ਨਿਊਯਾਰਕ ‘ਚ ਖਾਲਿਸਤਾਨ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਸਾਜ਼ਿਸ਼, ਅਦਾਲਤ ਵਿੱਚ ਹੋਏ ਵੱਡੇ ਖੁਲਾਸੇ
- 13 hours ago
- 3 min read
ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ‘ਚ ਦੋਸ਼ ਕਬੂਲ ਕੀਤੇ
ਵਿਦੇਸ਼ੀ ਧਰਤੀ ‘ਤੇ ਕਤਲ ਦੀਆਂ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ - ਐਫ ਬੀ ਆਈ
2023 ਵਿੱਚ ਭਾਰਤੀ ਰਾਅ ਏਜੰਟ ਯਾਦਵ ਨੇ ਗੁਪਤਾ ਨੂੰ ਅਮਰੀਕਾ ਵਿੱਚ ਟਾਰਗੇਟ ਕਤਲ ਦੀ ਯੋਜਨਾ ਬਣਾਉਣ ਲਈ ਭਰਤੀ ਕੀਤਾ।

ਨਿਊਯਾਰਕ -ਖਾਲਿਸਤਾਨ ਏਜੰਸੀਆਂ - ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਅਮਰੀਕੀ ਨਾਗਰਿਕ, ਜੋ ਸਿੱਖ ਅਲੱਗਾਵਾਦੀ ਲਹਿਰ ਨਾਲ ਜੁੜਿਆ ਆਗੂ ਗੁਰਪਤਵੰਤ ਸਿੰਘ ਪੰਨੂੰ ਜੋ ਭਾਰਤ ਸਰਕਾਰ ਦਾ ਖੁੱਲ੍ਹਾ ਆਲੋਚਕ ਦੱਸਿਆ ਗਿਆ, ਦੇ ਕਤਲ ਦੀ ਅੰਤਰਰਾਸ਼ਟਰੀ ਸਾਜ਼ਿਸ਼ ਮਾਮਲੇ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਦਾਲਤ ਅੱਗੇ ਆਪਣੇ ਉੱਤੇ ਲੱਗੇ ਸਾਰੇ ਮੁੱਖ ਦੋਸ਼ ਕਬੂਲ ਕਰ ਲਏ ਹਨ। ਇਹ ਮਾਮਲਾ ਭਾਰਤ-ਅਮਰੀਕਾ ਸੰਬੰਧਾਂ ਅਤੇ ਵਿਦੇਸ਼ੀ ਧਰਤੀ ‘ਤੇ ਕਥਿਤ ਟਾਰਗੇਟ ਕਿਲਿੰਗ ਯੋਜਨਾਵਾਂ ਸਬੰਧੀ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਮਰੀਕਾ ਦੇ ਦੱਖਣੀ ਜ਼ਿਲ੍ਹਾ ਨਿਊਯਾਰਕ ਦੇ ਫੈਡਰਲ ਅਭਿਯੋਜਕਾਂ ਮੁਤਾਬਕ ਨਿਖਿਲ ਗੁਪਤਾ (ਉਰਫ਼ “ਨਿਕ”) ਨੇ ਕਿਰਾਏ ‘ਤੇ ਕਤਲ ਕਰਵਾਉਣ ਦੀ ਕੋਸ਼ਿਸ਼ , ਕਤਲ ਦੀ ਸਾਜ਼ਿਸ਼, ਮਨੀ ਲਾਂਡਰਿੰਗ ਸਾਜ਼ਿਸ਼ ਸਬੰਧੀ ਤਿੰਨੋਂ ਦੋਸ਼ ਕਬੂਲ ਕੀਤੇ ਹਨ। ਦੋਸ਼ ਕਬੂਲੀਅਤ ਅਮਰੀਕੀ ਮੈਜਿਸਟਰੇਟ ਜੱਜ ਸਾਰਾ ਨੇਟਬਰਨ ਅੱਗੇ ਦਰਜ ਹੋਈ, ਜਦਕਿ ਸਜ਼ਾ ਸੁਣਾਉਣ ਦੀ ਤਾਰੀਖ 29 ਮਈ 2026 ਨਿਰਧਾਰਤ ਕੀਤੀ ਗਈ ਹੈ, ਜਿਸ ਦਾ ਫੈਸਲਾ ਫੈਡਰਲ ਜੱਜ ਵੱਲੋਂ ਕੀਤਾ ਜਾਵੇਗਾ।
ਭਾਰਤੀ ਸਰਕਾਰੀ ਕਰਮਚਾਰੀ ਨਾਲ ਮਿਲੀਭੁਗਤ ਦੇ ਦੋਸ਼

ਅਮਰੀਕੀ ਜਾਂਚ ਏਜੰਸੀਆਂ ਦੇ ਅਨੁਸਾਰ ਨਿਖਿਲ ਗੁਪਤਾ ਨੇ ਇਹ ਸਾਜ਼ਿਸ਼ ਇਕ ਹੋਰ ਦੋਸ਼ੀ ਵਿਕਾਸ ਯਾਦਵ ਦੇ ਦਿਸ਼ਾ-ਨਿਰਦੇਸ਼ ਹੇਠ ਰਚੀ। ਯਾਦਵ ਉਸ ਵੇਲੇ ਭਾਰਤ ਸਰਕਾਰ ਦੀ ਕੈਬਿਨੇਟ ਸਕ੍ਰੇਟੇਰੀਅਟ ਨਾਲ ਜੁੜਿਆ ਕਰਮਚਾਰੀ ਦੱਸਿਆ ਗਿਆ। ਇਹ ਦਫ਼ਤਰ ਭਾਰਤ ਦੀ ਵਿਦੇਸ਼ੀ ਖੁਫੀਆ ਏਜੰਸੀ “ਰਿਸਰਚ ਐਂਡ ਐਨਾਲਿਸਿਸ ਵਿੰਗ (RAW)” ਨੂੰ ਵੀ ਹੋਸਟ ਕਰਦਾ ਹੈ। ਦੋਸ਼ ਹੈ ਕਿ 2023 ਵਿੱਚ ਯਾਦਵ ਨੇ ਗੁਪਤਾ ਨੂੰ ਅਮਰੀਕਾ ਵਿੱਚ ਟਾਰਗੇਟ ਕਤਲ ਦੀ ਯੋਜਨਾ ਬਣਾਉਣ ਲਈ ਭਰਤੀ ਕੀਤਾ। ਯਾਦਵ ‘ਤੇ ਦੋਸ਼ ਲਗੇ ਹੋਣ ਦੇ ਬਾਵਜੂਦ ਉਸਦੀ ਗ੍ਰਿਫ਼ਤਾਰੀ ਅਜੇ ਨਹੀਂ ਹੋਈ।
“ਹਿੱਟਮੈਨ” ਰਾਹੀਂ ਕਤਲ ਦੀ ਯੋਜਨਾ
ਜਾਂਚ ਮੁਤਾਬਕ ਸਾਜ਼ਿਸ਼ ਦਾ ਢਾਂਚਾ ਕਾਫ਼ੀ ਵਿਸਥਾਰਪੂਰਵਕ ਸੀ ਗੁਪਤਾ ਨੇ ਇੱਕ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ ਜਿਸਨੂੰ ਉਹ ਅਪਰਾਧਿਕ ਸਾਥੀ ਸਮਝਦਾ ਸੀ। ਉਹ ਵਿਅਕਤੀ ਅਸਲ ਵਿੱਚ ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ (DEA) ਦਾ ਗੁਪਤ ਸੂਤਰ ਨਿਕਲਿਆ। ਬਾਅਦ ਵਿੱਚ ਗੁਪਤਾ ਨੂੰ ਇੱਕ ਅੰਡਰਕਵਰ ਅਧਿਕਾਰੀ ਨਾਲ ਮਿਲਾਇਆ ਗਿਆ ਜੋ “ਹਿੱਟਮੈਨ” ਵਜੋਂ ਪੇਸ਼ ਕੀਤਾ ਗਿਆ। ਕਤਲ ਦੀ ਡੀਲ ਲਗਭਗ 100,000 ਅਮਰੀਕੀ ਡਾਲਰ ‘ਚ ਤੈਅ ਹੋਈ। ਇਸ ਵਿਚੋਂ 15,000 ਡਾਲਰ ਅਡਵਾਂਸ ਰੂਪ ਵਿੱਚ ਨਕਦ ਦਿੱਤੇ ਗਏ।
ਟਾਰਗੇਟ ਬਾਰੇ ਜਾਣਕਾਰੀ ਸਾਂਝੀ
ਦਸਤਾਵੇਜ਼ਾਂ ਅਨੁਸਾਰ ਸਾਜ਼ਿਸ਼ਕਾਰਾਂ ਨੇ ਟਾਰਗੇਟ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂੰ ਦੀ ਨਿੱਜੀ ਜਾਣਕਾਰੀ ਸਾਂਝੀ ਕੀਤੀ। ਘਰ ਦਾ ਪਤਾ, ਫ਼ੋਨ ਨੰਬਰ ਅਤੇ ਰੋਜ਼ਾਨਾ ਰੁਟੀਨ ਤੱਕ ਦੀ ਜਾਣਕਾਰੀ ਦਿੱਤੀ ਗਈ। ਨਿਗਰਾਨੀ ਤਸਵੀਰਾਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ ਹੱਤਿਆ ਨੂੰ ਜਲਦੀ ਅੰਜਾਮ ਦੇਣ ਲਈ ਦਬਾਅ ਬਣਾਇਆ ਗਿਆ। ਹਾਲਾਂਕਿ ਦੱਸਿਆ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੇ ਦੌਰਾਨ ਕਤਲ ਨਾ ਕੀਤਾ ਜਾਵੇ ਦੱਸਿਆ ਗਿਆ ।
ਨਿਸ਼ਾਨਾ ਕੌਣ ਸੀ?
ਅਦਾਲਤੀ ਕਾਗਜ਼ਾਤਾਂ ਅਨੁਸਾਰ ਟਾਰਗੇਟ ਭਾਰਤੀ ਮੂਲ ਦਾ ਅਮਰੀਕੀ ਨਾਗਰਿਕ, ਵਕੀਲ ਅਤੇ ਰਾਜਨੀਤਿਕ ਕਾਰਕੁਨ ਸੀ ਜੋ ਅਮਰੀਕਾ ਅਧਾਰਿਤ ਸਿੱਖ ਸੰਸਥਾ ਦਾ ਆਗੂ ਸੀ ਤੇ ਪੰਜਾਬ ਦੀ ਭਾਰਤ ਤੋਂ ਅਲੱਗ ਰਾਜ “ਖਾਲਿਸਤਾਨ” ਦੀ ਮੰਗ ਦਾ ਸਮਰਥਕ ਅਤੇ ਭਾਰਤ ਸਰਕਾਰ ਵੱਲੋਂ ਪਾਬੰਦੀਸ਼ੁਦਾ ਘੋਸ਼ਿਤ ਕੀਤੀ ਜਥੇਬੰਦੀ ਦਾ ਮੁੱਖ ਕਰਤਾ ਸੀ ।
ਨਿੱਝਰ ਕਤਲ ਨਾਲ ਜੁੜਿਆ ਜ਼ਿਕਰ
ਮਾਮਲੇ ਦੌਰਾਨ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੀ ਜੂਨ 2023 ਵਿੱਚ ਗੋਲੀ ਮਾਰ ਕੇ ਹੱਤਿਆ ਹੋਈ ਸੀ। ਦੋਸ਼ ਹੈ ਕਿ ਗੁਪਤਾ ਨੇ ਅੰਡਰਕਵਰ ਅਧਿਕਾਰੀ ਨੂੰ ਕਿਹਾ ਕਿ ਨਿੱਝਰ ਵੀ ਨਿਸ਼ਾਨਿਆਂ ਵਿੱਚ ਸ਼ਾਮਲ ਸੀ। ਉਸ ਨੇ ਕਥਿਤ ਤੌਰ ‘ਤੇ ਕਿਹਾ “ਸਾਡੇ ਕੋਲ ਹੋਰ ਵੀ ਕਈ ਟਾਰਗੇਟ ਹਨ”।ਨਿੱਝਰ ਦੇ ਕਤਲ ਤੋਂ ਬਾਅਦ ਉਸ ਨੇ ਕਤਲ ਯੋਜਨਾ ਜਲਦੀ ਅੱਗੇ ਵਧਾਉਣ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਟੀ ਵੀ ਚੈਨਲਾਂ ਉੱਤੇ 20 ਸਿੱਖਾਂ ਨੂੰ ਐਨ ਆਈ ਏ ਵੱਲੋਂ ਕਤਲ ਕਰਨ ਦੀ ਹਿੱਟ ਲਿਸਟ ਵੀ ਜਾਰੀ ਕੀਤੀ ਗਈ ਸੀ ਜੋ ਇੰਗਲੈਂਡ, ਅਮਰੀਕਾ, ਕਨੇਡਾ ਵਿੱਚ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ।
ਦੱਸਣਯੋਗ ਹੈ ਕਿ ਨਿਖਿਲ ਗੁਪਤਾ ਨੂੰ 30 ਜੂਨ 2023 ਨੂੰ ਚੈਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤੇ ਬਾਅਦ ਵਿੱਚ ਉਸਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਜਾਂਚ ਵਿੱਚ ਅਮਰੀਕੀ FBI, DEA ਅਤੇ ਅੰਤਰਰਾਸ਼ਟਰੀ ਏਜੰਸੀਆਂ ਨੇ ਸਾਂਝੀ ਕਾਰਵਾਈ ਕੀਤੀ।

ਕਾਨੂੰਨੀ ਪ੍ਰਾਵਧਾਨਾਂ ਅਨੁਸਾਰ ਵੱਧ ਤੋਂ ਵੱਧ ਸਜ਼ਾਵਾਂ ਵਿੱਚ ਕਿਰਾਏ ਦੇ ਕਤਲ ਲਈ 10 ਸਾਲ, ਸਾਜ਼ਿਸ਼ ਰਚਣ ਤੇ ਕਤਲ ਲਈ 10 ਸਾਲ ਅਤੇ ਮਨੀ ਲਾਂਡਰਿੰਗ ਲਈ 20 ਸਾਲ ਸਜ਼ਾ ਹੋ ਸਕਦੀ ਹੈ। ਅੰਤਿਮ ਸਜ਼ਾ ਫੈਡਰਲ ਜੱਜ ਵੱਲੋਂ ਤੈਅ ਕੀਤੀ ਜਾਵੇਗੀ।
ਸਰਕਾਰੀ ਤੌਰ ਤੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਵਿਦੇਸ਼ੀ ਦਖ਼ਲਅੰਦਾਜ਼ੀ ਅਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਗੰਭੀਰ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਨਾਗਰਿਕਾਂ ਦੀ ਅਭਿਵੈਕਤੀ ਦੀ ਆਜ਼ਾਦੀ ਦੀ ਰੱਖਿਆ ਕੀਤੀ ਜਾਵੇਗੀ ਅਤੇ ਵਿਦੇਸ਼ੀ ਧਰਤੀ ‘ਤੇ ਕਤਲ ਦੀਆਂ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।






Comments