ਕੀਤਾ ! ਸੰਤਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਖ ਸੰਗਤਾਂ ਦਾ ਰੋਹ ਸਿੱਖਰਾ ਤੇ ਸੀ । ਇਸ ਰੋਹ ਤੇ ਰੋਸ ਵਜੋਂ “ਬਾਬੇ ਤੀਰ ਵਾਲੇ” ਦੇ ਕੁਹ ਗੁਰ ਭਾਈਆਂ ਸਿਰਦਾਰ ਗਜਿੰਦਰ ਸਿੰਘ, ਭਾਈ ਸਤਨਾਮ ਸਿੰਘ ਪਾਂਉਟਾ ਸਾਹਿਬ, ਭਾਈ ਤੇਜ ਇੰਦਰਪਾਲ ਸਿੰਘ, ਜਸਬੀਰ ਸਿੰਘ ਤੇ ਭਾਈ ਕਰਨ ਸਿੰਘ ਨੇ ਏਅਰ ਇੰਡੀਆ ਦਾ ਜਹਾਜ਼ ਖਾਲਸੇ ਦੀ ਸਾਬਕਾ ਰਾਜਧਾਨੀ ਲਹੌਰ ਜਾ ਲੈੰਡ ਕਰਾਇਆ ! ਇਹ ਇਕ ਰੋਸ ਵਿਖਾਵਾ ਸੀ ਤੇ ਇਨਸਾਫ਼ ਪੰਸਦ ਲੋਕਾਂ ਦੇ ਕੰਨਾ ਤੱਕ ਗੱਲ ਪਹੁੰਚਾਣ ਦਾ ਇਕ ਤਰੀਕਾ ! ਮੁੱਕਦੀ ਗੱਲ ਮਸਾਂ ਮਸਾਂ ਕੌਮ ਨੂੰ ਮਿਲੇ ਨਿਧੱੜਕ, ਕਹਿਣੀ ਤੇ ਕਥਨੀ ਦੇ ਪੂਰੇ ਆਗੂ ਬਾਬਾ ਜਰਨੈਲ ਸਿੰਘ ਖਾਲਸਾ ਦੀ ਰਿਹਾਈ ! ਇਸ ਕਾਂਡ ਤੋਂ ਬਾਅਦ ਹੀ ਅੰਤਰ ਰਾਸ਼ਟਰੀ ਪੱਤਰਕਾਰ ਭਾਈ ਚਾਰੇ ਨਾਲ ਸੰਬੰਧਿਤ ਲੋਕ ਦਰਬਾਰ ਸਾਹਿਬ ਆਉਣ ਲੱਗੇ ਤੇ ਸੰਤਾ ਦੀਆਂ ਵਾਰਤਾਲਾਪਾਂ ਅਖ਼ਬਾਰਾਂ ਚ, ਛਪਣ ਲਗੀਆਂ ! ਗੱਲ ਕੀ ਸਿੱਖਾਂ ਦੇ ਮਸਲਿਆਂ ਨੂੰ ਪਹਿਲੀ ਵਾਰ ਹਾਈ ਲਾਈਟ ਕਰਨ ਦਾ ਸਿਹਰਾ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਤੇ ਉਸ ਦੇ ਮਰਜੀਵੜੇ ਸੰਗੀ ਸਾਥੀਆਂ ਨੂੰ ਜਾਂਦਾ ਹੈ ।


ਦੂਜਾ ਜਹਾਜ਼ ਭਾਈ ਪਰਮਿੰਦਰ ਸਿੰਘ “ਹਰਫ਼ਨ ਮੌਲਾ” ਤੇ ਭਾਈ ਗੁਰਦੀਪ ਸਿੰਘ “ਪ੍ਰਦੇਸੀ” ਦੇ ਨੌਂ ਸਿੰਘਾਂ ਦੇ ਜਿੱਥੇ ਨੇ ਅਗਵਾ ਕੀਤਾ । ਜਿਨਾਂ ਚ, ਇਹਨਾਂ ਤੋਂ ਇਲਾਵਾ ਭਾਈ ਰਵਿੰਦਰ ਸਿੰਘ “ਪਿੰਕਾ” ਭਾਈ ਹਰਿਮੰਦਰ ਸਿੰਘ, ਭਾਈ ਦਲੀਪ ਸਿੰਘ, ਭਾਈ ਗੁਰਵਿੰਦਰ ਸਿੰਘ, ਭਾਈ ਹਰਭਜਨ ਸਿੰਘ, ਭਾਈ ਮਨਜੀਤ ਸਿੰਘ, ਭਾਈ ਮਲਾਗਰ ਸਿੰਘ । ਇਹਨਾਂ ਚੋਂ ਬਹੁਤੇ ਸਿੰਘ ਪਰਿਵਾਰਾਂ ਤੋਂ ਦੂਰ ਜਲਾਵਤਨੀ ਕੱਟ ਰਹੇ ਹਨ ( ਇਹਨਾਂ ਚੋਂ ਭਾਈ ਗੁਰਦੀਪ ਸਿੰਘ “ਪ੍ਰਦੇਸੀ” ਜਿਨਾਂ ਦਾ ਉੱਪਰ ਜ਼ਿਕਰ ਕੀਤਾ ਲਗਭਗ ਢਾਈ ਦਹਾਕਿਆਂ ਤੋਂ ਫਰੈੰਕਫੋਰਟ ਰਹਿ ਰਹੇ ਹਨ ਤੇ ਮੇਰੇ ਪਰਮ ਮਿੱਤਰ ਵੀ ਹਨ ਜਿਨਾਂ ਤੇ ਵੱਖਰਾ ਲੇਖ ਕਿਸੇ ਦਿਨ ਫੇਰ ਲਿਖਾਂਗੇ ਜੋ ਆਪਣੇ ਆਪ ਚ, ਇਕ ਹਿਸਟਰੀ ਨੇ, ਇਕ ਜਿਓੰਦੀ ਜਾਗਦੀ ਗਾਥਾ ਹਨ)

ਇਹ ਜਹਾਜ਼ ਅਗਵਾ ਦੀ ਘਟਨਾ ਉਹਨਾਂ ਦਿਨਾਂ ਦੀ ਹੈ ਜਦੋਂ ਪੰਜਾਬ ਦੀ ਸਰਜ਼ਮੀਨ ਦੇ ਚੱਪੇ ਚੱਪੇ ਤੇ ਫੌਜ ਦਨ ਦਨਾਂਉੰਦੀ ਫਿਰਦੀ ਸੀ ਜੂਨ ਮਹੀਨੇ ਦਰਬਾਰ ਸਾਹਿਬ ਕੰਪਲੈਕਸ ਚ, ਸਿੰਘ ਆਪਣੇ ਖਾਲਸਾਈ ਜਾਹੋ ਜਲਾਲ ਭਰੇ ਕੌਤਕ ਵਿਖਾ ਚੁੱਕੇ ਸਨ ਲੋਕ ਜਿੱਥੇ ਸਿੰਘਾਂ ਤੇ ਮਾਣ ਕਰ ਰਹੇ ਸਨ ਓੱਥੇ ਬੇ ਗੁਨਾਹਾਂ ਦੇ ਕਤਲੇਆਮ ਤੇ ਅਕ੍ਰਿਤਘਣਾਂ ਵੱਲੋਂ ਕੀਤੇ ਵਰਤਾਰੇ ਤੋਂ ਦੁੱਖੀ, ਗਹਿਰੇ ਸਦਮੇ ਚ, ਵੀ ਸਨ । ਬਚੇ ਹੋਏ ਯੋਧੇ ਕੁਹ ਕਰ ਗੁਜ਼ਰਨ ਲਈ ਉਸੱਲ ਵੱਟੀਆਂ ਲੈ ਹੀ ਰਹੇ ਸਨ ਕਿ ਸਿੰਘਾਂ ਨੇ ਐਨ ਇਕ ਮਹੀਨੇ ਬਾਅਦ ੬ ਜੁਲਾਈ ੧੯੮੪ ਨੂੰ ਇੰਡੀਅਨ ਉੱਡਣ ਖਟੋਲਾ ਖਾਲਸੇ ਦੀ ਸਾਬਕਾ ਰਾਜਧਾਨੀ ਲਹੌਰ ਵੱਲ ਨੂੰ ਮੋੜ ਲਿਆ । ਇਹ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪਹਿਲੀ ਘਟਨਾਂ ਸੀ ਜਿਸਨੇ ਨੌਜਵਾਨੀ ਚ, “ਬਾਬਾ ਏ ਕੌਮ” ਦੀ ਗ਼ੈਰਹਾਜ਼ਰੀ ਚ, ਦੁਬਾਰਾ ਜੋਸ਼ ਭਰ ਦਿੱਤਾ ਨੌਜਵਾਨ ਕਮਰ ਕੱਸੇ ਕਰ ਘਰਾਂ ਚੋਂ ਨਿਕਲ ਤੁਰੇ । ਤੇ ਸੰਘਰਸ਼ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ ! ਜੋ ਪੁਰਾਤਨ ਇਤਿਹਾਸਿਕ ਗਾਥਾਵਾਂ ਨੂੰ ਦੁਹਰਾ ਗਿਆ ਤੇ ਦੁਹਰਾ ਰਿਹਾ ਹੈ

ਇਹਨਾਂ ਸਾਡੇ ਸਿਰੜੀ ਯੋਧਿਆਂ ਦੇ ਕਿਰਦਾਰਾਂ ਦੀ ਵਿਲੱਖਣਤਾ ਏ ਕਿ ਦਹਾਕਿਆਂ ਤੋਂ ਪਰਿਵਾਰਾਂ ਨਾਲ਼ੋਂ ਵਿੱਛੜ ਕੇ ਬੈਠੇ ਵੀ ਇਹ ਚੜਦੀ ਕਲਾ ਵਿੱਚ ਹਨ ਤੇ ਆਪਣੇ ਦ੍ਰਿੜ ਨਿਸ਼ਾਨਿਆਂ ਕੇ ਕਾਇਮ ਹਨ ਖਾਲਸਾ ਰਾਜ ਤੋਂ ਘੱਟ ਕੋਈ ਵੀ ਗੱਲ ਇਹਨਾਂ ਦੇ ਸੁਭਾਅ ਨੂੰ ਵਾਰਾ ਨਹੀਂ ਖਾਂਦੀ । ਬਾਬਾ ਗਜਿੰਦਰ ਸਿੰਘ ਤਾਂ ਕਈ ਵਾਰ ਗੱਲ ਸਪਸ਼ਟ ਕਰ ਚੁੱਕੇ ਹਨ ਕਿ, “ਗੱਲ ਜਾਂ ਤਾਂ ਖਾਲਸਾਈ ਝੰਡੇ ਥੱਲੇ ਬਹਿਕੇ ਹੋਵੇਗੀ ਜਾਂ ਮੈਦਾਨੇ ਜੰਗ ਅੰਦਰ, ਪਰ ਹੋਵੇਗੀ ਖਾਲਸਾ ਰਾਜ ਦੀ” ਸਰਹੱਦੋਂ ਪਾਰ ਬੈਠੇ ਬਾਬਾ ਗਜਿੰਦਰ ਸਿੰਘ ਹੋਣਾ ਦੀਆਂ ਲਿਖਤਾਂ ਪੜਨ ਵਾਲੇ ਜਾਣਦੇ ਹਨ ਕਿ ਕਿ ਬਾਬਾ ਜੀ ਦੀ ਕਲਮ ਰਾਕਟ ਲਾਂਚਰ ਵਰਗੀ ਤੇ ਹਰਫ਼ ਸੱਚ ਦੇ ਗੋਲਿਆਂ ਵਰਗੇ ਨੇ ਜੋ ਵੈਰੀ ਨੂੰ ਤੱਬਕਾਈ ਰੱਖਦੇ ਹਨ

ਇਹ ਸਾਡੇ “ਜਿਉੰਦੇ ਸ਼ਹੀਦ” ਹਾਈਜੈਕਰ ਬਾਬੇ ਜੋ ਅਰਧ ਸ਼ਤਾਬਦੀ ਨੂੰ ਪਾਰ ਕਰ ਚੁੱਕੇ ਹਨ ਦੀ ਘਾਲਣਾ ਤੇ ਸੇਵਾ ਬਹੁਤ ਵੱਡਮੁਲੀ ਹੈ ਦੋ ਸੂਰਮੇ ਭਾਈ ਮਨਜੀਤ ਸਿੰਘ ਬੱਬਰ ਤੇ ਭਾਈ ਮਲਾਗਰ ਸਿੰਘ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋ ਚੁੱਕੇ ਹਨ ! ਕੁਝ ਸਿੰਘ ਖਾਲਸੇ ਦੀ ਸਰਜ਼ਮੀਨ ਪੰਜਾਬ ਤੇ ਜਦੋ ਜਹਿਦ ਕਰ ਰਹੇ ਨੇ ਤੇ ਬਾਕੀ ਵੱਖ ਵੱਖ ਮੁਲਕਾਂ ਚ’ ਆਪੋ ਆਪਣੇ ਤਰੀਕਿਆਂ ਨਾਲ ! ਨਿਸ਼ਾਨਾ ਇਕ ਹੈ ਅਜ਼ਾਦ ਖਾਲਸਾ ਰਾਜ ਖਾਲਿਸਤਾਨ !

ਖਾਲਸਾਈ ਝੰਡੇ ਅੱਜ ਝੂਲਣ ਜਾਂ ਕੱਲ ਗੁਰੂ ਜਾਣੇ ! ਪਰ ਇਹਨਾਂ ਦੋ ਜਹਾਜ਼ਾਂ ਦੀ ਗੂੰਝ ਨੇ ਲਹੌਰ ਵਿੱਚ ਸੌੰਅ ਰਹੇ “ਸ਼ੇਰ ਏ ਪੰਜਾਬ” ਦੀ ਰੂਹ ਨੂੰ ਸਕੂਨ ਜ਼ਰੂਰ ਪਹੁੰਚਾ, ਦੱਸਤਾ ਹੋਵੇਗਾ ਕਿ ਬਾਬਾ ਤੇਰੇ ਖੁੱਸੇ ਹੋਏ ਖਾਲਸਾ ਰਾਜ ਦੇ ਵਾਰਸ਼ ਤੁਰੇ ਹੋਏ ਨੇ । ਮੇਰਾ ਮਨ ਕਹਿੰਦਾ ਕਿ ਇਹਨਾਂ ਸਿੰਘਾਂ ਦੇ ਅਦਬ ਵਿੱਚ ਮਹਾਂਰਾਜੇ ਦੀ ਮੜ੍ਹੀ ਤੇ ਦੋ ਕਰੂੰਬਲ਼ਾਂ ਜ਼ਰੂਰ ਖਿੜ ਕੇ ਫੁੱਲ ਬਣੀਆਂ ਹੋਣਗੀਆਂ !

ਜਜ਼ਬਿਆਂ ਨੂੰ ਸਲਾਮ

ਬਿੱਟੂ ਅਰਪਿੰਦਰ ਸੇਖੋਂ

ਜਰਮਨੀ

00491775304141

Drop Me a Line, Let Me Know What You Think

© 2023 by Train of Thoughts. Proudly created with Wix.com