ਆਪ ਸਾਢੇ ਕੂ ਤਿੰਨ ਸਾਲ ਅਤੇ ਨਿੱਕਾ ਡੇਢ ਸਾਲ ਦਾ..ਮਾਂ ਮੁੱਕ ਗਈ..ਰਿਸ਼ਤੇਦਾਰੀ ਜ਼ੋਰ ਪਾ ਬਾਪ ਵਿਆਹ ਦਿੱਤਾ..ਚੰਗੀ ਕਿਸਮਤ..ਨਵੀਂ ਆਈ ਨੇ ਸੱਕੀਆ ਜਿੰਨਾ ਮੋਹ ਦਿੱਤਾ..ਵੱਡਾ ਹੋਇਆ ਤਾਂ ਬੰਬਈ ਲਾਅ ਕਾਲਜ ਦਾਖਿਲਾ ਲੈ ਲਿਆ..ਲੋਕਾਂ ਪੁੱਛਿਆ ਕਰਨ ਵਕੀਲ ਬਣਨਾ?
ਅੱਗੋਂ ਹੱਸ ਪਿਆ..ਅਖ਼ੇ ਵਕੀਲੀ ਮੇਰੀ ਮੰਜਿਲ ਨਹੀਂ..!
ਕੇਰਾਂ ਚਾਚਾ ਮਿਲਣ ਬੰਬਈ ਚਲਾ ਗਿਆ..ਅੱਗੋਂ ਮਹਿੰਗੇ ਇਲਾਕੇ ਵਿਚ ਤਿੰਨ ਕਮਰਿਆਂ ਵਾਲਾ ਘਰ..ਸ਼ੱਕ ਹੋਇਆ..ਨਾ ਤੇ ਘਰੋਂ ਪੈਸੇ ਮੰਗਵਾਏ..ਨਾ ਕੋਈ ਹੋਰ ਸਾਧਨ..ਫੇਰ ਏਡਾ ਮਹਿੰਗਾ ਸਿਲਸਿਲਾ ਕਿੱਦਾਂ..ਕਿਧਰੇ ਗਲਤ ਕੰਮ ਵਿੱਚ ਹੀ ਨਾ ਪੈ ਗਿਆ ਹੋਵੇ..?
ਘੋਖ ਕੱਢੀ ਤਾਂ ਪਤਾ ਲੱਗਾ ਮਾਡਲਿੰਗ ਵੀ ਕਰਦਾ ਸੀ..ਰੌਲਾ ਪੈ ਗਿਆ ਹੁਣ ਇਹ ਮੁੰਡਾ ਪੱਕਾ ਮਾਡਲ ਬਣੂੰ..ਪਰ ਅੱਗਿਓਂ ਹੱਸ ਪਿਆ ਅਖ਼ੇ ਮਾਡਲਿੰਗ ਮੇਰੀ ਮੰਜਿਲ ਨਹੀਂ!
ਅਗਲੇ ਦਿਨ ਚਾਚੇ ਨੂੰ ਕਾਲਜ ਲੈ ਗਿਆ..ਪ੍ਰਿੰਸੀਪਲ ਆਖਣ ਲੱਗਾ ਇਹ ਮੁੰਡਾ ਲੰਮੀਂ ਕਾਠੀ ਵਾਲਾ ਤਰਾਸ਼ਿਆ ਹੋਇਆ ਹੀਰਾ..ਬਾਸਕਿਟਬਾਲ ਵੀ ਖੇਡਦਾ..ਇਸਨੂੰ ਆਖੋ ਇਸੇ ਕਾਲਜ ਵਿਚ ਹੀ ਰਹੇ..ਫੇਰ ਵਿਚਾਰ ਆਇਆ ਇਹ ਪੱਕਾ ਖਿਡਾਰੀ ਬਣੂੰ..!
ਅੱਗਿਓਂ ਫੇਰ ਹੱਸ ਪਿਆ..ਅਖ਼ੇ ਖੇਡਾਂ ਵੀ ਮੇਰੀ ਮੰਜਿਲ ਨਹੀਂ..!
ਫੇਰ ਚੁੱਪ ਚੁਪੀਤੇ ਇੰਗਲੈਂਡ ਦਾਖਿਲਾ ਲੈ ਲਿਆ..ਜਾਣਕਾਰ ਆਖਣ ਲੱਗੇ ਹੁਣ ਤਾਂ ਪੱਕਾ ਵਿਦੇਸ਼ ਵਿਚ ਵੱਸੂ..ਪਰ ਇਸ ਵੇਰ ਫੇਰ ਗੱਲ ਗੋਲ ਮੋਲ ਜਿਹੀ ਕਰ ਗਿਆ ਅਖ਼ੇ ਇਹ ਮੇਰੀ ਮੰਜਿਲ ਨਹੀਂ..!
ਫੇਰ ਵਾਪਿਸ ਬੰਬਈ ਪਰਤ ਹਰੀਸ਼ ਸਾਲਵੇ ਨਾਮ ਦੇ ਵੱਡੇ ਵਕੀਲ ਨਾਲ ਪ੍ਰੈਕਟਿਸ ਸ਼ੁਰੂ ਕਰ ਦਿੱਤੀ..ਕਨਸੋਆਂ ਛਿੜ ਪਈਆਂ..ਹੁਣ ਤੇ ਸੁਪ੍ਰੀਮ ਕੋਰਟ ਦੇ ਗਲਿਆਰਿਆਂ ਵਿਚ ਨੋਟ ਛਾਪੇਗਾ..ਅੱਗਿਓਂ ਇਸ ਵੇਰ ਫੇਰ ਓਹੀ ਘਸਿਆ-ਪਿਟਿਆ ਜਵਾਬ..ਪੈਸੇ ਮੇਰੀ ਮੰਜਿਲ ਨਹੀਂ!
ਫੇਰ ਫਿਲਮੀਂ ਸੀਰੀਅਲ ਵਾਲੀ ਏਕਤਾ ਕਪੂਰ ਦੇ ਰਾਹੀਂ ਸਾਹਨੇਵਾਲ ਵਾਲਿਆਂ ਦੇ ਸੰਪਰਕ ਵਿਚ ਆਇਆ..ਓਹਨਾ ਤੀਜਾ ਪੁੱਤ ਬਣਾ ਲਿਆ..ਆਖਣ ਲੱਗੇ ਸਾਡੇ ਨਿੱਕੇ ਪੁੱਟ ਨੇ ਪੰਜਾਬੋਂ ਚੋਣ ਲੜਨੀ ਏ..ਇਸਦਾ ਖਿਆਲ ਰਖੀਂ..ਇਹ ਭੋਲਾ ਪੰਛੀ ਅੱਗਿਓਂ ਝੱਟ ਮੰਨ ਗਿਆ..ਫੇਰ ਦਿੱਲੀਓਂ ਆਏ ਵੱਡੇ ਰਾਜਸੀ ਲੋਕਾਂ ਨਾਲ ਮੀਟਿੰਗ ਹੋਈ..ਕਈ ਆਖਣ ਲੱਗੇ ਇਹ ਪੱਕਾ ਰਾਜਨੀਤੀ ਵਿਚ ਜਾਊ..!
ਅੱਗਿਓਂ ਮੰਜਿਲ ਵਾਲੀ ਓਹੀ ਗੱਲ ਆਖ ਹੱਸ ਪਿਆ..!
ਮੀਟਿੰਗ ਵਿਚ ਕਿਸੇ ਨੇ ਤੀਰ ਵਾਲੇ ਬਾਬੇ ਬਾਰੇ ਕੁਝ ਮਾੜਾ ਆਖ ਦਿੱਤਾ..ਉਸ ਨਾਲ ਹਥੋਪਾਈ ਹੋ ਪਿਆ..ਅਗਲਿਆਂ ਨੇ ਅੰਦਰਲਾ ਕਰੰਟ ਭਾਂਪ ਲਿਆ ਫੇਰ ਵੇਲੇ ਕੁਵੇਲੇ ਵਰਤਣ ਲਈ ਕੁਝ ਫੋਟੋਆਂ ਵੀ ਖਿੱਚ ਲਈਆਂ..!
ਫੇਰ ਸਿੰਘੂ ਟੀਕਰੀ ਅਤੇ ਹੋਰ ਵੀ ਕਿੰਨਾ ਕੁਝ ਟੱਪਦੇ ਹੋਏ ਨੂੰ ਆਪਣੀ ਮੰਜਿਲ ਥੋੜੀ ਸਾਫ-ਸਾਫ ਦਿਸਣ ਲੱਗ ਪਈ..ਮਗਰੋਂ ਛੱਬੀ ਜਨਵਰੀ ਵਾਲੇ ਇਤਿਹਾਸ ਮਗਰੋਂ ਪੁਲਸ ਗੱਡੀ ਵਿਚ ਤਿਹਾੜ ਜਾਂਦਿਆਂ ਨਾਲ ਤੁਰੇ ਜਾਂਦੇ ਸੌ ਚੈਨਲਾਂ ਵਾਲਿਆਂ ਵਿਚੋਂ ਇੱਕ ਦੀ ਗੱਡੀ ਕਿਸੇ ਸਕੂਟਰ ਵਾਲੇ ਵਿਚ ਜਾ ਵੱਜੀ..ਹਮਾਤੜ ਨੂੰ ਕੁੱਟੀ ਜਾਣ ਤੇ ਨਾਲੇ ਆਖੀ ਜਾਣ..ਤੈਨੂੰ ਨਹੀਂ ਪਤਾ ਕਿੱਡੇ ਵੱਡੇ ਅੱਤਵਾਦੀ ਨੂੰ ਕਵਰ ਕਰ ਰਹੇ ਹਾਂ..ਤੇਰੀ ਹਿੰਮਤ ਕਿੱਦਾਂ ਹੋਈ ਸਾਡੇ ਅੱਗੇ ਆਉਣ ਦੀ..!
ਮੰਜਿਲ ਵਾਲੇ ਸ਼ੀਸ਼ੇ ਤੇ ਜੰਮੀਂ ਬਾਕੀ ਦੀ ਧੂੜ ਵੀ ਲਹਿ ਗਈ..ਹੁਣ ਸਭ ਕੁਝ ਸਾਫ ਸਾਫ ਦਿਸਣ ਲੱਗ ਪਿਆ..!
ਪਰ ਕਿੰਨੇ ਸਾਰੇ ਆਪਣੇ ਡਰ ਗਏ..ਚਾਲੀ ਸਾਲ ਦਾ ਤਜੁਰਬਾ ਵੀ ਬੁਰੀ ਤਰਾਂ ਸਹਿਮ ਗਿਆ..ਇਹ ਕੌਣ ਆ ਗਿਆ ਬਣੀ ਬਣਾਈ ਖੀਰ ਖਾਣ..ਫੇਰ ਬੰਬਈ ਖਿੱਚੀਆਂ ਫੋਟੋਆਂ ਕੰਮ ਆਈਆਂ..ਹਮਾਤੜ ਨੂੰ ਸਪ੍ਸ਼ਟੀਕਰਣਾ ਅਤੇ ਸਫਾਈਆਂ ਵਿਚ ਉਲਝਾ ਦਿਤਾ..!
ਫੇਰ ਇੱਕ ਬੁੱਢੇ ਸ਼ੇਰ ਨਾਲ ਮਿਲਾਪ ਹੋਇਆ..ਠੀਕ ਉਂਝ ਜਿੱਦਾਂ ਚਾਲੀ ਸਾਲ ਪਹਿਲੋਂ ਜਰਨਲ ਸ਼ੁਬੇਗ ਸਿੰਘ ਤੇ ਤੀਰ ਵਾਲੇ ਬਾਬੇ ਦਾ ਹੋਇਆ ਸੀ..ਇਸ ਵੇਰ ਇਹ ਬੁੱਢਾ ਸ਼ੇਰ ਖੁਸ਼ ਹੋ ਗਿਆ ਕੋਈ ਤੇ ਮਿਲਿਆ ਮੇਰੀ ਵਿਰਾਸਤ ਸੰਭਾਲਣ ਵਾਲਾ..ਪਰ ਬੜੀ ਥੋੜ ਚਿਰੀ ਸਾਬਤ ਹੋਈ ਇਹ ਖੁਸ਼ੀ..ਫੇਰ ਮੰਜੇ ਤੇ ਅਡੋਲ ਪਏ ਨੂੰ ਚੁੰਮਿਆ ਤਾਂ ਰੋਇਆ ਨਹੀਂ..ਸ਼ਾਇਦ ਤੀਰ ਵਾਲੇ ਦੀ ਆਖੀ ਚੇਤੇ ਕਰ ਲਈ ਸੀ..ਸੁਖ ਵੇਲੇ ਸ਼ੁਕਰਾਨਾਂ ਤੇ ਦੁੱਖ ਵੇਲੇ ਅਰਦਾਸ..!
ਅੱਜ ਕਈ ਟਿੱਚਰ ਕਰਦੇ ਆਖਦੇ ਨੇ ਕੇ ਸੜਕ ਹਾਦਸੇ ਵਿਚ ਤੁਰ ਗਿਆ ਭਲਾ ਸ਼ਹੀਦ ਕਿੱਦਾਂ ਬਣ ਗਿਆ..!
ਦੱਸ ਦੇਈਏ ਕੇ ਭਰਾਵੋ ਹਰ ਉਹ ਇਨਸਾਨ ਜਿਸਨੂੰ ਕੌਂਮੀ ਮੰਜਿਲ ਸਾਫ ਸਾਫ ਦਿਸਣ ਲੱਗ ਪਈ ਹੋਵੇ..ਭਾਵੇਂ ਹਾਦਸੇ ਵਿਚ ਜਾਵੇ ਤੇ ਭਾਵੇਂ ਮੁਕਾਬਲੇ ਵਿਚ..ਸਾਡਾ ਸਦੀਵੀਂ ਸ਼ਹੀਦ ਹੀ ਅਖਵਾਏਗਾ..ਅਤੇ ਹਰ ਮੁੱਖ ਵਿਚੋਂ ਬੱਸ ਏਹੀ ਗੱਲ ਹੀ ਨਿੱਕਲੇਗੀ..ਸ਼ਾਹ ਮੁਹੰਮਦਾਂ ਪੈਂਣਗੇ ਵੈਂਣ ਡੂੰਘੇ..ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ!
Bình luận