top of page

ਮਾਂ ਨੇ ਪੰਜਾਬ ਦੀਆਂ ਚੋਣਾਂ ਜਿੱਤਣ ਲਈ ਇੱਕ ਖਤਰਨਾਕ ਖੇਡ ਖੇਡੀ..ਉਹ ਪੁੱਠੀ ਪੈ ਗਈ


ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦਿਆਂ ਇੰਦਰਾ ਅਕਸਰ ਹੀ ਮੈਨੂੰ ਵੇਖ ਖਲੋ ਜਾਇਆ ਕਰਦੀ..ਉਹ ਜਾਣਦੀ ਸੀ ਕੇ ਮੈਂ ਸੰਤ ਭਿੰਡਰਾਂਵਾਲੇ ਵਾਲਿਆਂ ਕੋਲ ਜਾਂਦਾ ਆਉਂਦਾ ਰਹਿੰਦਾ ਹਾਂ! ਗੱਲਾਂ ਗੱਲਾਂ ਵਿਚ ਮੇਰਾ ਮਨ ਟੋਂਹਦੀ..ਭੇਦ ਪੁੱਛਦੀ..ਮੈਂ ਅੱਗੋਂ ਆਖਦਾ ਉਹ ਸੰਤ ਬੰਦਾ ਏ ਉਸਨੂੰ ਬਿੱਲਕੁਲ ਵੀ ਛੇੜੀਂ ਨਾ..ਨਾ ਹੀ ਏਡੇ ਮੁਕੱਦਸ ਥਾਂ ਤੇ ਫੌਜ ਭੇਜਣ ਬਾਰੇ ਕਦੀ ਸੋਚੀਂ ਹੀ..ਪਰ ਉਹ ਨਹੀਂ ਟਲੀ..ਮਗਰੋਂ ਜੋ ਹੋਇਆ ਸਭ ਜਾਣਦੇ ਹਾਂ..! ਅਗਸਤ ਮਹੀਨੇ ਏਦਾਂ ਹੀ ਮੈਨੂੰ ਲੰਘਦੇ ਨੂੰ ਖਲਿਆਰ ਲਿਆ..ਅਖ਼ੇ ਸੁਬਰਾਮਨੀਅਮ ਸਵਾਮੀ ਤੂੰ ਸਹੀ ਆਖਦਾ ਸੈਂ..ਮੈਥੋਂ ਵਾਕਿਆ ਹੀ ਬੱਜਰ ਗਲਤੀ ਹੋ ਗਈ..ਹੁਣ ਓਹਨਾ ਮੈਨੂੰ ਛੱਡਣਾ ਨਹੀਂ..ਹੁਣ ਕੁਝ ਹੋ ਸਕਦਾ ਏ ਤਾਂ ਦੱਸ..! ਅੱਗੋਂ ਆਖਿਆ ਹੁਣ ਕੁਝ ਨਹੀਂ ਹੋ ਸਕਦਾ..ਹਾਂ ਇੱਕ ਕੋਸ਼ਿਸ਼ ਕਰ ਕੇ ਵੇਖ ਲੈ..ਗਲ਼ ਵਿਚ ਪੱਲਾ ਪਾ ਕੇ ਓਸੇ ਦਰਬਾਰ ਸਾਹਿਬ ਹਾਜਿਰ ਹੋ ਜਾ..ਆਖ ਮੈਥੋਂ ਗਲਤੀ ਹੋ ਗਈ..ਸ਼ਾਇਦ ਮੁਆਫੀ ਮਿਲ ਜਾਵੇ!

ਦੱਸਦੇ ਇੰਦਰਾ ਜਦੋਂ ਵੀ ਤਣਾਓ ਵਿਚ ਹੁੰਦੀ ਤਾਂ ਸ਼੍ਰੀਨਗਰ ਲਾਗੇ ਇੱਕ ਮਜਾਰ ਤੇ ਚਾਦਰ ਜਰੂਰ ਚੜਾਉਣ ਜਾਇਆ ਕਰਦੀ..ਉਸਦਾ ਨਿੱਜੀ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ ਕੇ ਛੱਬੀ ਅਕਤੂਬਰ ਚੁਰਾਸੀ ਨੂੰ ਅਚਾਨਕ ਹੁਕਮ ਹੋਇਆ ਕੇ ਸ਼੍ਰੀਨਗਰ ਜਾਣਾ ਏ..! ਓਥੇ ਅੱਪੜੇ..ਜਦੋਂ ਚਾਦਰ ਚੜਾਉਣ ਮਗਰੋਂ ਪ੍ਰਸ਼ਾਦ ਲੈਣ ਦੀ ਵਾਰੀ ਆਈ ਤਾਂ ਪ੍ਰਸ਼ਾਦ ਹੱਥੋਂ ਛੁੱਟ ਭੁੰਜੇ ਜਾ ਪਿਆ..ਮੈਡਮ ਦਾ ਰੰਗ ਫੂਕ ਹੋ ਗਿਆ..ਬਦਸ਼ਗਨੀ ਹੋ ਗਈ..ਫੇਰ ਕੋਲ ਹੀ ਇੱਕ ਮੰਦਰ ਵਿਚ ਗਈ..ਇਥੇ ਵੀ ਪੂਜਾਰੀ ਵੱਲੋਂ ਦਿੱਤਾ ਪ੍ਰਸ਼ਾਦ ਹੱਥੋਂ ਛੁੱਟ ਗਿਆ..ਇਸ ਵੇਰ ਸੋਚੀਂ ਪੈ ਗਈ..ਆਖਣ ਲੱਗੀ ਫੋਤੇਦਾਰ ਜੀ ਜੇ ਮੈਨੂੰ ਕੁਝ ਹੋ ਗਿਆ ਤਾਂ ਪ੍ਰਿਅੰਕਾ ਨੂੰ ਮੇਰਾ ਉੱਤਰਾਧਿਕਾਰੀ ਬਣਾ ਦੇਣਾ..! ਜਿਹੜਾ ਮਿਥ ਕੇ ਪਾਪ ਕਰਦਾ ਏ ਉਸਨੂੰ ਅੰਦਰੋਂ ਅੰਦਰ ਸੁੱਝ ਜਰੂਰ ਜਾਂਦੀ ਏ ਕੇ ਮੇਰੇ ਨਾਲ ਕੀ ਹੋਣ ਵਾਲਾ ਏ..ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ..!

ਮਾਂ ਨੇ ਪੰਜਾਸੀ ਦੀਆਂ ਚੋਣਾਂ ਜਿੱਤਣ ਲਈ ਇੱਕ ਖਤਰਨਾਕ ਖੇਡ ਖੇਡੀ..ਉਹ ਪੁੱਠੀ ਪੈ ਗਈ ਅਤੇ ਪੁੱਤ ਨੇ ਇੱਕਨਵੇਂ ਦੀਆਂ ਚੋਣਾਂ ਜਿੱਤਣ ਲਈ ਜਾ ਤਾਮਿਲਾਂ ਨਾਲ ਪੰਗਾ ਲਿਆ..ਉਹ ਪੰਗਾ ਉਲਟਾ ਪੈ ਗਿਆ!

ਇਹਨਾਂ ਦੀਆਂ ਫੋਟੋਆਂ ਤੇ ਹਾਰ ਪਾਉਂਦੀ ਮਾਨਸਿਕਤਾ ਦੀ ਵੀ ਆਪਣੀ ਮਜਬੂਰੀ ਏ..ਸੱਤਾ ਵਿਚ ਰਹਿਣ ਲਈ ਤਲਵੇ ਚੱਟਣੇ ਹੀ ਪੈਂਦੇ..! ਜਾਗਦੀ ਜਮੀਰ ਵਾਲੀ ਸੋਚ ਅਤੇ ਇਹਨਾਂ ਕਠਪੁਤਲੀਆਂ ਦੀ ਸੋਚ ਵਿਚ ਕਿੰਨਾ ਫਰਕ ਏ ਇਹ ਅਗਲੇ ਅਸਲ ਵਾਪਰੇ ਵਰਤਾਰੇ ਤੋਂ ਸਾਫ ਹੋ ਜਾਵੇਗਾ.. ਇੱਕ ਵਾਕਿਫ਼ਕਾਰ ਬਾਬਾ ਜੀ ਦੀ ਹਰਿਆਣੇ ਵੱਡੇ ਸ਼ਹਿਰ ਵਿਚ ਖਰਾਦ ਹੁੰਦੀ ਸੀ..ਓਥੇ ਲੱਗੇ ਟੈਲੀਵਿਜਨ ਸੈੱਟ ਤੇ ਲੋਕ ਅਕਸਰ ਫਿਲਮ ਚਿੱਤਰਹਾਰ ਵੇਖਣ ਆ ਜਾਇਆ ਕਰਦੇ..! ਜੂਨ ਚੁਰਾਸੀ ਮਗਰੋਂ ਬਾਬਾ ਜੀ ਨੇ ਉਹ ਟੈਲੀਵਿਜਨ ਕੱਪੜਾ ਪਾ ਕੇ ਪੱਕਾ ਹੀ ਬੰਦ ਕਰ ਦਿੱਤਾ..! ਜਦੋਂ ਲੋਕ ਪੁੱਛਿਆ ਕਰਨ ਤੇ ਅੱਗੋਂ ਠੋਕ ਕੇ ਆਖਿਆ ਕਰੇ..ਭਾਈ ਇਹ ਦੋਬਾਰਾ ਉਸ ਦਿਨ ਹੀ ਚੱਲੂ ਜਿਸ ਦਿਨ ਦਿੱਲੀਓਂ ਖਬਰ ਆਊ..!

ਦੱਸਦੇ ਬਾਬੇ ਹੁਰਾਂ ਫੇਰ ਉਸ ਟੈਲੀਵਿਜਨ ਤੇ ਦਿੱਤਾ ਕੱਪੜਾ ਕੱਤੀ ਅਕਤੂਬਰ ਦੀ ਸ਼ਾਮ ਨੂੰ ਹੀ ਲਾਹਿਆ ਸੀ..!




Comments


bottom of page