ਕੌਮ ਦੀ ਆਜ਼ਾਦੀ ਲਈ ਖ਼ਾਲਿਸਤਾਨ ਰੈਫਰੰਡਮ ਰਾਹੀਂ ਆਪਣਾ ਯੋਗਦਾਨ ਪਾਉਣ ਵਾਲੇ ਭਾਈ ਹਰਪ੍ਰੀਤ ਸਿੰਘ ਰਾਣਾ ਦੀ ਯਾਦ ਅਤੇ ਘਾਟ
- TimesofKhalistan
- Dec 14, 2021
- 3 min read
ਰਾਣਾ ਸਿੰਘ ਦੀ ਕੁਰਬਾਨੀ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਾਰਸ ਵਜੋਂ ਯਾਦ ਰੱਖਿਆ ਜਾਵੇਗਾ
ਡੈਲਟਾ- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵੱਲੋਂ "ਮਨੁੱਖੀ ਅਧਿਕਾਰ ਦਿਵਸ" ਮਨਾਉਣ ਦੇ ਨਾਲ ਭਾਈ ਹਰਪ੍ਰੀਤ ਸਿੰਘ ਰਾਣਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ। ਗੁਰੂਘਰ ਦੇ ਕੀਰਤਨੀਏ ਸਿੰਘਾਂ ਵੱਲੋਂ ਆਨੰਦਮਈ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭਾਈ ਭੁਪਿੰਦਰਜੀਤ ਸਿੰਘ ਨੇ ਭਾਈ ਹਰਪ੍ਰੀਤ ਸਿੰਘ ਰਾਣਾ ਦੇ ਸੰਘਰਸ਼ਮਈ ਜੀਵਨ ਬਾਰੇ ਵਿਸਥਾਰ ਨਾਲ ਚਾਨਣਾਂ ਪਾਇਆ ਗਿਆ।ਇਸ ਮੌਕੇ ਬੁੱਧੀਜੀਵੀ ਸਰਗਰਮ ਨੌਜਵਾਨ ਸਤਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਵੀਰ ਹਰਪ੍ਰੀਤ ਸਿੰਘ ਰਾਣਾ ਵਿੱਚ ਆਮ ਵਿਅਕਤੀਆਂ ਨਾਲੋਂ ਕੰਮ ਕਰਨ ਲਈ ਜ਼ਿਆਦਾ ਊਰਜਾ, ਸਮਰੱਥਾ ਹਿੰਮਤ ਅਤੇ ਦਲੇਰੀ ਸੀ ਜਿਸ ਕਾਰਨ ਉਹ ਸਾਰਿਆਂ ਤੋਂ ਵੱਖਰਾ ਦਿਸਦਾ ਸੀ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਿਛਲੀ ਸਦੀ 'ਚ ਕਰਤਾਰ ਸਿੰਘ ਸਰਾਭਾ ਨੂੰ ਦੇਖੀਏ ਤਾਂ ਉਨ੍ਹਾਂ ਵਿੱਚ ਕਿੰਨੀ ਊਰਜਾ ਅਤੇ ਬੱਲ ਸੀ ਕਿ ਉਹ ਪਹਿਲਾਂ ਗ਼ਦਰ ਪਰਚਾ ਉਸ ਨੂੰ ਲਿਖਦਾ ਸੀ ਫਿਰ ਛਾਪਦਾ ਸੀ ਤੇ ਫਿਰ ਉਸ ਨੂੰ ਆਪ ਜਾ ਕੇ ਲੋਕਾਂ 'ਚ ਵੰਡਦਾ ਸੀ। ਬਿਲਕੁਲ ਉਸੇ ਤਰ੍ਹਾਂ ਹੀ ਵੀਰ ਰਾਣਾ ਕਦੇ ਕੈਨੇਡਾ ਇੰਗਲੈਂਡ ਯੂ.ਕੇ ਅਤੇ ਵੱਖ ਵੱਖ ਦੇਸ਼ਾ ਵਿਚ ਕੌਮ ਦੀ ਅਜ਼ਾਦੀ ਖ਼ਾਲਸਾ ਰਾਜ ਖਾਲਿਸਤਾਨ ਰੈਫਰੈਂਡਮ ਦੇ ਪ੍ਰਚਾਰ ਲਈ ਘੁੰਮਦਾ ਸੀ। ਉਸ ਦੀ ਕੁਰਬਾਨੀ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਾਰਸ ਵਜੋਂ ਯਾਦ ਰੱਖਿਆ ਜਾਵੇਗਾ। ਪੰਥ ਦਰਦੀ ਗੁਰਮੁਖ ਸਿੰਘ ਗੋਲਡੀ ਦਿਓਲ ਨੇ ਕਿਹਾ ਕਿ ਮਨੁੱਖੀ ਅਧਿਕਾਰ ਦਿਵਸ ਮਨਾਉਣ ਲੱਗਿਆ ਸਾਨੂੰ ਸੋਚਣਾ ਪੈਣਾ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਹਿਰਾ ਵੀ ਦਿੰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਡੂੰਘੇ ਵਿਚਾਰਾਂ ਨਾਲ ਸੰਗਤਾਂ ਤੇ ਗਹਿਰ ਅਸਰ ਪਾਇਆ। ਉੱਘੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਬੇਸ਼ੱਕ ਅਸੀਂ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮਨਾਉਂਦੇ ਹਾਂ, ਪਰ ਅਸਲ ਵਿੱਚ ਮਨੁੱਖੀ ਅਧਿਕਾਰ ਦਿਹਾਡ਼ੇ ਦੀ ਨੀਂਹ ਤਾਂ ਉਦੋਂ ਰੱਖੀ ਗਈ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਗ਼ੈਰ ਫ਼ਿਰਕੇ ਨੂੰ ਬਚਾਉਣ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ ਸੀ। ਮਨੁੱਖੀ ਅਧਿਕਾਰ ਦਿਹਾੜੇ ਦੀ ਨੀਂਹ ਤਾਂ ਉਸ ਦਿਨ ਹੀ ਰੱਖੀ ਗਈ ਸੀ। ਨੌਜਵਾਨ ਹਰਪ੍ਰੀਤ ਸਿੰਘ ਰਾਣੇ ਦੀ ਬੇਵਕਤ ਵਕਤੀ ਮੌਤ ਦਾ ਸਾਨੂੰ ਗਹਿਰਾ ਦੁੱਖ ਹੈ ਅਤੇ ਅਸੀਂ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ। ਭਾਈ ਚਰਨਜੀਤ ਸਿੰਘ ਸੁੱਜੋ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਹੋ ਰਹੇ ਅਣਮਨੁੱਖੀ ਤਸ਼ੱਦਦ ਅਤੇ ਤਿਹਾੜ ਜੇਲ੍ਹ ਵਿੱਚ ਕੈਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਨੂੰ ਜੇਲ੍ਹ ਪ੍ਰਸ਼ਾਸਨ ਨੇ ਕੇਸ ਕਤਲ ਕਰ ਕੇ ਭਾਰੀ ਤਸ਼ੱਦਦ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਕਿ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟਵੰਟੀ-ਟਵੰਟੀ ਰੈਫਰੰਡਮ ਲਈ ਹਰ ਸਿੱਖ ਵੋਟ ਪਾ ਕੇ ਭਾਈ ਹਰਪ੍ਰੀਤ ਸਿੰਘ ਰਾਣਾ ਨੂੰ ਸ਼ਰਧਾ ਦੇ ਫੁੱਲ ਭੇਟ ਕਰੇ। ਉਸ ਤੋਂ ਬਾਅਦ ਭਾਈ ਧਰਮ ਸਿੰਘ ਅਤੇ ਭਾਈ ਹਰਬੰਸ ਸਿੰਘ ਔਜਲਾ ਨੇ ਭਾਈ ਹਰਪ੍ਰੀਤ ਸਿੰਘ ਰਾਣਾ ਅਤੇ ਮਨੁੱਖੀ ਹੱਕਾਂ ਲਈ ਆਪਣੇ ਵਿਚਾਰ ਪੇਸ਼ ਕੀਤੇ। ਅਖ਼ੀਰ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਮੁਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਝਰ ਨੇ ਕਿਹਾ ਕਿ ਅਣਖ ਤੇ ਇੱਜ਼ਤ ਵਾਲੇ ਜੀਵਨ ਲਈ ਸੰਘਰਸ਼ ਦਾ ਰਾਹ ਅਤੇ ਸ਼ਹਾਦਤ ਦੀ ਚਾਹ ਪੈਦਾ ਹੋਣੀ ਜ਼ਰੂਰੀ ਹੈ। ਕੌਮ ਦੀ ਆਜ਼ਾਦੀ ਦੀ ਲੜਾਈ ਨੂੰ ਬੁਲੰਦੀਆਂ ਤੇ ਲਿਜਾਣ ਲਈ ਸ਼ਹਾਦਤਾਂ ਦਾ ਅਹਿਮ ਰੋਲ ਹੁੰਦਾ ਹੈ। ਸੰਘਰਸ਼ ਸਫਲ ਉਹੀ ਹੋ ਸਕਦਾ ਹੈ ਜਿਸ ਨੂੰ ਲੜਨ ਵਾਲੇ ਮੌਤ ਦਾ ਡਰ ਲਾਹ ਕੇ ਲੜ ਰਹੇ ਹੋਣ ਅਤੇ ਸਮਾਂ ਆ ਬਣਨ ਤੇ ਉਨ੍ਹਾਂ ਅੰਦਰ ਸ਼ਹਾਦਤ ਦੇਣ ਤੋਂ ਗੁਰੇਜ਼ ਨਾ ਕਰਨ ਦਾ ਦ੍ਰਿੜ੍ਹ ਸੰਕਲਪ ਮੌਜੂਦ ਹੋਵੇ। ਉਨ੍ਹਾਂ ਕਿਹਾ ਭਾਈ ਹਰਪ੍ਰੀਤ ਸਿੰਘ ਰਾਣਾ ਦੀ ਯਾਦ ਅਤੇ ਘਾਟ ਸਾਨੂੰ ਹਮੇਸ਼ਾ ਰੜਕਦੀ ਰਹੇਗੀ। ਉਨ੍ਹਾਂ ਕਿਹਾ ਭਾਰਤ ਦੇਸ਼ ਮਨੁੱਖੀ ਹੱਕਾਂ ਦਾ ਕਾਤਲ ਹੈ।ਇਸ ਨੂੰ ਮਨੁੱਖੀ ਅਧਿਕਾਰ ਦਿਹਾੜਾ ਮਨਾਉਣ ਦਾ ਕੋਈ ਹੱਕ ਨਹੀਂ ਅਖੀਰ ਵਿਚ ਉਨ੍ਹਾਂ ਆਈਆਂ ਹੋਈਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਪਰੰਤ ਭਾਈ ਗੁਰਮੀਤ ਸਿੰਘ ਤੂਰ, ਭਾਈ ਮਹਿਤਾਬ ਸਿੰਘ ਗਿੱਲ ਅਤੇ ਭਾਈ ਗੁਰਸਾਹਿਬ ਸਿੰਘ ਦੇ ਕਵੀਸ਼ਰੀ ਜਥੇ ਵੱਲੋਂ ਭਾਈ ਹਰਪ੍ਰੀਤ ਸਿੰਘ ਰਾਣਾ ਨੂੰ ਚੜ੍ਹਦੀਕਲਾ ਨਾਲ ਕਵੀਸ਼ਰੀ ਵਾਰਾਂ ਰਾਹੀ ਸੰਗਤਾਂ ਵਿੱਚ ਜੋਸ਼ ਭਰ ਦਿੱਤਾ। ਸਟੇਜ ਸੈਕਟਰੀ ਦੀ ਸੇਵਾ ਭਾਈ ਭੁਪਿੰਦਰ ਸਿੰਘ ਹੋਠੀ ਨੇ ਨਿਭਾਈ।
Comments