ਕਰੋੜਸਿੰਘੀਆ ਮਿਸਲ ਦੇ ਮੁਖੀ ਬਾਬਾ ਬਘੇਲ ਸਿੰਘ ਵੱਲੋਂ ਜਦੋਂ ਪੰਜਾਬ ਦੇ ਸਾਰੇ ਸਰਦਾਰਾਂ ਨੂੰ ਦਿੱਲੀ ਫ਼ਤਹਿ ਕਰਨ ਦਾ ਸੁਨੇਹਾ ਮਿਲਿਆ ਤਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ ਵਰਗੇ ਸਾਰੇ ਸਰਦਾਰਾਂ ਨੇ ਦਿੱਲੀ ਫ਼ਤਹਿ ਕਰਨ ਲਈ ਕੂਚ ਕਰ ਦਿੱਤਾ। ਸੰਨ 1783 ਦੇ ਮਾਰਚ ਦਾ ਮਹੀਨਾ ਸੀ ਅਤੇ ਬਸੰਤ ਰੁੱਤ ਅੰਗੜਾਈ ਲੈ ਰਹੀ ਸੀ। ਓਧਰ ਦਿੱਲੀ ਫ਼ਤਹਿ ਕਰਨ ਦਾ ਚਾਅ ਸਿੰਘਾਂ ਅੰਦਰ ਠਾਠਾਂ ਮਾਰ ਰਿਹਾ ਸੀ। ਖਾਲਸਾ ਫ਼ੌਜਾਂ ਪੰਜਾਬ ਤੋਂ ਦਿਨ ਰਾਤ ਚੱਲ ਕੇ ਦਿੱਲੀ ਦੇ ਕੋਲ ਪਹੁੰਚ ਗਈਆਂ। ਦਿੱਲੀ ਤੋਂ ਕੁਝ ਦੂਰ ਸਾਰੇ ਸਰਦਾਰ ਇਕੱਠੇ ਹੋਏ ਅਤੇ ਇਥੇ ਹੀ ਬਾਬਾ ਬਘੇਲ ਸਿੰਘ ਵੀ ਉਨ੍ਹਾਂ ਨਾਲ ਆ ਮਿਲੇ।

ਸੰਨ 1783 ਦੀ 8 ਮਾਰਚ ਨੂੰ ਕਰੀਬ 40 ਹਜ਼ਾਰ ਦੀ ਖਾਲਸਾ ਫ਼ੌਜ ਨੇ ਦਿੱਲੀ ’ਤੇ ਚੜ੍ਹਾਈ ਕਰ ਦਿੱਤੀ ਅਤੇ ਸਿੱਖ ਰਾਹ ਦੇ ਸਾਰੇ ਇਲਾਕੇ ਨੂੰ ਸਰ ਕਰਦੇ ਦਿੱਲੀ ਦੇ ਪਾਸ ਟਿੱਲਾ ਮਜਨੂੰ ’ਤੇ ਜਾ ਪੁੱਜੇ ਅਤੇ ਅਜਮੇਰੀ ਦਰਵਾਜ਼ੇ ਵਲੋਂ ਅੰਦਰ ਜਾ ਕੇ ਸ਼ਹਿਰ ਦੇ ਕਈ ਬਜ਼ਾਰਾਂ ’ਤੇ ਆਪਣਾ ਪਹਿਰਾ ਲਾ ਦਿੱਤਾ। ਸਿੰਘ ਕਟੜਾ ਨੀਲਾ ਤੇ ਮੁਗਲ ਮੁਹੱਲੇ ਵਿੱਚ ਜਾ ਪਹੁੰਚੇ। ਦਿੱਲੀ ਦੇ ਲੋਕ ਸਿੰਘਾਂ ਨੂੰ ਦੇਖ ਕੇ ਨੱਸ ਪਏ। ਸ਼ਾਮ ਤੱਕ ਸਿੰਘ ਲਾਲ ਕਿਲ੍ਹੇ ਨੂੰ ਘੇਰ ਚੁੱਕੇ ਸਨ ਅਤੇ ਕਸ਼ਮੀਰੀ ਗੇਟ ਦੇ ਬਾਹਰ ਹਜ਼ਾਰਾਂ ਸਿੱਖ ਫ਼ੌਜਾਂ ਖੜ੍ਹੀਆਂ ਸਨ। ਸਿੰਘਾਂ ਨੇ ਗੇਟ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਅਖੀਰ 9 ਮਾਰਚ 1783 ਦੇ ਦਿਨ ਸਿੱਖ ਫ਼ੌਜਾਂ ਨੇ ਤੋਪਾਂ ਨਾਲ ਕਿਲ੍ਹੇ ਦੀ ਕੰਧ ਦਾ ਇੱਕ ਹਿੱਸਾ ਉੱਡਾ ਦਿੱਤਾ ਤੇ ਇਸ ਮਘੋਰੇ (ਮੋਰੀ) ਰਾਹੀਂ ਕਿਲ੍ਹੇ ਵਿੱਚ ਦਾਖਲ ਹੋ ਗਏ। ਅੱਜ ਵੀ ਇਸ ਇਲਾਕੇ ਨੂੰ ਮੋਰੀ ਗੇਟ ਕਹਿੰਦੇ ਹਨ।
ਖਾਲਸਾ ਫ਼ੋਜਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ, ਰਾਏ ਸਿੰਘ ਦੀ ਅਗਵਾਈ ਵਿੱਚ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋਈਆਂ। ਲਾਲ ਕਿਲ੍ਹੇ ਉੱਪਰ ਹੁਣ ਖਾਲਸਾਈ ਨਿਸ਼ਾਨ ਝੁਲ ਚੁੱਕਾ ਸੀ। ਸਿੰਘ ਨੇ ਦਿੱਲੀ ਤਖ਼ਤ ਉੱਪਰ ਕਬਜ਼ਾ ਕਰ ਲਿਆ। ਇਸ ਮੌਕੇ ’ਤੇ ਜਰਨੈਲਾਂ ਨੇ ਦਲ ਖਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਤਖ਼ਤ ’ਤੇ ਬੈਠਣ ਲਈ ਕਿਹਾ ਪਰ ਉਨ੍ਹਾਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਸਿੱਖਾਂ ਵਿੱਚ ਅਜਿਹੇ ਬਾਦਸ਼ਾਹ ਦਾ ਕੋਈ ਸਿਧਾਂਤ ਨਹੀਂ ਹੈ। ਇਸ ਕਰਕੇ ਕੋਈ ਵੀ ਉਸ ਤਖ਼ਤ ’ਤੇ ਬੈਠਣ ਨੂੰ ਤਿਆਰ ਨਾ ਹੋਇਆ। ਹਾਲਾਂਕਿ ਕਿ ਕੁਝ ਇਤਿਹਾਸਕਾਰ ਲਿਖਦੇ ਹਨ ਜੱਸਾ ਸਿੰਘ ਆਹਲੂਵਾਲੀਆ ਦਿਲੀ ਦੇ ਤਖ਼ਤ ਉੱਪਰ ਬੈਠੇ ਸਨ ਇਸੇ ਕਰਕੇ ਉਨ੍ਹਾਂ ਨੂੰ ਬਾਦਸ਼ਾਹ ਕਿਹਾ ਜਾਂਦਾ ਹੈ।
ਦਿੱਲੀ ਤਖ਼ਤ ਉੱਪਰ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਮੁਗਲ ਬਾਦਸ਼ਾਹ ਸ਼ਾਹ ਆਲਮ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮਿਰਜ਼ਾ ਗੌਹਰ ਅਲੀ ਸ਼ਾਹ ਸਾਨੀ ਨੇ ਵਜ਼ੀਰ ਆਜ਼ਮ ਨੂੰ ਸੱਦ ਕੇ ਆਖਿਆ ਕਿ ਜਿਸ ਤਰਾਂ ਹੋ ਸਕੇ ਸਿੱਖਾਂ ਦੇ ਹੱਥੋਂ ਜਾਨ ਛੁਡਾਓ। ਸਰਦਾਰ ਬਘੇਲ ਸਿੰਘ ਨੂੰ ਸੱਦਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਖਾਲਸਾ ਤੁਹਾਡਾ ਮੁਲਕ ਨਹੀਂ ਖੋਹਣਾ ਚਾਹੁੰਦਾ। ਤੁਸੀਂ ਜ਼ੁਲਮ ਕਰਨਾ ਛੱਡ ਦੇਵੋ, ਇਥੇ ਜਿਹੜੇ-ਜਿਹੜੇ ਸਿੰਘਾਂ ਦੇ ਗੁਰਦੁਆਰੇ ਹਨ, ਬਣਾ ਦੇਵੋ ਤੇ ਖਾਲਸੇ ਨੂੰ ਹਰਜਾਨਾ ਦੇ ਦੇਵੋ, ਇਹ ਵਾਪਸ ਚਲਾ ਜਾਣਗੇ। ਸਿਮਰੂ ਬੇਗਮ ਜਿਸਦਾ ਬਾਦਸ਼ਾਹ ’ਤੇ ਬਹੁਤ ਵਸੀਕਾਰ ਸੀ, ਇਹ ਗੱਲ ਉਹਦੇ ਦਿਲ ਲੱਗੀ ਤੇ ਉਸਨੇ ਵਜ਼ੀਰ ਆਜ਼ਮ ਨੂੰ ਸੱਦ ਕੇ ਬਘੇਲ ਸਿੰਘ ਨੂੰ ਬਿਠਾ ਕੇ ਫੈਸਲਾ ਕਰਾ ਦਿੱਤਾ। ਫੈਸਲਾ ਇਹ ਹੋਇਆ ਕਿ:-
1. ਖਾਲਸੇ ਨੂੰ ਤਿੰਨ ਲੱਖ ਰੁਪਿਆ ਹਰਜਾਨਾ ਦਿੱਤਾ ਜਾਵੇ।
2. ਸ਼ਹਿਰ ਦੀ ਕੋਤਵਾਲੀ ਤੇ ਚੁੰਗੀ ਵਸੂਲ ਕਰਨ ਦਾ ਕੰਮ ਸਰਦਾਰ ਬਘੇਲ ਸਿੰਘ ਦੇ ਅਧੀਨ ਕਰ ਦਿੱਤਾ ਜਾਵੇ।
3. ਜਦ ਤੱਕ ਗੁਰਦੁਆਰਿਆਂ ਦੀ ਸੇਵਾ ਨਾ ਹੋ ਜਾਵੇ ਸਰਦਾਰ ਬਘੇਲ ਸਿੰਘ 4000 ਸਵਾਰਾਂ ਨਾਲ ਇਥੇ ਰਹਿਣਗੇ।
ਇਹ ਸ਼ਰਤਾਂ ਦੋਵਾਂ ਧਿਰਾਂ ਨੇ ਮਨਜ਼ੂਰ ਕਰ ਲਈਆਂ। ਕੁਝ ਚਿਰ ਮਗਰੋਂ ਹੀ ਬਾਦਸ਼ਾਹ ਨੇ ਦਿੱਲੀ ਦੀ ਚੁੰਗੀ ਵਿੱਚੋਂ 6 ਆਨੇ (ਸਾਢੇ 37 ਫੀਸਦੀ) ਹਿੱਸੇ ਦੇਣੇ ਮੰਨ ਕੇ ਉਨ੍ਹਾਂ ਨੂੰ ਭੇਜ ਦਿੱਤਾ। ਇਸ ਮੌਕੇ ’ਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਜੇ ਅਸੀਂ ਦਿੱਲੀ ਦੇ ਤਖ਼ਤ ’ਤੇ ਨਹੀਂ ਬੈਠਣਾ ਤਾਂ ਅਸੀਂ ਇਸ ਤਖ਼ਤ ਦਾ ਥੜਾ ਪੁੱਟ ਕੇ ਯਾਦਗਾਰ ਵਜੋਂ ਅੰਮ੍ਰਿਤਸਰ ਲੈ ਕੇ ਜਾਵਾਂਗੇ ਤਾਂ ਜੋ ਤਵਾਰੀਖ਼ ਵਿੱਚ ਯਾਦ ਰਹੇ ਕਿ ਕਦੇ ਦਿੱਲੀ ਦਾ ਤਖ਼ਤ ਵੀ ਸਿੱਖਾਂ ਦੇ ਕਦਮਾਂ ਹੇਠ ਰਿਹਾ ਸੀ ਅਤੇ ਇਸ ਦੀ ਸਿੱਲ ਹਮੇਸ਼ਾਂ ਸਿੱਖਾਂ ਦੇ ਪੈਰਾਂ ਹੇਠ ਰਹੇਗੀ। ਤਖ਼ਤ ਵਾਲੀ ਇਹ ਸਿੱਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ ਬੁੰਗੇ ਵਿੱਚ ਲੈ ਗਿਆ ਜੋ ਅੱਜ ਵੀ ਓਥੇ ਮੌਜੂਦ ਹੈ।
ਦਿੱਲੀ ਵਿਖੇ ਜਿਸ ਥਾਂ ’ਤੇ ਖਾਸਲਾ ਫੌਜਾਂ ਠਹਿਰੀਆਂ ਸਨ ਉਸ ਵਕਤ ਓਨਾਂ ਦੀ ਗਿਣਤੀ ਤੀਹ ਹਜ਼ਾਰ ਸੀ। ਅੱਜ ਵੀ ਉਸ ਥਾਂ ਨੂੰ ਤੀਸ ਹਜ਼ਾਰੀ ਵਜੋਂ ਜਾਣਿਆ ਜਾਂਦਾ ਹੈ। ਦਿੱਲੀ ਦਾ ਹਾਈ ਕੋਰਟ ਤੀਸ ਹਜ਼ਾਰੀ ਵਿੱਚ ਹੀ ਹੈ। ਏਵੇਂ ਹੀ ਜਿਸ ਪੁਲ ’ਤੇ ਜਿੱਤ ਦੀ ਖੁਸ਼ੀ ਵਿੱਚ ਸਿੱਖ ਫ਼ੌਜੀਆਂ ਨੇ ਮਿਠਾਈ ਵੰਡੀ ਸੀ ਉਸ ਦਾ ਨਾਮ ਅੱਜ ਵੀ ‘ਪੁਲ ਮਿਠਾਈ’ ਵਜੋਂ ਜਾਣਿਆ ਜਾਂਦਾ ਹੈ।
ਸਮਝੌਤੇ ਤਹਿਤ ਖਾਲਸਾ ਫ਼ੌਜਾਂ ਪੰਜਾਬ ਨੂੰ ਵਾਪਸ ਮੁੜ ਆਈਆਂ ਅਤੇ ਬਾਬਾ ਬਘੇਲ ਸਿੰਘ ਗੁਰਦੁਆਰਿਆਂ ਦੀ ਉਸਾਰੀ ਲਈ ਓਥੇ ਰੁਕ ਗਏ। ਬਾਬਾ ਬਘੇਲ ਸਿੰਘ ਨੇ ਦਿੱਲੀ ਵਿਖੇ ਰਹਿ ਕੇ ਗੁਰੂ ਸਾਹਿਬ ਨਾਲ ਸਬੰਧਤ ਥਾਵਾਂ ’ਤੇ ਯਾਦਗਾਰਾਂ ਬਣਾਉਣ ਵਾਸਤੇ ਜ਼ਮੀਨ ਲੈ ਲਈ। ਬਾਬਾ ਬਘੇਲ ਸਿੰਘ ਨੇ ਗੁਰਦੁਆਰਾ ਸੀਸ ਗੰਜ, ਰਕਾਬ ਗੰਜ, ਬੰਗਲਾ ਸਾਹਿਬ, ਬਾਲਾ ਸਾਹਿਬ, ਦਮਦਮਾ ਸਾਹਿਬ, ਮੋਤੀ ਬਾਗ ਆਦਿ ਦੀ ਉਸਾਰੀ ਕਰਵਾਈ ਅਤੇ ਸਿੰਘਾਂ ਨੂੰ ਸੇਵਾ ਸੰਭਾਲ ਲਈ ਨਿਯੁਕਤ ਕੀਤਾ।
ਗੁਰਦੁਆਰਿਆਂ ਦੀ ਉਸਾਰੀ ਮਗਰੋਂ ਸਰਦਾਰ ਬਘੇਲ ਸਿੰਘ ਨੇ ਬਾਦਸ਼ਾਹ ਨੂੰ ਕਿਹਾ ਕਿ ਹੁਣ ਉਹ ਪੰਜਾਬ ਜਾ ਰਿਹਾ ਹੈ। ਬਾਦਸ਼ਾਹ ਨੇ ਹਾਥੀ ਦੀ ਤੇ ਸੋਨੇ ਦੀ ਇੱਕ ਜ਼ੰਜੀਰ ਤੇ ਪੰਜ ਘੋੜੇ, ਬਹੁਤ ਸਾਰੇ ਤੋਹਫੇ ਤੇ ਇੱਕ ਬਹੁਮੁੱਲਾ ਸਰੋਪਾ ਦੇ ਕੇ ਕਿਹਾ ਕਿ ਪ੍ਰਸੰਨਤਾ ਨਾਲ ਜਾਣਾ।
ਗੱਲਾਂ ਵਿੱਚ ਹੀ ਮੁਗਲ ਬਾਦਸ਼ਾਹ ਨੇ ਬਾਬਾ ਬਘੇਲ ਸਿੰਘ ਨੂੰ ਪੁੱਛ ਲਿਆ ਕਿ ਖਾਲਸੇ ਦੀ ਧਾਕ ਸਾਰੇ ਮੁਲਕ ਵਿੱਚ ਬੈਠ ਗਈ ਹੈ ਅਤੇ ਹਰ ਕੋਈ ਇਨ੍ਹਾਂ ਦਾ ਲੋਹਾ ਮੰਨਦਾ ਹੈ ਪਰ ਇਹ ਅੱਡ-ਅੱਡ ਜਥੇ ਬਣਾ ਕੇ ਰਹਿੰਦੇ ਹਨ ਤੇ ਆਪਸ ਵਿੱਚ ਵੀ ਇੱਕ ਦੂਜੇ ਨਾਲ ਇਨ੍ਹਾਂ ਦੇ ਝਗੜੇ ਹੁੰਦੇ ਰਹਿੰਦੇ ਹਨ, ਇਸਦਾ ਕਾਰਨ ਕੀ ਹੈ? ਸ਼ਰਦਾਰ ਬਘੇਲ ਸਿੰਘ ਨੇ ਉੱਤਰ ਵਿੱਚ ਕਿਹਾ ਕਿ ਰਾਏ ਦਾ ਅੱਡਰਾਪਨ ਹੋਣਾ ਸੁਭਾਵਕ ਗੱਲ ਹੈ। ਅਸੀਂ ਘਰ ਵਿੱਚ ਅੱਡ ਹੋ ਸਕਦੇ ਹਾਂ, ਕਿੰਤੂ ਜਦ ਕੌਮ ਦਾ ਸਵਾਲ ਆ ਜਾਏ ਤਦ ਆਪਣੇ ਅੱਡਰੇਪਨ ਭੁੱਲ ਕੇ ਇੱਕ ਦੂਜੇ ਨਾਲੋਂ ਅੱਗੇ ਵੱਧ ਕੇ ਜਾਨ ਦੇਣ ਨੂੰ ਤਿਆਰ ਹੋਵਾਂਗੇ।
ਬਾਦਸ਼ਾਹ ਨੇ ਬਘੇਲ ਸਿੰਘ ਦੀ ਜ਼ਬਾਨੀ ਇਹ ਗੱਲ ਸੁਣ ਕੇ ਉਂਗਲੀ ਦੰਦਾਂ ਵਿੱਚ ਲੈ ਲਈ ਤੇ 5000 ਰੁਪਏ ਕੜਾਹ ਪ੍ਰਸ਼ਾਦ ਲਈ ਦੇ ਕੇ ਸਰਦਾਰ ਸਾਹਿਬ ਨੂੰ ਰੁਖਸਤ ਕੀਤਾ। ਬਘੇਲ ਸਿੰਘ ਆਪਣੇ ਸਾਥੀਆਂ ਸਮੇਤ ਦਿੱਲੀ ਤੋਂ ਚੱਲ ਕੇ ਆਪਣੇ ਨਿਵਾਸ ਅਸਥਾਨ ਛਲੋਦੀ ਵਿੱਚ ਅਪੜ ਕੇ ਇਲਾਕੇ ਦਾ ਪ੍ਰਬੰਧ ਕਰਨ ਲੱਗਾ। ਜਦ ਤੱਕ ਬਾਬਾ ਬਘੇਲ ਸਿੰਘ ਜਿਊਂਦਾ ਰਿਹਾ ਦਿੱਲੀ ਸ਼ਹਿਰ ਦੀ ਚੁੰਗੀ ਦਾ ਚੌਥਾ ਹਿੱਸਾ ਘਰ ਬੈਠਿਆਂ ਹੀ ਉਸ ਪਾਸ ਅਪੜਦਾ ਰਿਹਾ।
ਖਾਲਸੇ ਵਲੋਂ ਦਿੱਲੀ ਫ਼ਤਹਿ ਕਰਨ ਦਾ ਇਹ ਮਾਣਮੱਤਾ ਕਾਰਨਾਮਾ ਹਮੇਸ਼ਾਂ ਖਾਲਸੇ ਦਾ ਸੀਨਾ ਮਾਣ ਨਾਲ ਚੌੜਾ ਕਰਦਾ ਰਹੇਗਾ। ਦਿੱਲੀ ਦਾ ਹੰਕਾਰਿਆ ਹੋਇਆ ਤਖ਼ਤ ਅੱਜ ਵੀ ਸਿੱਖਾਂ ਦੇ ਪੈਰਾਂ ਹੇਠ ਹੈ ਅਤੇ ਦਿੱਲੀ ਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਿੰਘਾਂ ਨਾਲ ਪੰਗਾ ਲੈਣ ਵਾਲੇ ਤਖ਼ਤ ਨੂੰ ਸਿੱਖ ਜਿੱਤਦੇ ਹੀ ਨਹੀਂ ਸਗੋਂ ਜੜ੍ਹੋਂ ਵੀ ਪੁੱਟ ਦਿੰਦੇ ਹਨ।
Comments