ਨਵੀਂ ਦਿੱਲੀ— ਪੰਜਾਬ ਦੇ ਜਲੰਧਰ ਦੀ ਬੀਬੀ ਪ੍ਰਕਾਸ਼ ਕੌਰ ਨੇ ਜਲੰਧਰ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਮੰਗਲਵਾਰ ਯਾਨੀ ਕਿ ਬੀਤੇ ਕੱਲ੍ਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਮਾਜ ਸੇਵਾ ਅਤੇ ਯਤੀਮ ਬੱਚੀਆਂ ਦਾ ਭਵਿੱਖ ਸੰਵਾਰਨ ਲਈ ਪ੍ਰਕਾਸ਼ ਕੌਰ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ। ਪ੍ਰਕਾਸ਼ ਕੌਰ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ‘ਯੂਨਿਕ ਹੋਮ’ ਚੱਲਾ ਰਹੀ ਹੈ। ਉਹ ਮਾਂ-ਬਾਪ ਵਲੋਂ ਠੁਕਰਾਈਆਂ ਗਈਆਂ ਕੁੜੀਆਂ ਨੂੰ ਆਪਣੇ ਕੋਲ ਰੱਖ ਕੇ ਉਨ੍ਹਾਂ ਦੇ ਪਾਲਣ ਪੋਸ਼ਣ ਤੋਂ ਲੈ ਕੇ ਪੜ੍ਹਾਈ ਤੱਕ ਦਾ ਸਾਰਾ ਖਰਚ ਚੁੱਕਦੀ ਹੈ।

ਖ਼ਾਸ ਗੱਲ ਇਹ ਹੈ ਕਿ ਬੀਬੀ ਪ੍ਰਕਾਸ਼ ਕੌਰ ਯੂਨਿਕ ਹੋਮ ਵਿਚ ਰਹਿ ਰਹੀਆਂ ਬੱਚੀਆਂ ਦਾ ਧੀਆਂ ਵਾਂਗ ਖਿਆਲ ਰੱਖਦੀ ਹੈ ਅਤੇ ਉਨ੍ਹਾਂ ਦਾ ਵਿਆਹ ਵੀ ਖ਼ੁਦ ਹੀ ਕਰਵਾਉਂਦੀ ਹੈ। ਕਈ ਵਾਰ ਮਾਂ-ਬਾਪ ਖ਼ੁਦ ਹੀ ਨੰਨ੍ਹੀ ਬੱਚੀਆਂ ਨੂੰ ਰਾਤ ਦੇ ਹਨ੍ਹੇਰੇ ਵਿਚ ਯੂਨਿਕ ਹੋਮ ਵਿਚ ਛੱਡ ਜਾਂਦੇ ਹਨ। ਇਸ ਤਰ੍ਹਾਂ ਬੱਚੀਆਂ ਤੋਂ ਮਾਪਿਆਂ ਦਾ ਮੂੰਹ ਫੇਰਨਾ ਅਤੇ ਉਨ੍ਹਾਂ ਨੂੰ ਛੱਡ ਜਾਣਾ ਉਨ੍ਹਾਂ ਨੂੰ ਬਹੁਤ ਦੁੱਖ ਦਿੰਦਾ ਹੈ। ਪ੍ਰਕਾਸ਼ ਦਾ ਕਹਿਣਾ ਹੈ ਕਿ ਧੀਆਂ ਨੂੰ ਇੰਝ ਨਾ ਸੁੱਟੋ, ਮੈਨੂੰ ਦਿਓ। ਉਨ੍ਹਾਂ ਦੀ ਇਸ ਸੋਚ ਅਤੇ ਸਮਾਜ ਪ੍ਰਤੀ ਪਿਆਰ ਅਤੇ ਕੁੜੀਆਂ ਪ੍ਰਤੀ ਸਨੇਹ ਭਾਵ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਪ੍ਰਕਾਸ਼ ਕੌਰ ਨੇ ਯੂਨਿਕ ਹੋਮ ਨਾਮੀ ਸੰਸਥਾ ਬਣਾ ਕੇ ਅਨਾਥ ਬੱਚੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹੌਲੀ-ਹੌਲੀ ਗਿਣਤੀ ਵੱਧਦੀ ਗਈ। ਦੇਸ਼ ਅਤੇ ਵਿਦੇਸ਼ ਦੀਆਂ ਤਮਾਮ ਸੰਸਥਾਵਾਂ ਵਲੋਂ ਆਰਥਿਕ ਮਦਦ ਵੀ ਉਨ੍ਹਾਂ ਨੂੰ ਆਉਣੀ ਸ਼ੁਰੂ ਹੋ ਗਈ। ਦੱਸ ਦੇਈਏ ਕਿ ਪਦਮ ਸ਼੍ਰੀ ਐਵਾਰਡ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਹੈ। ਪਦਮ ਪੁਰਸਕਾਰ ਪ੍ਰਦਾਨ ਕਰਨ ਦਾ ਸਮਾਰੋਹ ਸੋਮਵਾਰ ਨੂੰ ਨਵੀਂ ਦਿੱਲੀ ’ਚ ਰਾਸ਼ਟਰਪਤੀ ਭਵਨ ’ਚ ਆਯੋਜਿਤ ਕੀਤਾ ਗਿਆ ਹੈ। ਐਵਾਰਡ ਤਿੰਨ ਸ਼੍ਰੇਣੀਆਂ ’ਚ ਦਿੱਤੇ ਜਾਂਦੇ ਹਨ- ਪਦਮ ਵਿਭੂਸ਼ਣ (ਅਸਾਧਾਰਣ ਅਤੇ ਵਿਲੱਖਣ ਸੇਵਾ ਲਈ), ਪਦਮ ਭੂਸ਼ਣ (ਉੱਚ ਕ੍ਰਮ ਦੀ ਵਿਲੱਖਣ ਸੇਵਾ) ਅਤੇ ਪਦਮ ਸ਼੍ਰੀ (ਵਿਸ਼ੇਸ਼ ਸੇਵਾ)। ਐਵਾਰਡ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿਚ ਉਪਲੱਬਧੀਆਂ ਨੂੰ ਮਾਨਤਾ ਦੇਣ ਦੀ ਕੋਸ਼ਿਸ਼ ਕਰਦਾ ਹੈ, ਜਿੱਥੇ ਜਨਤਕ ਸੇਵਾ ਦਾ ਇਕ ਹਿੱਸਾ ਸ਼ਾਮਲ ਹੁੰਦਾ ਹੈ।
ਦੱਸਣਯੋਗ ਹੈ ਕਿ ਇਸ ਸਾਲ ਰਾਸ਼ਟਰਪਤੀ ਵਲੋਂ 119 ਪਦਮ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਸੂਚੀ ’ਚ 7 ਪਦਮ ਵਿਭੂਸ਼ਣ, 10 ਪਦਮ ਭੂਸ਼ਣ ਅਤੇ 102 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ। ਪੁਰਸਕਾਰ ਪਾਉਣ ਵਾਲਿਆਂ ਵਿਚੋਂ 29 ਮਹਿਲਾਵਾਂ ਹਨ, 16 ਨੂੰ ਮਰਨ ਉਪਰੰਤ ਸਨਮਾਨਤ ਕੀਤਾ ਜਾਵੇਗਾ ਅਤੇ ਇਕ ਟਰਾਂਸਜੈਂਡਰ ਪੁਰਸਕਾਰ ਜੇਤੂ ਹੈ।