ਕੀ ਭਾਰਤ ਦਾ ਕਾਨੂੰਨ ਧਾਰਮਿਕ ਸਜ਼ਾ ਲੱਗਣ ਤੇ ਸੁੱਚਾ ਸਿੰਘ ਲੰਗਾਹ ਖਿਲਾਫ ਬਲਤਕਾਰ ਦਾ ਮੁੜ ਪਰਚਾ ਦਰਜ ਕਰੇਗਾ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਥ ’ਚੋਂ ਛੇਕੇ ਗਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਤਨਖਾਹੀਆ ਕਰਾਰ ਦਿੰਦੇ ਹੋਏ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਹੈ। ਇਸ ਧਾਰਮਿਕ ਸਜ਼ਾ ਦੌਰਾਨ ਸੁੱਚਾ ਸਿੰਘ ਲੰਗਾਹ ਲਗਾਤਾਰ 21 ਦਿਨ ਸ੍ਰੀ ਹਰਿਮੰਦਰ ਸਾਹਿਬ ਵਿਚ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾਉਣਗੇ। ਇਸ ਤੋਂ ਇਲਾਵਾ ਉਹ ਲਗਾਤਾਰ 21 ਦਿਨ ਤਕ ਪਰਿਕਰਮਾ ਵਿਚ ਬੈਠ ਕੇ ਪਾਠ ਕਰਨਗੇ ਅਤੇ 21 ਦਿਨ ਪਰਿਕਰਮਾ ਵਿਚ ਬੈਠ ਕੇ ਹੀ ਕੀਰਤਨ ਸਰਵਣ ਕਰਨਗੇ। ਇਹ ਤਨਖਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਲਗਾਈ ਗਈ ਹੈ। ਇਸ ਤਨਖਾਹ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਇਸ ਸੇਵਾ ਦੌਰਾਨ ਨਾ ਤਾਂ ਉਹ ਕਿਸੇ ਨਾਲ ਗੱਲ ਕਰਨਗੇ ਅਤੇ ਨਾ ਹੀ ਸੇਵਾ ਕਰਨ ਦਾ ਦਿਖਾਵਾ ਕਰਨਗੇ। ਇਸ ਤੋਂ ਇਲਾਵਾ ਲੰਗਾਹ ਨੂੰ ਸੇਵਾ ਦੌਰਾਨ ਤਸਵੀਰਾਂ ਖਿਚਵਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਤੋਂ ਵੀ ਵਰਜਿਆ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਤਨਖਾਹ ਲਗਾਉਂਦਿਆ ਕਿਹਾ ਕਿ ਲੰਗਾਹ ਕਿਸੇ ਵੀ ਇਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਆਉਣ, ਜਿਹੜੇ ਵੀ ਢਾਡੀ ਜਥੇ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ’ਤੇ ਲੱਗੇ ਹੋਣਗੇ, ਉਹ ਭਾਵੇਂ ਚਾਰ ਹੋਣ ਜਾਂ ਪੰਜ ਉਨ੍ਹਾਂ ਨੂੰ ਇਕੱਲੇ-ਇਕੱਲੇ ਜਥੇ ਨੂੰ 5100 ਰੁਪਏ ਭੇਟ ਕਰਨਗੇ। ਉਸ ਦਿਨ ਲੰਗਾਹ ਘਰੋਂ ਪਰਸ਼ਾਦਾ ਤਿਆਰ ਕਰਕੇ ਲਿਆਉਣਗੇ ਅਤੇ ਢਾਡੀ ਜਥਿਆਂ ਨੂੰ ਲੰਗਰ ਛਕਾਉਣਗੇ ਅਤੇ ਉਨ੍ਹਾਂ ਦੇ ਜੂਠੇ ਬਰਤਣ ਖੁਦ ਸਾਫ ਕਰਨਗੇ। ਇਸ ਧਾਰਮਿਕ ਸਜ਼ਾ ਵਿਚ ਆਖਿਆ ਗਿਆ ਹੈ ਕਿ ਲੰਗਾਹ ਰਾਜਨੀਤੀ ਵਿਚ ਵਿਚਰ ਸਕਦੇ ਹਨ ਪਰ ਉਹ ਪੰਜ ਸਾਲ ਤੱਕ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ। ਇਥੇ ਹੁਣ ਦੇਖਣਾ ਇਹ ਹੋਵੇਗਾ ਕਿ 21 ਦਿਨ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਲੰਗਾਹ ਨੂੰ ਮੁੜ ਪੰਥ ਵਿਚ ਸ਼ਾਮਲ ਕੀਤਾ ਜਾਂਦਾ ਹੈ ਜਾਂ ਨਹੀਂ।
ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੰਥ ਵਿਚ ਮੁਆਫ਼ੀ ਦੀਆਂ ਲਗਾਤਾਰ ਚਾਰਾਜੋਈਆਂ ਕਰ ਰਹੇ ਸੁੱਚਾ ਸਿੰਘ ਲੰਗਾਹ ਨੇ ਸੰਗਤ ਵੱਲ ਮੂੰਹ ਕਰਕੇ ਆਪਣੇ ਵਲੋਂ ਹੋਏ ਬਜਰ ਗੁਨਾਹ ਦੀ ਗ਼ਲਤੀ ਮੰਨੀ ਹੈ। ਸ੍ਰੀ ਅਕਾਲ ਸਾਹਿਬ ਦੀ ਫਸੀਲ ’ਤੇ ਖੜ੍ਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਤੋਂ ਪੁੱਛਿਆ ਕਿ ਉਹ ਆਪਣੇ ਵਲੋਂ ਕੀਤੇ ਗਏ ਬਜਰ ਗੁਨਾਹ ਦੀ ਗ਼ਲਤੀ ਮੰਨਦੇ ਹਨ, ਜਿਸ ’ਤੇ ਲੰਗਾਹ ਨੇ ਆਪਣੀ ਗ਼ਲਤੀ ਮੰਨਦਿਆਂ ਸੰਗਤ ਵੱਲ ਮੂੰਹ ਕਰਕੇ ਪੰਜ ਵਾਰ ਮੁਆਫ਼ੀ ਮੰਗੀ।
ਸੁੱਚਾ ਸਿੰਘ ਲੰਗਾਹ ਵੱਲੋਂ ਮੁੜ ਤੋਂ ਪੰਥ 'ਚ ਸ਼ਾਮਲ ਕਰਨ ਦੀ ਦੁਹਾਈ
ਅਕਾਲੀ ਦਲ ਦੇ ਸਾਬਕਾ ਆਗੂ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ’ਤੇ ਨਤਮਸਤਕ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅੱਗੇ ਪੰਥ 'ਚ ਮੁੜ ਵਾਪਸੀ ਲਈ ਹਾੜੇ ਕੱਢੇ ਜਾ ਰਹੇ ਸਨ। ਸੁੱਚਾ ਸਿੰਘ ਵਲੋਂ ਬਜ਼ੁਰਗ ਮਾਂ-ਬਾਪ ਦਾ ਵਾਸਤਾ ਦਿੰਦਿਆਂ ਆਖਿਆ ਜਾ ਰਿਹਾ ਸੀ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੁਆਫ਼ੀ ਮੰਗਣ ਲਈ ਆ ਰਹੇ ਹਨ, ਉਨ੍ਹਾਂ ਦੀ ਬੇਨਤੀ ਨੂੰ ਸਵਿਕਾਰ ਕਰਦਿਆਂ ਉਨ੍ਹਾਂ ਦੀ ਪੰਥ ਵਿਚ ਵਾਪਸੀ ਕੀਤੀ ਜਾਵੇ।
ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਥ ’ਚੋਂ ਛੇਕਿਆ ਗਿਆ ਸੀ
ਦੱਸਣਯੋਗ ਹੈ ਕਿ ਸੁੱਚਾ ਲੰਗਾਹ ਦੀ ਇਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਇਕ ਔਰਤ ਨੇ ਲੰਗਾਹ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਇਆ ਸੀ। ਇਹ ਇਲਜ਼ਾਮ ਗੁਰਦਾਸਪੁਰ ਜ਼ਿਮਨੀ ਚੋਣ ’ਚ ਵੋਟਿੰਗ ਤੋਂ ਠੀਕ ਪਹਿਲਾਂ ਲਗਾਏ ਗਏ ਸਨ। ਔਰਤ ਦੀ ਸ਼ਿਕਾਇਤ 'ਤੇ ਲੰਗਾਹ ਖਿਲਾਫ ਥਾਣਾ ਸਿਟੀ ਗੁਰਦਾਸਪੁਰ ’ਚ 2017 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਔਰਤ ਨੇ ਉਦੋਂ ਦੋਸ਼ ਲਾਇਆ ਸੀ ਕਿ ਲੰਗਾਹ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਔਰਤ ਨੇ ਇਹ ਵੀ ਦੋਸ਼ ਲਾਇਆ ਸੀ ਕਿ ਲੰਗਾਹ ਨੇ ਧੋਖੇ ਨਾਲ ਉਸ ਦੀ ਜਾਇਦਾਦ ਵੇਚ ਦਿੱਤੀ ਅਤੇ ਕਈ ਲੱਖ ਰੁਪਏ ਹੜੱਪ ਲਏ। ਔਰਤ ਦੀ ਸ਼ਿਕਾਇਤ ’ਤੇ ਲੰਗਾਹ ਖ਼ਿਲਾਫ 376, 384, 420 ਅਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿਚ ਅਦਾਲਤ ਨੇ ਲੰਗਾਹ ਨੂੰ ਕੇਸ ਵਿਚੋਂ ਬਾਇੱਜ਼ਤ ਬਰੀ ਕਰ ਦਿੱਤਾ ਸੀ।
Comments