top of page

ਕਿਸਾਨੀ ਹੱਕਾਂ ਦੇ ਘੋਲ ਦਾ ਗਵਾਹ ਇਤਿਹਾਸ ਕੁਲਵੰਤ ਸਿੰਘ ਢੇਸੀ

ਜੇ ਸੋਕਾ ਇਹ ਹੀ ਸੜਦੇ ਨੇ, ਜੇ ਡੋਬਾ ਇਹ ਹੀ ਮਰਦੇ ਨੇ, ਸਭ ਕਹਿਰ ਇਹਨਾਂ ਸਿਰ ਵਰਦੇ ਨੇ

ਜਿੱਥੇ ਫ਼ਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ,ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ



ਪਿਛਲੇ ਇੱਕ ਮਹੀਨੇ ਤੋਂ ਪੰਜਾਬ ਅਤੇ ਹਰਿਆਣਾ ਵਿਚ ਪ੍ਰਮੁਖ ਤੌਰ ‘ਤੇ ਅਤੇ ਬਾਕੀ ਭਾਰਤ ਵਿਚ ਵੀ ਕਿਸਾਨ ਅੰਦੋਲਨ ਚੱਲ ਰਿਹਾ ਹੈ। ਇਹ ਅੰਦੋਲਨ ਭਾਰਤ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਹੈ ਜੋ ਕਿ ਹੁਣ ਕਾਨੂੰਨ ਬਣ ਗਏ ਹਨ ਅਤੇ ਕਿਸਾਨ ਇਹਨਾ ਨੂੰ ਰੱਦ ਕਰਨ ਲਈ ਟੋਲ ਪਲਾਜਿਆਂ ਅਤੇ ਰਿਲਾਇੰਸ ਦੇ ਪੈਟਰੋਲ ਪੰਪਾਂ ਦਾ ਵਿਰੋਧ ਕਰਨ ਦੇ ਨਾਲ ਨਾਲ ਰੇਲਾਂ ਰੋਕ ਕੇ ਬੈਠੇ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਭਾਜਪਾ ਵਲੋਂ ਸੂਬਿਆਂ ਵਿਚ ਤਾਇਨਾਤ ਆਪਣੇ ਮੈਂਬਰਾਂ ਨੂੰ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਦੇਸ਼ ਦਾ ਕਿਸਾਨ ਅਨਪੜ੍ਹ ਹੈ ਜੋ ਇਹਨਾ ਨਵੇਂ ਖੇਤੀ ਕਾਨੂੰਨਾਂ ਨੂੰ ਸਮਝੇ ਵਗੈਰ ਹੀ ਇਹਨਾ ਦਾ ਵਿਰੋਧ ਕਰ ਰਿਹਾ ਹੈ ਅਤੇ ਭਾਜਪਾ ਦੇ ਮੈਂਬਰਾਂ ਨੂੰ ਚਾਹੀਦਾ ਹੈ ਕਿ ਉਹ ਇਹਨਾ ਖੇਤੀ ਬਿੱਲਾਂ ਦੇ ਸਬੰਧ ਵਿਚ ਕਿਸਾਨਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਨ। ਇਸ ਸਬੰਧੀ ਪੰਜਾਬ ਵਿਚ ਕਿਸਾਨਾਂ ਨੇ ਭਾਜਪਾਈਆਂ ਦੇ ਪੈਰ ਨਹੀਂ ਲੱਗਣ ਦਿੱਤੇ ਅਤੇ ਉਹਨਾ ਦਾ ਲਗਾਤਾਰ ਘਿਰਾਓ ਹੋ ਰਿਹਾ ਹੈ। ਕਿਸਾਨਾਂ ਦਾ ਅੰਦੋਲਨ ਹੁਣ ਆਪਣੇ ਪੂਰੇ ਜੋਬਨ ‘ਤੇ ਹੈ ਪਰ ਕੇਂਦਰ ਅਜੇ ਟੱਸ ਤੋਂ ਮੱਸ ਨਹੀਂ ਹੋਇਆ ਅਤੇ ਨਾ ਹੀ ਕਿਸਾਨਾ ਨਾਲ ਗੱਲ ਕਰਨ ਲਈ ਮੋਹਰਲੀ ਪਾਲ ਦਾ ਕੋਈ ਆਗੂ ਅੱਗੇ ਆਇਆ ਹੈ। ਹੁਣ ਤਕ ਕਿਸਾਨਾ ਨਾਲ ਗਲਬਾਤ ਕਰਨ ਲਈ ਭਾਜਪਾ ਲੀਡਰਸ਼ਿਪ ਨੇ ਕੁਝ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾਈ ਸੀ ਕਿ ਉਹ ਇਹਨਾ ਬਿੱਲਾਂ ਦਾ ਪੰਜਾਬੀ ਅਨੁਵਾਦ ਕਰਕੇ ਕਿਸਾਨਾ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਨ ਜਿਸ ਤੋਂ ਅੱਕ ਕੇ ਕਿਸਾਨਾ ਦੇ ਖੇਤੀ ਭਵਨ ਵਿਚੋਂ ਵਾਕ ਆਊਟ ਕਰਕੇ ਇਹਨਾ ਖੇਤੀ ਬਿੱਲਾਂ ਦੀਆਂ ਕਾਪੀਆਂ ਨੂੰ ਪਾੜ ਕੇ ਆਪਣਾ ਰੋਹ ਦਿਖਾਇਆ ਸੀ।

ਇਹ ਹੋ ਸਕਦਾ ਹੈ ਕਿ ਇੱਕ ਆਮ ਕਿਸਾਨ ਨੂੰ ਪੂਰੇ ਵੇਰਵਿਆਂ ਸਹਿਤ ਖੇਤੀ ਕਾਨੂੰਨਾਂ ਦੀ ਪੂਰੀ ਪੂਰੀ ਸਮਝ ਨਾ ਹੋਵੇ ਪਰ ਏਨੀ ਸਮਝ ਜ਼ਰੂਰ ਹੈ ਇਹ ਬਿੱਲ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਦੇ ਪੇਟੇ ਪਾਉਣ ਲਈ ਲਿਆਂਦੇ ਜਾ ਰਹੇ ਹਨ ਅਤੇ ਜੇਕਰ ਪੂਰੀ ਤਨਦੇਹੀ ਨਾਲ ਇਹਨਾ ਦਾ ਵਿਰੋਧ ਨਾ ਕੀਤਾ ਤਾਂ ਇਹ ਭਾਰਤ ਦੀ ਸਮੁੱਚੀ ਕਿਸਾਨੀ ਲਈ ਖੁਦਕਸ਼ੀਆਂ ਵਾਲੇ ਸਾਬਤ ਹੋਣਗੇ । ਪੰਜਾਬ ਦੇ ਕਿਸਾਨ ਨੂੰ ਘੱਟੋ ਘੱਟ ਏਨਾ ਕੁ ਗਿਆਨ ਜ਼ਰੂਰ ਹੈ ਕਿ ਜੇਕਰ ਇਹ ਕਿਸਾਨ ਪੰਜਾਬ ਵਿਚ ਲਾਗੂ ਹੋ ਜਾਂਦੇ ਹਨ ਤਾਂ ਉਹਨਾ ਦੀ ਮਾਲੀ ਹਾਲਤ ਬਿਹਾਰ ਦੇ ਭਈਏ ਵਰਗੀ ਹੋ ਜਾਵੇਗੀ। ਅਸੀਂ ਪਿਛਲੇ ਲੇਖ ਵਿਚ ਖੇਤੀ ਬਿੱਲਾਂ ਦੇ ਹੱਕ ਵਿਚ ਬੋਲਣ ਵਾਲਿਆਂ ਦੇ ਨਾਲ ਨਾਲ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਸਿੰਘ ਰਾਜੇਆਣਾ ਅਤੇ ਉੱਘੇ ਅਰਥ ਸ਼ਾਸਤਰੀ ਡਾ: ਰਣਜੀਤ ਸਿੰਘ ਘੁੰਮਣ ਦੇ ਵਿਚਾਰ ਵੀ ਦਿੱਤੇ ਸਨ ਕਿ ਇਹ ਬਿੱਲ ਕਿਸਾਨੀ ‘ਤੇ ਕਿਸ ਤਰਾਂ ਨਾਲ ਅਮਲ ਦਰਾਜ ਹੋਣ ਵਾਲੇ ਹਨ। ਇਸ ਲੇਖ ਵਿਚ ਅਸੀਂ ਹਰਿਆਣੇ ਦੇ ਇੱਕ ਸਿੱਖ ਆਗੂ ਦੇ ਵਿਚਾਰ ਦੇ ਰਹੇ ਹਾਂ ਜਿਸ ਦੀ ਵੀਡੀਓ ਸੁਣ ਕੇ ਇਹ ਮਹਿਸੂਸ ਹੋਇਆ ਕਿ ਨਾ ਕੇਵਲ ਪੰਜਾਬ ਸਗੋਂ ਸਮੁੱਚੇ ਭਾਰਤ ਦੀ ਕਿਸਾਨੀ ਦੇ ਘੋਲ ਸਬੰਧੀ ਇਸ ਆਗੂ ਦੇ ਬੋਲ ਸੱਚਾਈ ਭਰਪੂਰ ਹਨ । ਇਸ ਆਗੂ ਨੇ ਅੰਗ੍ਰੇਜ਼ ਰਾਜ ਤੋਂ ਹੁਣ ਤਕ ਬਾਣੀਏ ਅਤੇ ਕਿਸਾਨ ਦੇ ਆਰਥਿਕ ਹਿੱਤਾਂ ਦੇ ਟਕਾਰਾਓ ਸਬੰਧੀ ਸ਼ਾਹੂਕਾਰਾਂ ਦੀ ਜ਼ਹਿਰੀ ਮਾਨਸਿਕਤਾ ਦਾ ਇਜ਼ਹਾਰ ਬਹੁਤ ਹੀ ਪ੍ਰਭਾਵਤ ਤਰੀਕੇ ਨਾਲ ਕੀਤਾ ਹੈ ਕਿ ਬਾਣੀਆਂ ਬਿਰਤੀ ਕਿਸਾਨਾਂ ਦੇ ਹੱਥੋਂ ਰੋਟੀ ਖੋਹਣ ਲਈ ਕਿਸ ਹੱਦ ਤਕ ਜਾ ਸਕਦੀ ਹੈ। ਇਸ ਆਗੂ ਨੂੰ ਕਿਸਾਨੀ ਦੇ ਘੋਲ ਕਾਰਨ ਜਿਹਲ ਜਾਣਾ ਪਿਆ ਅਤੇ ਭਾਰਤੀ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ। ਇਸ ਕਿਸਾਨ ਦਾ ਮੂਲ ਭਾਸ਼ਣ ਹਿੰਦੀ ਵਿਚ ਹੈ ਜਿਸ ਦਾ ਅਨੁਵਾਦ ਅਸੀਂ ਪੰਜਾਬੀ ਵਿਚ ਦੇ ਰਹੇ ਹਾਂ।




ਇਤਹਾਸਕ ਪ੍ਰਸੰਗ ਵਿਚ ਕਿਸਾਨੀ ਦੇ ਵੈਰੀਆਂ ਦਾ ਪਰਦਾਫਾਸ਼

ਪੀਲੀ ਪੱਗ ਬੰਨ੍ਹੀ ਇਹ ਲੰਮ ਸਲੱਮਾਂ ਸਰਦਾਰ ਕਿਸਾਨ ਮੋਰਚੇ ਨੂੰ ਇਸ ਤਰਾਂ ਸੰਬੋਨ ਹੁੰਦਾ ਹੈ, ‘ਸਾਥੀਓ ਅੱਜ ਜੋ ਹਾਲਾਤ ਇਸ ਦੇਸ਼ ਵਿਚ ਪੈਦਾ ਹੋ ਗਏ ਹਨ ਜਿਸ ਵਿਚ


ਭਾਰਤੀ ਕਿਸਾਨ ਆਪਣੀ ਫਸਲ ਦੀ ਵਿਕਰੀ ਲਈ ‘ਘੱਟੋ ਘੱਟ ਸਮਰਥਨ ਮੁੱਲ’ (Minimum Support Price) ਦੀ ਲੜਾਈ ਲੜ ਰਹੇ ਹਨ, ਇਹ ਹਾਲਾਤ ਪਹਿਲਾਂ ਨਹੀਂ ਸੰਨ। ਸੰਨ ੧੯੪੭ ਤੋਂ ਪਹਿਲਾਂ ੧੯੨੩ ਨੂੰ ਲਹੌਰ ਵਿਚ ਸਰ ਛੋਟੂ ਰਾਮ ਅਤੇ ਮੀਆਂ ਸਰ ਫਜ਼ਲ ਹੁਸੈਨ ਨੇ ‘ਨੈਸ਼ਨਲ ਯੁਨੀਅਨਿਸਟ ਪਾਰਟੀ’ ਨਾਮ ਦਾ ਇੱਕ ਸਿਆਸੀ ਦਲ ਬਣਾਇਆ ਸੀ। ਜਦੋਂ ਸੰਨ ੧੯੨੩ ਵਿਚ ਇਹ ਸਿਆਸੀ ਪਾਰਟੀ ਬਣੀ ਤਾਂ ਲਾਲਾ ਲਾਜਪਤ ਰਾਏ ਸਰ ਛੋਟੂ ਰਾਮ ਜੀ ਕੋਲ ਗਏ। ਲਾਲਾ ਲਾਜਪਤ ਰਾਏ ਨੇ ਸਰ ਛੋਟੂ ਰਾਮ ਨੂੰ ਕਿਹਾ ਕਿ ਲਾਲਾ ਜੀ ਆਪਣਾ ਦੋਹਾਂ ਦਾ ਧਰਮ ਇੱਕ ਹੈ, ਆਪਾਂ ਦੋਵੇਂ ਹਿੰਦੂ ਹਾਂ ਅਤੇ ਤੁਸੀਂ ਇੱਕ ਮੁਸਲਮਾਨ ਨਾਲ ਇਹ ਰਾਜਨੀਤਕ ਪਾਰਟੀ ਕਿਓਂ ਬਣਾਈ ਹੈ। ਤੁਹਾਨੂੰ ਮੇਰੇ ਨਾਲ ਰਲ ਕੇ ਇੱਕ ਰਾਜਨੀਤਕ ਪਾਰਟੀ ਬਨਾਉਣੀ ਚਾਹੀਦੀ ਸੀ। ਸਰ ਛੋਟੂ ਰਾਮ ਨੇ ਲਾਲਾ ਲਾਜਪਤ ਰਾਏ ਨੂੰ ਕਿਹਾ ਕਿ ਇਹ ਗੱਲ ਤਾਂ ਸਹੀ ਹੈ ਕਿ ਤੁਹਾਡਾ ਅਤੇ ਮੇਰਾ ਧਰਮ ਇੱਕ ਹੈ ਪਰ ਸਾਡਾ ਇਮਾਨ ਵੱਖੋ ਵੱਖਰਾ ਹੈ ਅਤੇ ਇਹ ਵੀ ਸਹੀ ਹੈ ਕਿ ਮੀਆਂ ਸਰ ਫਜ਼ਲ ਹੁਸੈਨ ਅਤੇ ਮੇਰਾ ਧਰਮ ਅਲੱਗ ਅਲੱਗ ਹੈ ਪਰ ਸਾਡਾ ਇਮਾਨ ਇੱਕ ਹੈ ਅਤੇ ਅਸੀਂ ਇਮਾਨ ਦੇ ਅਧਾਰ ‘ਤੇ ਲੜਨ ਵਾਲੇ ਲੋਕ ਹਾਂ, ਇਸ ਕਰਕੇ ਮੈਂ ਤੁਹਾਡੇ ਨਾਲ ਨਹੀਂ ਰਲ ਸਕਦਾ।

ਸਰ ਛੋਟੂ ਰਾਮ ਰਾਜਿਸਥਾਨ ਵਿਚ ਚੁਰੂ ਗਏ। ਇੱਕ ਲਾਲਾ ਜੀ ਓਥੇ ਆਏ ਅਤੇ ਉਸ ਨੇ ਕਿਹਾ ਕਿ ਚੌਧਰੀ ਸਾਹਬ ਮੈਂ ਜਿਮੀਂਦਾਰਾਂ ਦੀ ਤਨ,ਮਨ ਅਤੇ ਧੰਨ ਨਾਲ ਮੱਦਤ ਕਰਨੀ ਚਹੁੰਦਾ ਹਾਂ। ਸਰ ਛੋਟੂ ਰਾਮ ਨੇ ਕਿਹਾ ਕਿ ਇਹ ਗੱਲ ਫੇਰ ਕਹਿ ਤਾਂ ਉਸ ਨੇ ਫੇਰ ਓਹੀ ਗੱਲ ਦੁਹਰਾਈ ਕਿ ਮੈਂ ਕਿਸਾਨਾਂ ਦੀ ਤਨ ਮਨ ਅਤੇ ਧੰਨ ਨਾਲ ਮੱਦਤ ਕਰਨੀ ਚਹੁੰਦਾ ਹਾਂ। ਸਰ ਛੋਟੂ ਰਾਮ ਨੇ ਓਥੇ ਬੈਠੇ ਆਪਣੇ ਕੇਡਰ ਦੇ ਸਾਥੀਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇਕਰ ਇਹ ਲਾਲਾ ਅਤੇ ਇਸ ਵਰਗੇ ਧਨੀ ਆਦਮੀ ਹੀ ਕਿਸਾਨਾਂ ਦੀ ਮੱਦਤ ਕਰਨ ਲੱਗ ਪੈਣ ਤਾਂ ਸਾਡੀ ਤਾਂ ਲੋੜ ਹੀ ਨਹੀਂ ਪੈਣੀ ਚਾਹੀਦੀ (ਛੋਟੂ ਰਾਮ ਫਿਰ ਪੈਦਾ ਹੀ ਕਿਓਂ ਹੋਇਆ) । ਇਹ ਉਹ ਲੋਕ ਹਨ ਜੋ ਬਹੁਤ ਜ਼ਿਆਦਾ ਮਿੱਠਾ ਬੋਲਦੇ ਹਨ ਅਤੇ ਸਭ ਤੋਂ ਵੱਧ ਲੁੱਟਦੇ ਹਨ, ਇਹਨਾ ਤੋਂ ਸਾਵਧਾਨ ਰਹਿਣਾ। ਇਹ ਸਿਆਸੀ ਪਾਰਟੀ ਮੀਆਂ ਸਰ ਫਜ਼ਲ ਹੁਸੈਨ ਅਤੇ ਸਰ ਛੋਟੂ ਰਾਮ ਨੇ ਬਣਾਈ ਸੀ। ਸੰਨ ੧੯੨੩ ਤੋਂ ਸੰਨ ੧੯੪੭ ਤਕ ਪੰਜਾਬ ਵਿਚ ਸਰ ਫਜ਼ਲ ਹੁਸੈਨ, ਸਰ ਛੋਟੂ ਰਾਮ ਅਤੇ ਸਰ ਸਿਕੰਦਰ ਹਯਾਤ ਖਾਨ ਤੋਂ ਬਾਅਦ ਲੈਫਟੀਨੈਂਟ ਕਰਨਲ ਸਰ ਮਲਿਕ ਹਿਜ਼ਰ ਖਾਨ ਟਿਵਾਣਾ ਜੋ ਪੰਜਾਬ ਦੇ ਪ੍ਰਾਈਮ ਮਨਿਸਟਰ ਰਹੇ ਇਹਨਾ ਲੋਕਾਂ ਦੀ ਇਜਾਜ਼ਤ ਤੋਂ ਵਗੈਰ ਪੰਜਾਬ ਵਿਚ ਪੱਤਾ ਵੀ ਨਹੀਂ ਸੀ ਹਿੱਲਦਾ।


ਸਰ ਛੋਟੂ ਰਾਮ ਜੀ ਨੇ ਇੱਕ ਕਾਨੂੰਨ ਬਣਵਾਇਆ ਸੀ ਜਿਸ ਮੁਤਾਬਕ ਕਿਸਾਨ ਦੀ ਨਾ ਤਾਂ ਜ਼ਮੀਨ ਕੁਰਕ ਹੋ ਸਕਦੀ ਹੈ ਅਤੇ ਨਾ ਹੀ ਉਸ ਦੀ ਫਸਲ ਜਾਂ ਬਲਦ ਕੁਰਕ ਹੋ ਸਕਦੇ ਸਨ। ਇਹ ਸੁਨਹਿਰੀ ਕਾਨੂੰਨ ਪੰਜਾਬ ਵਿਚ ਯੂਨੀਅਨਿਸਟ ਪਾਰਟੀ ਨੇ ੧੯੩੮ ਵਿਚ ਬਣਵਾਇਆ ਸੀ। ਇਸ ਸਬੰਧੀ ਗੋਕਲ ਚੰਦ ਨਾਰੰਗ ਪੰਜਾਬ ਅਸੈਂਬਲੀ ਵਿਚ ਖੜ੍ਹਾ ਹੋ ਕੇ ਕਹਿਣ ਲੱਗਾ ਕਿ ਸਰ ਛੋਟੂ ਰਾਮ ਨੇ ਜੋ ਕਾਨੂੰਨ ਬਣਵਾਇਆ ਹੈ ਇਸ ਕਾਨੂੰਨ ਦੀ ਵਜ੍ਹਾ ਕਰਕੇ ਅਸੀਂ ਪੰਜਾਬ ਵਿਚ ਨਾ ਤਾਂ ਕਿਸਾਨ ਦੀ ਜ਼ਮੀਨ ਕੁਰਕ ਸਕਦੇ ਹਾਂ, ਨਾ ਉਸ ਦਾ ਘਰ ਜਾਂ ਬਲਦ ਹੀ ਕੁਰਕ ਕਰ ਸਕਦੇ ਹਾਂ ਤਾਂ ਫਿਰ ਪੰਜਾਬ ਵਿਚ ਕੁਰਕ ਕਰਨ ਲਈ ਰਹਿ ਕੀ ਗਿਆ ਹੈ? ਉਸ ਦੇ ਜਵਾਬ ਵਿਚ ਸਰ ਛੋਟੂ ਰਾਮ ਨੇ ਕਿਹਾ ਸੀ ਕਿ ਤੁਹਾਡੇ ਲੋਕਾਂ ਦੀ ਇਹ ਜੋ ਵਿਾਰਧਾਰਾ ਅਤੇ ਮਾਨਸਿਕਤਾ ਹੈ ਅਸੀਂ ਇਸ ਵਿਚਾਰਧਾਰਾ ਅਤੇ ਮਾਨਸਿਕਤਾ ਨੂੰ ਹੀ ਕੁਰਕ ਕਰ ਦੇਵਾਂਗੇ। ਇਸ ਦੇ ਨਾਲ ਹੀ ਸਰ ਛੋਟੂ ਰਾਮ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਖਬਰਦਾਰ ਕਿਸੇ ਵੀ ਪਿੰਡ ਵਾਸੀ ਨੇ ਸ਼ਹਿਰੀ ਹਿੰਦੂ ਨੂੰ ਵੋਟ ਦਿੱਤੀ। ਗੋਕਲ ਚੰਦ ਨਾਰੰਗ ਨੇ ਛੋਟੂ ਰਾਮ ਦਾ ਇਹ ਵਿਚਾਰ ਸੁਣ ਕੇ ਕਿਹਾ ਸੀ ਕਿ ਤੁਸੀਂ ਤਾਂ ਹਿਟਲਰ ਦੀ ਤਰਾਂ ਗੱਲ ਕਰ ਰਹੇ ਹੋ। ਉਸ ਦੇ ਜਵਾਬ ਵਿਚ ਛੋਟੂ ਰਾਮ ਨੇ ਕਿਹਾ ਸੀ ਕਿ ਅਗਰ ਪੰਜਾਬ ਵਿਚ ਯਹੂਦੀ ਰਹਿਣਗੇ ਤਾਂ ਪੰਜਾਬ ਵਿਚ ਹਿਟਲਰ ਵੀ ਰਹੇਗਾ।


ਉਸ ਸਮੇਂ ਦੀ ਇਹ ਸਿਆਸਤ ਸਾਡੇ ਕਿਸਾਨਾਂ ਦੇ ਹੱਕ ਵਿਚ ਸੀ ਅਤੇ ਜਦੋਂ ਸਰ ਛੋਟੂ ਰਾਮ ਹੇਠ ਲਿਖੇ ਕਾਨੂੰਨ ਬਣਾਏ ਜਿਵੇਂ ਕਿ ਪੰਜਾਬ ਰੈਜਿਸਟਰੇਸ਼ਨ ਮਨੀ ਲੈਂਡਰ ਐਕਟ ੧੯੩੯ ( The Punjab registration of Money lender’s act 1938),ਪੰਜਾਬ ਰੈਸਟਿਟਿਊਸ਼ੂਨ ਆਫ ਮੋਰਗੇਜ ਐਕਟ ੧੯੩੮ (The Punjab Restitution of Mortgaged Lands Act 1938) , ਦਾ ਪੰਜਾਬ ਰਲੀਫ ਆਫ ਇਨਡੈਪਟਡਨੈਸ ਐਕਟ ੧੯੩4 (The Punjab relief of indebtedness act 1934), ਦਾ ਪੰਜਾਬ ਲੈਂਡ ਅਲਿਨੇਸ਼ਨ ਐਕਟ ੧੯੩੮ (The Punjab Land Alienation Act 1938) ਅਤੇ ਮੰਡੀ ਐਕਟ ਜੋ ੧੯੩੮ ਨੂੰ ਆਇਆ ਇਸ ਨੂੰ ਵੀ ਸਰ ਛੋਟੂ ਰਾਮ ਅਤੇ ਸਰ ਸਿਕੰਦਰ ਹਯਾਤ ਖਾਨ ਲੈ ਕੇ ਆਏ ਸਨ। ਇਸ ਐਕਟ ਦੇ ਮੁਤਾਬਕ ਮੰਡੀ ਵਿਚ ਕਿਸਾਨ ਦਾ ਬਚਾਓ ਕੀਤਾ ਗਿਆ ਸੀ ਤਾਂ ਇਸ ਸਬੰਧੀ ਗੋਕਲ ਚੰਦ ਨਾਰੰਗ ਖੜ੍ਹਾ ਹੋ ਕੇ ਕਹਿਣ ਲੱਗਾ ਕਿ ਇਸ ਕਾਨੂੰਨ ਦੀ ਵਜ੍ਹਾ ਨਾਲ ਰੋਹਤਕ ਦਾ ਇੱਕ ਦੋ ਧੇਲੇ ਦਾ ਜਾਟ ਸਾਡੇ ਲੱਖ ਪਤੀ ਬਾਣੀਏਂ ਦੇ ਬਰਾਬਰ ਬੈਠੇਗਾ। ਸੋ ਇਹਨਾ ਬਾਣੀਆਂ ਦੀ ਮਾਨਸਿਕਤਾ ਉਸ ਸਮੇਂ ਵੀ ਸਾਡੇ ਖਿਲਾਫ ਸੀ ਅਤੇ ਅੱਜ ਵੀ ਉਹਨਾ ਦੀ ਮਾਨਸਿਕਤਾ ਸਾਡੇ ਖਿਲਾਫ ਹੈ ਅਤੇ ਉਸ ਜ਼ਮਾਨ ਵਿਚ ਜਦੋਂ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਸਰ ਛੋਟੂ ਰਾਮ ਦੀ ਯੂਨੀਅਨਿਸਟ ਸਰਕਾਰ ਲੈ ਕੇ ਆਈ ਤਾਂ ਪੰਜਾਬ ਅਸੈਂਬਲੀ ਵਿਚੋਂ ਸਰ ਗੋਪੀ ਚੰਦ ਭਾਰਗਵ, ਡਾ ਸੱਤਿਆਪਾਲ, ਲਾਲਾ ਦੁਨੀ ਚੰਦ ਵਰਗੇ ਕਾਂਗਰਸੀਆਂ ਦੇ ਨਾਲ ਨਾਲ ਹਿੰਦੂ ਮਹਾਂ ਸਭਾ ਦੇ ਭਾਈ ਪਰਮਾਨੰਦ, ਰਾਜਾ ਨਰਿੰਦਰ ਨਾਥ ਅਤੇ ਐਮ ਕੇ ਪੁਰੀ ਨੇ ਵੀ ਆਪਣੇ ਅਸਤੀਫੇ ਦੇ ਦਿੱਤੇ ਸਨ। ਇਹ ਉਹ ਹਾਲਾਤ ਸਨ ਜਦੋਂ ਦਿਹਾਤੀ ਕਿਸਾਨੀ ਦੇ ਹੱਕ ਵਿਚ ਕਾਨੂੰਨ ਬਣ ਰਹੇ ਸਨ ਅਤੇ ਸ਼ਹਿਰੀ ਲਾਲੇ ਅਸਤੀਫੇ ਦੇ ਰਹੇ ਸਨ, ਹੁਣ ਹਾਲਾਤ ਉਲਟ ਹੋ ਗਏ ਹਨ ਕਿ ਬਹੁ ਕੌਮੀ ਕਾਰਪੋਰੇਟਾਂ ਅਤੇ ਸ਼ਹਿਰੀ ਲਾਲਿਆਂ ਦੀ ਅਗਵਾਈ ਕਰਦੀ ਸਰਕਾਰ ਖੇਤੀ ਸਬੰਧੀ ਕਾਨੂੰਨ ਬਣਾ ਰਹੀ ਹੈ ਅਤੇ ਕਿਸਾਨਾਂ ਦੇ ਆਗੂ ਅਸਤੀਫੇ ਦੇ ਰਹੇ ਹਨ।

ਇਸ ਦਾ ਕਾਰਨ ਕੀ ਹੈ? ਇਸ ਦਾ ਕਾਰਨ ਇੱਕ ਹੀ ਹੈ ਜੋ ਸਰ ਛੋਟੂ ਰਾਮ ਜੀ ਕਿਹਾ ਕਰਦੇ ਸਨ ਕਿ ‘ਐ ਭੋਲੇ ਕਿਸਾਨ ਤੂੰ ਮੇਰੀਆਂ ਦੋ ਗੱਲਾਂ ਮੰਨ ਲੈ ਕਿ ਇੱਕ ਤਾਂ ਤੂੰ ਬੋਲਣਾ ਸਿੱਖ ਲੈ ਅਤੇ ਦੂਜਾ ਦੁਸ਼ਮਣ ਦੀ ਪਛਾਣ ਕਰ’। ਅਸੀਂ ਦੁਸ਼ਮਣ ਨੂੰ ਪਛਾਨਣਾ ਨਹੀਂ ਸਿੱਖਿਆ। ਸਰ ਛੋਟੂ ਰਾਮ ਜੀ ਕਿਹਾ ਕਰਦੇ ਸਨ ਇਹ ਜੋ ਢਿੱਲੀ ਧੋਤੀ ਵਾਲੇ ਹਨ ਇਹ ਤੁਹਾਡੇ ਦੁਸ਼ਮਣ ਹਨ। ਇਹਨਾ ਬਾਣੀਆਂ, ਸਰਮਾਏਦਾਰਾਂ ਅਤੇ ਪੁਜਾਰੀਆਂ ਦੀ ਸਿਆਸਤ ਤੁਹਾਨੂੰ ਸਮਝਣੀ ਪੈਣੀ ਹੈ।

ਇਸ ਸਬੰਧੀ ਇੱਕ ਕਹਾਣੀ ਹੈ ਕਿ ਇੱਕ ਕਾਂ ਦੇ ਬੱਚੇ ਨੇ ਆਪਣੇ ਪਿਓ ਨੂੰ ਕਿਹਾ ਕਿ ਪਿਤਾ ਜੀ ਮੈਨੂੰ ਚੌਪਾਏ ਦਾ ਮਾਸ ਖਾਂਦਿਆਂ ਬੜੀ ਦੇਰ ਹੋ ਗਈ ਹੁਣ ਮੈਂ ਦੋ-ਪਾਏ ਦਾ ਮਾਸ ਖਾਣਾ ਚਹੁੰਦਾ ਹਾਂ। ਕਾਂ ਨੇ ਕਿਹਾ ਕਿ ਬੇਟਾ ਜਾਹ ਅਤੇ ਸਾਰੇ ਜਾਨਵਰਾਂ ਦੇ ਮਾਸ ਇਕੱਠੇ ਕਰਕੇ ਲੈ ਆ। ਉਹ ਬੋਟੀਆਂ ਲੈ ਆਇਆ। ਕਾਂ ਨੇ ਕਿਹਾ ਕਿ ਇਹ ਜੋ ਸੂਰ ਦਾ ਮਾਸ ਹੈ ਇਸ ਨੂੰ ਤੂੰ ਮਸੀਤ ਵਿਚ ਸੁੱਟ ਦੇ, ਇਹ ਗਾਂ ਦਾ ਹੈ ਇਹਨੂੰ ਮੰਦਰ ਵਿਚ ਸੁੱਟ ਆ ਤੇ ਬਾਪ ਦਾ ਕਹਿਣਾ ਮੰਨ ਕੇ ਕਾਂ ਨੇ ਇੰਝ ਹੀ ਕੀਤਾ ਅਤੇ ਫਿਰ ਕੀ ਸੀ ਕਿ ਸੰਪਰਦਾਇਕ ਦੰਗੇ ਹੋ ਗਏ। ਇਹਨਾ ਦੰਗਿਆਂ ਦੇ ਹੋਣ ਨਾਲ ਦੋ ਪਾਇਆਂ (ਹਿੰਦੂ ਮੁਸਲਮਾਨਾਂ)ਦੇ ਮਾਸ ਸੜਕਾਂ ‘ਤੇ ਖਿਲਰ ਗਏ। ਕਾਂ ਦੇ ਬਾਪ ਨੇ ਆਪਣੇ ਬੱਚੇ ਨੂੰ ਕਿਹਾ ਕਿ ਹੁਣ ਇਹਨਾ ਦੋ ਪਾਇਆਂ ਦਾ ਮਾਸ ਖਾਈ ਚੱਲ। ਕਾਂ ਦੇ ਬੇਟੇ ਨੇ ਕਿਹਾ ਕਿ ਇਹ ਤਾਂ ਠੀਕ ਹੈ ਪਰ ਜੇਕਰ ਇਹ ਗੱਲ ਆਦਮ ਜ਼ਾਤ ਦੀ ਸਮਝ ਵਿਚ ਆ ਗਈ ਕਿ ਅਸੀਂ ਇਸ ਤਰੀਕੇ ਨਾਲ ਦੋ ਪਾਇਆਂ ਦਾ ਮਾਸ ਖਾ ਰਹੇ ਹਾਂ ਤਾਂ ਕਾਂ ਜਾਤੀ ਸੰਕਟ ਵਿਚ ਆ ਜਾਏਗੀ। ਫਿਰ ਤਾਂ ਆਦਮ ਜਾਤ ਪੂਰੀ ਕਾਂ ਨਸਲ ਨੂੰ ਹੀ ਖਤਮ ਕਰ ਦਏਗੀ। ਕਾਂ ਦੇ ਬਾਪ ਨੇ ਕਿਹਾ ਕਿ ਇੱਕ ਹਜ਼ਾਰ ਸਾਲ ਹੋ ਗਿਆ ਹੈ ਸਾਡੀ ਇਹ ਚਾਣਕਯ ਨੀਤੀ ਅੱਜ ਤੱਕ ਤਾਂ ਆਦਮ ਜਾਤ ਦੀ ਸਮਝ ਵਿਚ ਨਹੀਂ ਆਈ। ਇੱਕ ਹਜ਼ਾਰ ਸਾਲ ਤੋਂ ਅਸੀਂ ਲੋਕਾਂ ਨੂੰ ਇੰਝ ਹੀ ਲੜਾਉਂਦੇ ਆ ਰਹੇ ਹਾਂ ਅਤੇ ਰੱਜ ਕੇ ਇਹਨਾ ਦਾ ਮਾਸ ਖਾਂਦੇ ਆ ਰਹੇ ਹਾਂ ਪਰ ਅਜੇ ਤਕ ਤਾਂ ਆਦਮ ਜਾਤ ਸਾਡੀ ਇਸ ਰਾਜਨੀਤੀ/ ਚਾਣਕੀ ਨੀਤੀ ਨੂੰ ਸਮਝ ਨਹੀਂ ਸਕੀ।

ਸਾਥੀਓ ਸਰ ਛੋਟੂ ਰਾਮ ਜੀ ਕਿਹਾ ਕਰਦੇ ਸਨ ਕਿ ਇਹ ਕਾਂ ਸ਼ਰਾਧਾ ਦੇ ਸਮੇਂ ਆਇਆ ਕਰਨਗੇ, ਇਹਨਾ ਤੋਂ ਸਾਵਧਾਨ ਰਹਿਣਾ। ਇਹਨਾ ਨੂੰ ਨਾ ਪਛਾਨਣ ਕਰਕੇ ਹੀ ਸੰਨ ੧੯੪੭ ਵਿਚ ਭਰਾ ਨੇ ਭਰਾ ਨੂੰ ਮਾਰਿਆ। ਜ਼ਰਾ ਸੋਚੋ ਕਿ ਦੁਨੀਆਂ ਦੀ ਸਭ ਤੋਂ ਤਾਕਤਵਰ ਪ੍ਰਜਾਤੀ ਡਾਇਨਾਸੋਰ ਇਸ ਦੁਨੀਆਂ ਵਿਚੋਂ ਕਿਓਂ ਖਤਮ ਹੋ ਗਈ। ਕੌਕਰੋਚ, ਕੀੜੀਆਂ ਅਤੇ ਹੋਰ ਕੀੜੇ ਮਕੌੜੇ ਜ਼ਿੰਦਾ ਹਨ ਪਰ ਡਾਇਨਾਸੋਰ ਦੁਨੀਆਂ ਦੀ ਸਭ ਤੋਂ ਤਾਕਤਵਰ ਜਾਨਵਰ ਖਤਮ ਹੋ ਗਿਆ ਕਿਓਂਕਿ ਇੱਕ ਵਾਰ ਡਾਇਨਾਸੋਰ ਦੇ ਬੱਚੇ ਦੇ ਪੈਰ ‘ਤੇ ਸੱਟ ਲੱਗ ਜਾਣ ਕਾਰਨ ਡਾਇਨਾਸੋਰ ਨੇ ਉਸ ਦਾ ਲਹੂ ਚੱਟ ਲਿਆ ਅਤੇ ਫਿਰ ਉਸ ਦੇ ਮੂੰਹ ਨੂੰ ਆਪਣੀ ਹੀ ਨਸਲ ਦਾ ਲਹੂ ਚੂਸਣ ਦੀ ਲੱਤ ਲੱਗ ਗਈ ਸੀ। ਉਸ ਦਿਨ ਤੋਂ ਬਾਅਦ ਉਹ ਆਪਣੇ ਹੀ ਬੱਚਿਆਂ ਅਤੇ ਭਰਾਵਾਂ ਨੂੰ ਮਾਰਨ ਲੱਗ ਪਿਆ। ਦੂਸਰਾ ਡਾਇਨਾਸੋਰ ਦੇ ਖਤਮ ਹੋਣ ਦਾ ਕਾਰਨ ਇਹ ਵੀ ਸੀ ਕਿ ਉਸ ਦਾ ਸ਼ਰੀਰ ਏਨਾ ਵੱਡਾ ਹੋ ਗਿਆ ਸੀ ਕਿ ਸਿਰ ‘ਤੇ ਜਾਂ ਸ਼ਰੀਰ ਦੇ ਕਿਸੇ ਹੋਰ ਹਿੱਸੇ ‘ਤੇ ਲੱਗੀ ਸੱਟ ਦਾ ਉਸ ਨੂੰ ਪਤਾ ਨਹੀਂ ਸੀ ਲੱਗਦਾ।

ਸਾਥਿਓ ਅਸੀਂ ਵੀ ਡਾਇਨਾਸੋਰ ਵਰਗੇ ਹੁੰਦੇ ਜਾ ਰਹੇ ਹਾਂ ਜਦੋਂ ਸਾਡੇ ਸ਼ਰੀਰ ਨੂੰ ਸੱਟ ਲੱਗਦੀ ਹੈ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਦੇਸ਼ ਵਿਚ ਕੀ ਹੋ ਰਿਹਾ ਹੈ। ਜੇਕਰ ਕਸ਼ਮੀਰ ਦੇ ਬਾਣੀਏ ਜਾਂ ਬ੍ਰਾਹਮਣ ਨੂੰ ਕੁਝ ਹੋ ਜਾਂਦਾ ਹੈ ਤਾਂ ਦਿੱਲੀ ਦੇ ਬਾਣੀਏਂ ਜਾਂ ਮੰਨੂਵਾਦੀ ਨੂੰ ਜ਼ੁਕਾਮ ਹੋ ਜਾਂਦਾ ਹੈ ਅਤੇ ਤਾਮਲਨਾਡੂ ਦੇ ਮੰਨੂਵਾਦੀ ਨੂੰ ਵੀ ਨਿੱਛਾਂ ਆਉਣ ਲੱਗ ਪੈਂਦੀਆ ਹਨ। ਇਹਨਾ ਲੋਕਾਂ ਵਿਚ ਏਨੀ ਜਾਤੀ ਏਕਤਾ ਅਤੇ ਸੰਵੇਦਨਸ਼ੀਲਤਾ ਹੈ ਪਰ ਸਾਡੇ ਵਿਚ ਸੰਵੇਦਨਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ਤੇ ਭਾਈ ਭਾਈ ਨੂੰ ਮਾਰ ਰਿਹਾ ਹੈ। ਸੰਨ ੧੯੪੭ ਵਿਚ ਫਿਰਕੂ ਬਹਿਕਾਵੇ ਵਿਚ ਆ ਕੇ ਅਸੀਂ ਮੁਸਲਮਾਨ ਭਰਾਵਾਂ ਨੂੰ ਮਾਰਿਆ ਅਤੇ ਸੰਨ ੧੯੮੪ ਵਿਚ ਸਿੱਖ ਭਰਾਵਾਂ ਨੂੰ ਮਾਰਿਆ ਇੰਝ ਹੀ ਮੁਜੱਫਰਨਗਰ ਵਿਚ ਵੀ ਇਹਨਾ ਲੋਕਾਂ ਦੇ ਬਹਿਕਾਵੇ ਵਿਚ ਆ ਕੇ ਮੁਸਲਮਾਨਾਂ ਦੇ ਕਤਲ ਹੋਏ। ਇਹ ਲੋਕ ਸਾਨੂੰ ਲੜਾ ਰਹੇ ਹਨ ਅਤੇ ਇਸ ਦਾ ਹੱਲ ਅਸੀਂ ਇੱਕ ਹੀ ਸਮਝਿਆ ਹੈ। ਅਸੀਂ ੨੦੧੫ ਵਿਚ ਯੂਨੀਅਨਿਸਟ ਮਿਸ਼ਨ ਨੂੰ ਸ਼ੁਰੂ ਕੀਤਾ ਸੀ। ਯੂਨਿਅਨਿਸਟ ਵਿਚਾਰਧਾਰਾ ਨੂੰ ਲੈ ਕੇ ਸੰਨ ੨੦੧੫ ਵਿਚ ਅਸੀਂ ਆਪਣਾ ਕੰਮ ਅਰੰਭਿਆ। ਸਰਕਾਰ ਨੇ ਸਾਡੇ ਤੇ ਝੂਠੇ ਮੁਕੱਦਮੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਮੇਰੇ ‘ਤੇ ੬ ਕੇਸ ਪਾ ਦਿੱਤੇ ਜਿਹਨਾ ਵਿਚੋਂ ਦੋ ਮੁਕੱਦਮੇ ਮੇਰੇ ਖਿਲਾਫ ਸੀ ਬੀ ਆਈ ਵਿਚ ਅਜੇ ਵੀ ਚੱਲ ਰਹੇ ਹਨ। ਮੈਨੂੰ ਅਤੇ ਮੇਰੇ ਸਾਥੀਆਂ ਨੂੰ ਜਿਹਲ ਬੰਦ ਕਰ ਦਿੱਤਾ। ਕਰੀਬ ਸਾਡੇ ੨੦ ਸਾਥੀ ਸ਼ਹੀਦ ਹੋ ਗਏ। ਮੈਂ ਕਰੀਬ ਪੌਣੇ ਚਾਰ ਸਾਲ ਜਿਹਲ ਵਿਚ ਰਿਹਾ ਹਾਂ। ਹੁਣ ਮੈਂ ਬਾਹਰ ਆਇਆ ਹਾਂ ਅਤੇ ਦੁਬਾਰਾ ਉਸੇ ਲਹਿਰ ਨੂੰ ਸ਼ੁਰੂ ਕੀਤਾ ਹੈ ਜਦ ਕਿ ਇਹ ਲੋਕ ਨਹੀਂ ਚਹੁੰਦੇ ਕਿ ਅਸੀਂ ਕਿਸਾਨਾਂ ਨੂੰ ਉਹਨਾ ਦੇ ਹੱਕਾਂ ਪ੍ਰਤੀ ਜਾਣੂ ਕਰਾਕੇ ਲਾਮਬੰਦ ਕਰੀਏ।

ਸੋਸ਼ਲ ਮੀਡੀਏ ‘ਤੇ ਇਸ ਗੁਮਨਾਮ ਕਿਸਾਨ ਆਗੂ ਦਾ ਏਨਾ ਹੀ ਭਾਸ਼ਣ ਮਿਲਦਾ ਹੈ ਪਰ ਇਹ ਭਾਸ਼ਣ ਕਿਸਾਨੀ ਦੇ ਸਿਰ ‘ਤੇ ਸ਼ੂਕ ਰਹੇ ਕਾਰਪੋਰੇਟਾਂ ਦੇ ਖਤਰੇ ਨੂੰ ਪੂਰੀ ਤਰਾਂ ਰੂਪਮਾਨ ਕਰਦਾ ਹੈ। ਅੱਜ ਭਾਰਤੀ ਪਾਰਲੀਮੈਂਟ ਵਿਚ ਭਾਜਪਾਈਆਂ ਦਾ ਕਹਿਣਾ ਹੈ ਕਿ ਉਹਨਾ ਦੇ ੨੦੦ ਕਿਸਾਨ ਮੈਂਬਰ ਹਨ ਪਰ ਇਹਨਾ ਕਿਸਾਨਾਂ ਦਾ ਜਮਾਤੀ ਖਾਸਾ ਜਗੀਰਦਾਰਾਂ ਵਾਲਾ ਹੋਣ ਕਰਕੇ ਕਾਰਪੋਰੇਟਾਂ ਵਲੋਂ ਗਰੀਬ ਕਿਸਾਨਾਂ ਦੀਆਂ ਹੜੱਪੀਆਂ ਜਾ ਰਹੀਆਂ ਜ਼ਮੀਨਾ ਦੇ ਖਤਰੇ ਨੂੰ ਮਹਿਸੂਸ ਕਰਨ ਦੀ ਥਾਂ ਅੰਬਾਨੀਆਂ ਅਤੇ ਅਡਾਨੀਆਂ ਦੇ ਹਿੱਤ ਪੂਰਨ ਲਈ ਤੱਤਪਰ ਹਨ। ਪੰਜਾਬ ਦੇ ਹਿੰਦੂਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਆਰ ਐਸ ਐਸ, ਜਨਸੰਘ ਜਾਂ ਭਾਜਪਾ ਨੇ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲੀ,ਪੰਜਾਬੀ ਇਲਾਕਿਆਂ ਤੋਂ ਮੁਨਕਰ ਹੋਣ ਤੋਂ ਬਾਅਦ ਹੁਣ ਪੰਜਾਬ ਦੀ ਕਿਸਾਨੀ ਦੇ ਹੱਕਾਂ ਤੋਂ ਮੁਨਕਰ ਹੋ ਕੇ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਢਾਅ ਲਾ ਕੇ ਪੰਜਾਬ ਨਾਲ ਗੱਦਾਰੀ ਕਰਨ ਦਾ ਇਤਹਾਸ ਸਿਰਜਦੇ ਹੋਏ ਪੰਜਾਬ ਵਿਚ ਆਪਣਾ ਸਿਆਸੀ ਭਵਿੱਖ ਕਾਲ੍ਹਾ ਕਰ ਲਿਆ ਹੈ।

ਪੰਜਾਬ ਦਾ ਕਿਸਾਨ ਇਹਨਾ ਦੀਆਂ ਚੋਪੜੀਆਂ ‘ਤੇ ਯਕੀਨ ਨਹੀਂ ਕਰਨ ਲੱਗਾ।

Comments


bottom of page