top of page

ਗਣਤੰਤਰ ਦਿਵਸ ’ਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾਣਗੇ ਪੰਜਾਬ ਪੁਲਸ ਦੇ ਇਹ 15 ਅਧਿਕਾਰੀ

ਚੰਡੀਗੜ੍ਹ- ਖਾਲਿਸਤਾਨ ਬਿਊਰੋ - ਪੰਜਾਬ ਪੁਲਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ (ਜੀ.ਓ.ਆਈ.) ਨੇ 73ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪੰਜਾਬ ਪੁਲਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਵਿੱਲਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ (ਪੀ.ਪੀ.ਐੱਮ.ਡੀ.ਐੱਸ.) ਅਤੇ ਬੇਮਿਸਾਲ ਸੇਵਾਵਾਂ ਲਈ ਪੁਲਸ ਮੈਡਲ (ਪੀ.ਐੱਮ.ਐੱਮ.ਐੱਸ) ਨਾਲ ਸਨਮਾਨਿਤ ਕੀਤਾ ਜਾਵੇਗਾ।



ਗਣਤੰਤਰ ਦਿਵਸ ’ਤੇ ਏ.ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ ਨਰੇਸ਼ ਕੁਮਾਰ ਅਤੇ ਏ.ਡੀ.ਜੀ.ਪੀ. ਇੰਟੈਲੀਜੈਂਸ ਅਮਰਦੀਪ ਸਿੰਘ ਰਾਏ ਸਮੇਤ ਦੋ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ.ਡੀ.ਜੀ.ਪੀ.) ਰੈਂਕ ਦੇ ਅਧਿਕਾਰੀਆਂ ਨੂੰ ਵਿੱਲਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਸ ਮੈਡਲ ਲਈ ਚੁਣਿਆ ਗਿਆ ਹੈ।

ਇੱਕ ਆਈ.ਪੀ.ਐੱਸ. ਅਧਿਕਾਰੀ ਪੁਲਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਸੁਖਚੈਨ ਸਿੰਘ ਗਿੱਲ, ਡੀ.ਆਈ.ਜੀ. ਸਪੈਸ਼ਲ ਟਾਸਕ ਫੋਰਸ ਸੰਜੀਵ ਕੁਮਾਰ ਰਾਮਪਾਲ ਅਤੇ ਚਾਰ ਪੀ.ਪੀ.ਐੱਸ ਅਧਿਕਾਰੀ, ਜਿਨ੍ਹਾਂ ਵਿੱਚ ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨ ਖੇਲਾ ਹਰਪ੍ਰੀਤ ਸਿੰਘ ਮੰਡੇਰ, ਐੱਸ.ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ ਰਵਿੰਦਰ ਪਾਲ ਸਿੰਘ, ਏ.ਸੀ.ਪੀ. ਹੈੱਡਕੁਆਰਟਰ ਜਲੰਧਰ ਸੁਭਾਸ਼ ਚੰਦਰ ਅਰੋੜਾ ਅਤੇ ਡਿਪਟੀ ਸੁਪਰਡੈਂਟ (ਸੁਰੱਖਿਆ) ਜ਼ਿਲ੍ਹਾ ਜੇਲ੍ਹ ਰੂਪਨਗਰ ਉਹ 15 ਪੁਲਸ ਅਧਿਕਾਰੀਆਂ/ਕਰਮਚਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਬੇਮਿਸਾਲ ਸੇਵਾਵਾਂ ਬਦਲੇ ਪੁਲਸ ਮੈਡਲ ਦੇਣ ਲਈ ਚੁਣਿਆ ਗਿਆ ਹੈ।

ਬਾਕੀ ਅਧਿਕਾਰੀਆਂ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ, ਇੰਸਪੈਕਟਰ ਓਂਕਾਰ ਸਿੰਘ ਬਰਾੜ, ਇੰਸਪੈਕਟਰ ਜਗਪ੍ਰੀਤ ਸਿੰਘ, ਲੇਡੀ ਇੰਸਪੈਕਟਰ ਬਲਵਿੰਦਰ ਕੌਰ, ਐੱਸ.ਆਈ. ਅਰੁਣ ਕੁਮਾਰ, ਏ.ਐੱਸ.ਆਈ. ਸੰਦੀਪ ਕੁਮਾਰ, ਏ.ਐੱਸ.ਆਈ. ਗੁਰਮੁੱਖ ਸਿੰਘ ਅਤੇ ਏ.ਐੱਸ.ਆਈ. ਅਮਰੀਕ ਚੰਦ ਸ਼ਾਮਲ ਹਨ। ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਵੀ.ਕੇ. ਭਾਵਰਾ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਪੁਲਸ ਫੋਰਸ ਨੂੰ ਹੋਰ ਸਮਰਪਣ ਅਤੇ ਲਗਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ।



bottom of page