top of page

ਪ੍ਰਭਾਵਸ਼ਾਲੀ ਲੋਕਾਂ ਨੂੰ ਤਿਹਾੜ ਜੇਲ੍ਹ 'ਚ ਮਿਲਦੀਆਂ ਹਨ ਹਰ ਤਰ੍ਹਾਂ ਦੀਆਂ ਸਹੂਲਤਾਂ

ਇਕ ਸਾਬਕਾ ਅਧਿਕਾਰੀ ਨੇ ਕੀਤਾ ਖ਼ੁਲਾਸਾ


ਨਵੀਂ ਦਿੱਲੀ, - ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਜੇਲ੍ਹ ਤੋਂ ਕਥਿਤ ਮਸਾਜ ਵੀਡੀਓ ਆਉਣ ਤੋਂ ਬਾਅਦ ਤਿਹਾੜ ਜੇਲ੍ਹ ਦੇ ਇਕ ਸਾਬਕਾ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇਸ ਤਰ੍ਹਾਂ ਦੇ ਗੈਰਕਾਨੂੰਨੀ ਕੰਮ ਤਿਹਾੜ ਜੇਲ੍ਹ 'ਚ ਆਮ ਹਨ। ਅਧਿਕਾਰੀ ਨੇ ਦੱਸਿਆ ਕਿ ਉਸ ਦੀ ਜੇਲ੍ਹ 'ਚ ਨੌਕਰੀ ਦੌਰਾਨ ਪ੍ਰਭਾਵਸ਼ਾਲੀ ਕੈਦੀਆਂ ਨੂੰ 'ਸੈਕਸ' ਸੰਬੰਧੀ ਸਹੂਲਤਾਂ ਵੀ ਮਿਲਦੀਆਂ ਸਨ।

ਤਿਹਾੜ ਜੇਲ੍ਹ 'ਚ 1981 ਤੋਂ 2016 ਤੱਕ ਕਾਨੂੰਨ ਅਫਸਰ ਤੇ ਜੇਲ੍ਹ ਬੁਲਾਰੇ ਵਜੋਂ ਕੰਮ ਕਰਨ ਵਾਲੇ ਸੁਨੀਲ ਗੁਪਤਾ ਨੇ ਦੱਸਿਆ ਕਿ ਦੇਸ਼ ਦੀ ਸਭ ਤੋਂ ਵੱਡੀ ਜੇਲ੍ਹ 'ਚ ਸ਼ਕਤੀਸ਼ਾਲੀ ਤੇ ਅਮੀਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ, ਇਹ ਸਹੂਲਤਾਂ ਅਧਿਕਾਰੀਆਂ ਤੇ ਸਾਥੀ ਕੈਦੀਆਂ ਜ਼ਰੀਏ ਵੀ ਮਿਲਦੀਆਂ ਹਨ। ਗੁਪਤਾ ਨੇ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆਉਣ ਬਾਅਦ ਕਾਰਵਾਈ ਵੀ ਕੀਤੀ ਗਈ। ਆਪਣੀ ਸੇਵਾਮੁਕਤੀ ਦੇ ਇਕ ਸਾਲ ਬਾਅਦ ਗੁਪਤਾ ਨੇ ਇਕ ਕਿਤਾਬ 'ਬਲੈਕ ਵਾਰੰਟ' 'ਚ ਲਿਖਿਆ ਕਿ ਕਿਸ ਤਰ੍ਹਾਂ ਅਮੀਰ ਲੋਕ ਸਾਰੇ ਨਿਯਮਾਂ ਨੂੰ ਤੋੜ ਕੇ ਜੇਲ੍ਹ 'ਚ ਸ਼ਾਨੋ-ਸ਼ੋਕਤ ਵਾਲੀ ਜਿੰਦਗੀ ਜਿਉਂਦੇ ਹਨ।

ਤਿਹਾੜ ਜੇਲ੍ਹ ਦੇ ਬੁਲਾਰੇ ਧੀਰਜ ਕੁਮਾਰ ਨੇ ਗੁਪਤਾ ਵਲੋਂ ਲਗਾਏ ਗਏ ਦੋਸ਼ਾਂ 'ਤੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਪੁਡੂਚੇਰੀ ਦੀ ਸਾਬਕਾ ਉਪ ਰਾਜਪਾਲ ਕਿਰਨ ਬੇਦੀ ਜਿਨ੍ਹਾਂ 1993-1995 ਤੱਕ ਤਿਹਾੜ ਜੇਲ੍ਹ ਦੇ ਡੀ.ਜੀ. ਵਜੋਂ ਕੰਮ ਕੀਤਾ, ਨੇ ਕਿਹਾ ਕਿ ਸੁਨੀਲ ਗੁਪਤਾ ਸ਼ਾਇਦ ਮੇਰੇ ਕਾਰਜਕਾਲ ਤੋਂ ਪਹਿਲਾਂ ਜਾਂ ਮੇਰੇ ਜਾਣ ਦੇ ਬਾਅਦ ਆਪਣੇ ਕਾਰਜਕਾਲ ਦਾ ਜ਼ਿਕਰ ਕਰ ਰਹੇ ਹਨ, ਇਸ ਲਈ ਇਹ ਕੇਵਲ ਉਨ੍ਹਾਂ ਦੀ ਜਾਣਕਾਰੀ 'ਚ ਹੈ। ਹਾਲਾਂਕਿ ਬੇਦੀ ਨੇ ਮੰਨਿਆ ਕਿ ਉਨ੍ਹਾਂ ਨੂੰ ਕੈਦੀਆਂ ਤੋਂ ਸਾਰੇ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ। ਉਤਰ ਪ੍ਰਦੇਸ਼ ਦੀਆਂ ਕਈ ਜੇਲ੍ਹਾਂ 'ਚ ਸੀਨੀਅਰ ਜੇਲ੍ਹ ਸੁਪਰਡੈਂਟ ਵਜੋਂ ਕੰਮ ਕਰ ਚੁੱਕੇ ਅੰਬਰੀਸ਼ ਗੌੜ ਨੇ ਕਿਹਾ ਕਿ ਜਦੋਂ ਉਹ ਸੇਵਾ 'ਚ ਸੀ ਤਾਂ ਕੈਦੀਆਂ ਵਿਚਾਲੇ ਅਸ਼ਲੀਲਤਾ ਦੀਆਂ ਹਰਕਤਾਂ ਬਾਰੇ ਸੂਚਨਾਵਾਂ ਉਸ ਨੂੰ ਮਿਲੀਆਂ ਸੀ, ਹਾਲਾਂਕਿ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਜਿਸ 'ਚ ਕਿਸੇ ਰਸੂਖਦਾਰ ਨੂੰ ਅਜਿਹੀ ਪੇਸ਼ਕਸ਼ ਕੀਤੀ ਗਈ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਦੂਜੇ ਪਾਸੇ ਵੀ.ਆਈ.ਪੀ. ਇਕ ਕੈਦੀ ਵਜੋਂ ਤਿਹਾੜ ਜੇਲ੍ਹ 'ਚ ਆਉਂਦੇ ਹਨ, ਇਸ ਲਈ ਜਿਸ ਅਧਿਕਾਰੀ ਨੇ ਤਿਹਾੜ 'ਚ ਸੇਵਾ ਕੀਤੀ ਹੈ, ਉਸ ਨਾਲੋਂ ਮੇਰਾ ਤਜ਼ੁਰਬਾ ਵੱਖ ਹੈ।

Comentários


bottom of page