top of page

ਨੌਦੀਪ ਦੀ ਜ਼ਮਾਨਤ ਉੱਤੇ ਹਾਈਕੋਰਟ 'ਚ ਅੱਜ ਕੀ ਕੁਝ ਹੋਇਆ ਅਤੇ ਕੀ ਹੈ ਕੇਸ ਦਾ ਸਟੇਟਸ

  • ਸਤ ਸਿੰਘ

  • ਬੀਬੀਸੀ ਪੰਜਾਬੀ ਲਈ


ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਮਜ਼ਦੂਰ ਕਾਰਕੁਨ ਨੌਦੀਪ ਕੌਰ ਦੀ ਜਮਾਨਤ ਦੀ ਅਰਜੀ ਉੱਤੇ ਸੁਣਵਾਈ 24 ਫਰਬਰੀ ਨੂੰ ਹੋਵੇਗੀ।

ਨੌਦੀਪ ਦੀ ਤਰਫੋ ਅਦਾਲਤ ਵਿਚ ਪੇਸ਼ ਹੋਏ ਵਕੀਲ ਆਰਐਸ ਚੀਮਾ ਦੇ ਸਹਿਯੋਗੀ ਨੇ ਦੱਸਿਆ ਕਿ ਨੌਦੀਪ ਕੌਰ ਖਿਲਾਫ਼ ਇੱਕ ਮਾਮਲੇ ਦੀ ਸੁਣਵਾਈ ਹਾਈਕੋਰਟ ਵਿਚ ਹੀ 24 ਤਾਰੀਕ ਨੂੰ ਹੋਣੀ ਹੈ।

ਇਸ ਲਈ ਜੱਜ ਅਭੀਨੀਸ਼ ਜਿੰਗਨ ਦੀ ਅਦਾਲਤ ਨੇ ਜਮਾਨਤ ਉੱਤੇ ਸੁਣਵਾਈ ਵੀ 24 ਨੂੰ ਹੀ ਕਰਨ ਗੱਲ ਕਹਿੰਦਿਆਂ ਅੱਜ ਦੀ ਸੁਣਵਾਈ ਨੂੰ 24 ਤੱਕ ਅੱਗੇ ਪਾ ਦਿੱਤਾ।

23 ਸਾਲਾ ਮਜ਼ਦੂਰ ਅਧਿਕਾਰ ਕਾਰਕੁਨ ਨੌਦੀਪ ਕੌਰ, ਜੋ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਨੂੰ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਪੁਲਿਸ ਵੱਲੋਂ ਕੁੰਡਲੀ ਥਾਣੇ ਅਧੀਨ ਪੈਂਦੇ ਉਦਯੋਗਿਕ ਖੇਤਰ ਕੁੰਡਲੀ ਤੋਂ 12 ਜਨਵਰੀ ਨੂੰ ਕਤਲ ਦੀ ਕੋਸ਼ਿਸ਼ ਅਤੇ ਜ਼ਬਰੀ ਵਸੂਲੀ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਨੌਦੀਪ ਤੇ ਕਈ ਹੋਰ ਮਜ਼ਦੂਰ ਕੁੰਡਲੀ ਇਡੰਸਟਰੀਅਲ ਏਰੀਆ (ਕੇਆਈਏ) ਦੀਆਂ ਕਈ ਸਨਅਤਾਂ ਵੱਲੋਂ ਮਿਹਨਤਾਨੇ ਦਾ ਲੰਬੇ ਸਮੇਂ ਤੋਂ ਭੁਗਤਾਨ ਨਾ ਕਰਨ ਦੇ ਰੋਸ ਵਿੱਚ ਕਾਰਖ਼ਾਨਿਆਂ ਦੇ ਬਾਹਰ ਧਰਨਾ ਦੇ ਰਹੇ ਸਨ। ਉਸ ਵੇਲੇ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਸੀ।

ਨੌਦੀਪ ਦੇ ਖ਼ਿਲਾਫ਼ 12 ਜਨਵਰੀ ਨੂੰ ਵੱਖ-ਵੱਖ ਧਰਾਵਾਂ ਦੇ ਅਧੀਨ ਦੋ ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕਤਲ ਦੀ ਕੋਸ਼ਿਸ਼ ਕਰਨ ਅਤੇ ਕਥਿਤ ਤੌਰ 'ਤੇ ਸੋਟੀਆਂ ਨਾਲ ਪੁਲਿਸ 'ਤੇ ਹਮਲਾ ਕਰਨਾ ਵੀ ਸ਼ਾਮਿਲ ਹੈ।

ਪਹਿਲਾਂ 28 ਦਸੰਬਰ, 2020 ਨੂੰ ਉਨ੍ਹਾਂ ਖ਼ਿਲਾਫ਼ ਸੋਨੀਪਤ ਜ਼ਿਲ੍ਹੇ ਅਧੀਨ ਆਉਂਦੇ ਕੁੰਡਲੀ ਥਾਣੇ ਵਿੱਚ ਫ਼ੈਕਟਰੀਆਂ ਦੇ ਬਾਹਰ ਲੰਬਿਤ ਮਜ਼ਦੂਰੀ ਦੇ ਮਸਲੇ 'ਤੇ ਧਰਨੇ ਦੇਣ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ।

ਉਨ੍ਹਾਂ ਖ਼ਿਲਾਫ਼ 28 ਦਸੰਬਰ ਨੂੰ ਸੁਰੱਖਿਆ ਸਟਾਫ਼ ਨਾਲ ਕਥਿਤੇ ਤੌਰ 'ਤੇ ਬਦਸਲੂਕੀ ਕਰਨ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ।

ਹਾਲਾਂਕਿ ਨੌਦੀਪ ਦੀ ਭੈਣ, ਰਾਜਵੀਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਹ ਕਹਿੰਦਿਆਂ ਮੁੱਢੋਂ ਰੱਦ ਕੀਤਾ ਕਿ ਕਾਮੇ, ਮਜ਼ਦੂਰ ਅਧਿਕਾਰ ਸੰਗਠਨ ਨਾਮ ਦੀ ਸੰਸਥਾ ਅਧੀਨ ਲੰਬਿਤ ਮਜ਼ਦੂਰੀ ਦੇ ਮਾਮਲੇ ਵਿੱਚ ਧਰਨਾ ਦੇ ਰਹੇ ਸਨ।

ਕਾਨੂੰਨੀ ਹਾਲਾਤ

ਨੌਦੀਪ ਕੌਰ, ਜੋ ਹਰਿਆਣਾ ਦੀ ਕਰਨਾਲ ਜੇਲ੍ਹ 'ਚ ਹਿਰਾਸਤ ਵਿੱਚ ਹਨ, ਨੂੰ ਦੋ 28 ਦਸੰਬਰ, 2020 ਅਤੇ 12 ਜਨਵਰੀ, 2021 ਨੂੰ ਉਨ੍ਹਾਂ ਖ਼ਿਲਾਫ਼ ਦਰਜ ਹੋਏ ਦੋ ਕੇਸਾਂ (ਐੱਫ਼ਆਈਆਰ 0026 ਤੇ 0649) ਵਿੱਚ ਜ਼ਮਾਨਤ ਮਿਲ ਚੁੱਕੀ ਹੈ।

ਉਨ੍ਹਾਂ ਖ਼ਿਲਾਫ਼ 12 ਜਨਵਰੀ, 2021 ਨੂੰ ਦਰਜ ਕੀਤੀ ਗਈ ਇੱਕ ਹੋਰ ਐੱਫ਼ਆਈਆਰ ਜਿਸ ਵਿੱਚ ਕਥਿਤ ਤੌਰ 'ਤੇ ਕਲਤ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮਾਂ ਅਧੀਨ ਧਾਰਾ 307 ਲਗਾਈ ਗਈ ਸੀ। ਇਸ ਮਾਮਲੇ ਦੀ ਸੁਣਵਾਈ 22 ਫ਼ਰਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਵੇਗੀ।

ਹਾਈ ਕੋਰਟ ਵਕੀਲ ਹਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਪਹਿਲਾਂ ਇਸ ਮਾਮਲੇ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਸੋਨੀਪਤ ਵੱਲੋਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਸੀ ਅਤੇ ਹੁਣ 22 ਫ਼ਰਵਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀ ’ਤੇ ਸੁਣਾਵਾਈ ਹੋਵੇਗੀ।

ਐਡਵੋਕੇਟ ਬੈਂਸ ਨੇ ਦੱਸਿਆ ਨੌਦੀਪ ਕੌਰ ਮਾਮਲੇ ਵਿੱਚ ਕਿ ਹਾਈ ਕੋਰਟ ਵੱਲੋਂ ਲਏ ਗਏ ਸੂਓ-ਮੋਟੋ ਦੀ ਸੁਣਵਾਈ 24 ਫ਼ਰਵਰੀ ਨੂੰ ਹੋਵੇਗੀ।

ਨੌਦੀਪ ਕੌਰ ਦੀ ਭੈਣ ਰਾਜਵੀਰ ਨੇ ਬੀਬੀਸੀ ਨੂੰ ਦੱਸਿਆ ਕੇ ਉਹ ਹਾਈਕੋਰਟ ਦੁਆਰਾ ਨਿਆਂ ਦਿੱਤੇ ਜਾਣ ਲਈ ਆਸਵੰਦ ਹਨ।

ਜ਼ਿਕਰਯੋਗ ਹੈ ਕਿ ਨੌਦੀਪ ਦੇ ਕੇਸ ਵਿੱਚ ਹਾਈ ਕੋਰਟ ਨੇ ਸੂਓ-ਮੋਟੋ ਲਿਆ ਸੀ ਜਿਸ ਵਿੱਚ ਹਰਿਆਣਾ ਪੁਲਿਸ ਵਲੋਂ ਉਨ੍ਹਾਂ ਨੂੰ ਨਜ਼ਾਇਜ ਹਿਰਾਸਤ ਵਿੱਚ ਲਏ ਜਾਣ ਦੇ ਮਾਮਲੇ ਵਿੱਚ ਸੁਣਵਾਈ ਚੱਲ ਰਹੀ ਹੈ।

ਨੌਦੂਪ ਕੌਰ ਦੀ ਹਮਾਇਤ 'ਚ ਕੌਣ

ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਜਿਸਨੇ ਕੁੰਡਲੀ ਉਦਯੋਗਿਕ ਖੇਤਰ ਵਿੱਚ ਪੈਂਦੇ ਕਾਰਖਾਨਿਆਂ ਦੇ ਮਾਲਕਾਂ ਵੱਲੋਂ ਮਜ਼ਦੂਰਾਂ ਦਾ ਲੰਬੇ ਸਮੇਂ ਤੋਂ ਮਿਹਨਤਾਨਾ ਨਾ ਦਿੱਤੇ ਜਾਣ ਖ਼ਿਲਾਫ਼ ਸੰਘਰਸ਼ ਕੀਤਾ, ਦੀ ਗ੍ਰਿਫ਼ਤਾਰੀ ਦਾ ਮਾਮਲਾ ਕੌਮਾਂਤਰੀ ਚਰਚਾ ਦਾ ਮੁੱਦਾ ਬਣ ਗਿਆ ਹੈ।

ਉਨ੍ਹਾਂ ਦੀ ਹਮਾਇਤ ਲਈ ਸਾਹਮਣੇ ਆਈਆਂ ਹਸਤੀਆਂ ਵਿੱਚ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੀ ਸ਼ਾਮਿਲ ਹੈ। ਉਨ੍ਹਾਂ ਵੱਲੋਂ ਨੌਦੀਪ ਦੀ ਰਿਹਾਈ ਲਈ ਟਵੀਟ ਕੀਤਾ ਗਿਆ ਹੈ।

ਨੌਦੀਪ ਦੀ ਗ਼ੈਰ-ਕਾਨੂੰਨੀ ਹਿਰਾਸਤ ਦੇ ਇਲਜ਼ਾਮਾਂ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੱਤਰ ਲਿਖ ਕੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈ।

ਪੰਜਾਬ ਮੰਤਰੀ ਅਰੁਣਾ ਚੌਧਰੀ ਨੇ ਕੌਮੀ ਮਹਿਲਾ ਕਮਿਸ਼ਨ ਨੂੰ ਨੌਦੀਪ ਕੌਰ ਦੇ ਮਾਮਲੇ ਵਿੱਚ ਦਖ਼ਲ ਦੇਣ ਅਤੇ ਉਨ੍ਹਾਂ ਦੀ ਰਿਹਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਵੀ 8 ਫ਼ਰਵਰੀ ਨੂੰ ਵਧੀਕ ਮੁੱਖ ਸਕੱਤਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਅਤੇ ਜਲਦ ਤੋਂ ਜਲਦ ਰਾਹਤ ਦਿਵਾਉਣ ਲਈ ਕਿਹਾ ਗਿਆ ਹੈ।

ਕਿਸਾਨ ਜਥੇਬੰਦੀਆਂ ਤੋਂ ਲੈ ਕੇ ਵਿਦਿਆਰਥੀ ਅਤੇ ਸਿਵਿਲ ਸੁਸਾਇਟੀ ਸੰਸਥਾਵਾਂ ਨੇ ਨੌਦੀਪ ਕੌਰ ਜੋ ਕਿ ਮਜ਼ਦੂਰ ਅਧਿਕਾਰ ਸੰਗਠਨ ਨਾਲ ਸਬੰਧਿਤ ਹਨ, ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ।

ਨੌਦੀਪ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਵਿੱਚ ਜ਼ਿਲ੍ਹਾ ਪੱਧਰਾਂ 'ਤੇ ਕਈ ਧਰਨਾ ਪ੍ਰਦਰਸ਼ਨ ਹੋ ਚੁੱਕੇ ਹਨ।

Comentarios


bottom of page