ਜਦੋਂ ੭/੮ ਸਾਲ ਪਹਿਲਾਂ ਮੈਂ ਫੇਸਬੁੱਕ ਤੇ ਆਇਆ ਸਾਂ, ਕੁੱਝ ਲੋਕਾਂ ਨੂੰ ਇਤਬਾਰ ਹੀ ਨਹੀਂ ਸੀ ਹੋਇਆ ਕਿ ਇਹ 'ਅਸਲ ਗਜਿੰਦਰ ਸਿੰਘ' ਹੈ ।
ਹੌਲੀ ਹੌਲੀ ਦੋਸਤਾਂ ਨੂੰ ਇਤਬਾਰ ਆਣ ਲੱਗਾ ਕਿ ਇਹ ਅਸਲ ਆਈ ਡੀ ਹੀ ਹੈ । ਆਮ ਕਰ ਕੇ ਬਹੁਤ ਸਤਿਕਾਰ ਦਿੱਤਾ ਦੋਸਤਾਂ ਨੇ, ਪਰ ਕਦੇ ਕਦੇ ਬੜ੍ਹੇ ਅਜੀਬੋ ਗਰੀਬ ਕਮੈਂਟਸ ਵੀ ਪੜ੍ਹਨ ਨੂੰ ਮਿੱਲਦੇ ਰਹੇ ।
ਕੁੱਝ ਦੋਸਤਾਂ ਨੇ ਇਹ ਮਸ਼ਵਰਾ ਵੀ ਦਿੱਤਾ ਕਿ ਫੇਸਬੁੱਕ ਇੱਕ ਖੁੱਲ੍ਹਾ ਅਖਾੜਾ ਹੈ, ਤੇ ਹਰ ਤਰਾਂ ਦੇ ਲੋਕ ਸੱਚੀਆਂ ਝੂਠੀਆਂ ਆਈ ਡੀਆਂ ਬਣਾ ਕੇ ਇੱਥੇ ਸਰਗਰਮ ਰਹਿੰਦੇ ਹਨ । ਕੋਈ ਵੀ ਕਿਸੇ ਨੂੰ ਕੁੱਝ ਵੀ ਚੰਗਾ ਮਾੜ੍ਹਾ ਕਹਿ ਸਕਦਾ ਹੈ । ਇਹਨਾਂ ਦੋਸਤਾਂ ਦਾ ਖਿਆਲ ਸੀ ਕਿ ਮੈਨੂੰ ਫੇਸਬੁੱਕ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ।
ਮੇਰਾ ਜਵਾਬ ਇਹ ਸੀ ਕਿ ਮੈਂ ਟੈਕਨਾਲੋਜੀ ਰਾਹੀਂ ਮਿਲੇ ਮੌਕੇ ਰਾਹੀਂ ਦੁਨੀਆਂ ਭਰ ਦੇ ਸਿੱਖਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੀ ਇੱਛਾ ਰੱਖਦਾ ਹਾਂ । ਇਸ ਤੋਂ ਵੱਧ ਕੁੱਝ ਨਹੀਂ । ਮੈਂ ਕਿਸੇ ਨਾਲ ਕਿਸੇ ਬਹਿਸ ਵਿੱਚ ਨਹੀਂ ਪੈਣਾ ।
ਜਿੱਥੇ ਲੱਖਾਂ ਲੋਕਾਂ ਦਾ ਪਿਆਰ ਸਤਿਕਾਰ ਮਿਲਿਆ ਹੈ, ਓਥੇ ਅਗਰ ਚੰਦ ਲੋਕ ਆਪਣੇ ਕਿਸੇ ਜ਼ਾਤੀ ਕਾਰਨ ਕਰ ਕੇ ਕੁੱਝ ਮਾੜ੍ਹਾ ਵੀ ਕਹਿ ਗਏ ਤਾਂ ਕੀ ਫਰਕ ਪੈ ਗਿਆ ।
ਜੇ ਕਿਸੇ ਨੇ ਪਿਆਰ ਸਤਿਕਾਰ ਦਿੱਤਾ ਹੈ, ਤਾਂ ਸਿਰ ਮੱਥੇ ਸਵੀਕਾਰ ਕੀਤਾ ਹੈ, ਤੇ ਜੇ ਕਿਸੇ ਨੇ ਕੁੱਝ ਮਾੜ੍ਹਾ ਕਿਹਾ ਹੈ, ਤਾਂ ਚੁੱਪ ਕਰ ਕੇ ਇਗਨੋਰ ਕਰ ਦਿੱਤਾ ਹੈ
ਉਦੋਂ ਮੈਂ ਇਹਨਾਂ ਸੁਝਾਵਾਂ ਦਾ ਇੱਕ ਕਵਿਤਾ ਰਾਹੀਂ ਖੁੱਲ੍ਹ ਕੇ ਜਵਾਬ ਵੀ ਦਿੱਤਾ ਸੀ, ਪਰ ਕਿਸੇ ਦੀ ਜ਼ਾਤ ਨੂੰ ਨਿਸ਼ਾਨਾਂ ਬਣਾਏ ਬਗੈਰ ।
ਅੱਜ ਉਹ ਕਵਿਤਾ ਦੁਬਾਰਾ ਸਾਂਝੀ ਕਰ ਰਿਹਾ ਹਾਂ ।
ਮੈਂ ਕੀ ਹਾਂ,
ਮੇਰੇ ਬਾਰੇ ਫੈਸਲਾ ਮੇਰੇ ਬਾਦ ਕਰਨਾ
ਤੁਹਾਡੇ ਪਿਆਰ, ਸਤਿਕਾਰ ਦਾ ਸ਼ੁਕਰੀਆ
ਸ਼ੁਕਰੀਆ, ਤੁਹਾਡੀ ਰਾਏ ਅਤੇ ਸੁਝਾਵਾਂ ਦਾ
ਪਰ ਜੇ ਅੱਜ ਚੁੱਪ ਕਰ ਕੇ ਬਹਿ ਗਿਆ ਯਾਰੋ
ਕਰਜ਼ਾ ਕਿੰਝ ਉਤਾਰਾਂਗਾ ਉਹਨਾਂ ਮਾਵਾਂ ਦਾ
ਪੁੱਤ ਜਿਹਨਾਂ ਦੇ ਤੁਰ ਪਏ ਸੀ ਜੰਗਲਾਂ ਨੂੰ
"ਜੰਗਲ ਸਾਨੂੰ ਵਾਜਾਂ ਮਾਰਦੇ ਨੇ" ਪੜ੍ਹ ਕੇ
ਮਾੜੇ ਦਿਨਾਂ੍ਹ ਵਿੱਚ ਜੇ ਅੱਜ ਚੁੱਪ ਧਾਰ ਕੇ ਬਹਿ ਗਿਆ
ਕੱਲ ਕਿੰਝ ਗੱਲ ਕਰਾਂਗਾ ਤੁਹਾਡੇ ਵਿੱਚ ਖੜ੍ਹ ਕੇ
ਮੈਂ ਸਦਾ ਲੜ੍ਹਨਾ ਚਾਹਿਆ ਹੈ ਆਖਰੀ ਸਾਹ ਤੱਕ
ਲੜਾਈ ਕਲਮ ਦੀ ਹੋਵੇ, ਚਾਹੇ ਤਲਵਾਰ ਦੀ
ਜੰਗ ਜਾਰੀ ਹੈ, ਤੇ ਜਿੱਤ ਤੱਕ ਜਾਰੀ ਰੱਖਣੀ ਹੈ
ਇੱਥੇ ਗੱਲ ਨਹੀਂ, ਤੇ ਸੋਚ ਨਹੀਂ ਕੋਈ ਹਾਰ ਦੀ
ਲੜ੍ਹਦੇ ਰਹਿਣ ਵਾਲੇ ਕਦੇ ਹਾਰਦੇ ਨਹੀਂ ਹੁੰਦੇ
ਹਾਰਦੇ ਉਹ ਨੇ ਜੋ ਦਿੱਲ ਹਾਰ ਘਰਾਂ'ਚ ਬਹਿੰਦੇ ਨੇ
ਜਿੱਤ ਦਾ ਰਾਹ ਛੱਡ, ਹਾਰ ਦੇ ਘਰ ਰਹਿੰਦੇ ਨੇ
ਲੜ੍ਹਦੇ ਰਹਿਣ ਵਾਲੇ ਕਦੇ ਹਾਰਦੇ ਨਹੀਂ ਹੁੰਦੇ
ਹਾਰਦੇ ਉਹ ਨੇ ਜੋ ਦਿੱਲ ਹਾਰ ਘਰਾਂ'ਚ ਬਹਿੰਦੇ ਨੇ
ਮੇਰੇ ਮਾਣ ਨਾਲੋਂ ਜ਼ਰੂਰੀ ਹੈ ਮੇਰਾ ਲੜ੍ਹਨਾ
ਲੜਾਕੂ ਲਈ ਸਹੀ ਨਹੀਂ ਕੋਈ ਪਿੜ੍ਹ ਖਾਲੀ ਛੱਡਣਾ
ਕਾਗਜ਼ ਦੇ ਪੰਨੇ ਹੋਣ ਜਾਂ ਕਿਸੇ ਸਕਰੀਨ ਦੇ
ਮੇਰਾ ਤਾਂ ਕੰਮ ਹੈ ਕਲਮ ਨਾਲ ਵਾਰ ਕਰਨਾ
ਕਲਮ ਨੂੰ ਤਲਵਾਰ ਤੋਂ ਘੱਟ ਕਦੇ ਜਾਤਾ ਨਹੀਂ
ਸੰਘਰਸ਼ ਦੇ ਪਿੜ੍ਹ ਬਿਨ ਕੋਈ ਹੋਰ ਵਹੀ ਖਾਤਾ ਨਹੀਂ
ਮੈਂ ਕੀ ਹਾਂ, ਮੇਰੇ ਬਾਰੇ ਫੈਸਲਾ ਮੇਰੇ ਬਾਦ ਕਰਨਾ
ਸਦਾ ਅਰਦਾਸ ਵਿੱਚ ਚਾਹਿਐ ਅਣਖ ਦੇ ਨਾਲ ਮਰਨਾ
ਮਿੱਤਰੋ ਮੇਰੇ ਲਈ ਅਰਦਾਸ ਕਰਿਓ ……
ਤੁਹਾਡੀਆਂ ਅਰਦਾਸਾਂ ਦਾ ਤਲਬਗਾਰ ਹਾਂ ਮੈਂ
ਦੁਸ਼ਮਣ ਲਈ ਦੁਸ਼ਮਣ ਹੀ ਰਹਿਣਾ ਚਾਹੁੰਨਾ
ਮਿੱਤਰਾਂ ਲਈ ਪਿਆਰ ਹਾਂ, ਤੇ ਕੇਵਲ ਪਿਆਰ ਹਾਂ ਮੈਂ
……………………
ਗਜਿੰਦਰ ਸਿੰਘ, ਦਲ ਖਾਲਸਾ ।
੧੩.੯.੨੦੨੦
…………………….
Comments