ਵਾਈਸ ਚਾਂਸਲਰ 'ਤੇ ਦੋਸ਼ ਲਗਾਉਣ 'ਤੇ ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਾਣਹਾਨੀ ਦਾ ਨੋਟਿਸ ਜਾਰੀ


ਮਦਨ ਲਾਲ ਜਲਾਲਪੁਰ ਖ਼ਿਲਾਫ਼ 20 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ

ਪਟਿਆਲਾ- ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਵੀ.ਸੀ.) ਪ੍ਰੋ. ਅਰਵਿੰਦ ਨੇ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਦੱਸ ਦੇਈਏ ਕਿ ਕਾਂਗਰਸੀ ਵਿਧਾਇਕ ਜਲਾਲਪੁਰ ਨੇ ਵੀ.ਸੀ. ਅਰਵਿੰਦ 'ਤੇ 'ਸੱਜੇ ਪੱਖੀ' ਏਜੰਟ ਹੋਣ ਦੇ ਦੋਸ਼ ਲਾਏ ਸਨ ਅਤੇ ਉਨ੍ਹਾਂ ਨੂੰ ਆਰ.ਐਸ.ਐਸ ਦਾ ਏਜੰਟ ਕਹਿ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਵੀ.ਸੀ. ਅਰਵਿੰਦ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਵਿਧਾਇਕ ਜਲਾਲਪੁਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ।

ਅੱਜ ਪ੍ਰਸਿੱਧ ਵਿਗਿਆਨੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਅਰਵਿੰਦ ਦੇ ਵਕੀਲ ਨੇ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਖ਼ਿਲਾਫ਼ 20 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵੀ.ਸੀ. ਪ੍ਰੋ. ਅਰਵਿੰਦ ਨੇ ਕਿਹਾ ਕਿ ''ਮੇਰੇ ਵਕੀਲ ਨੇ ਮੇਰੀਆਂ ਪ੍ਰਾਪਤੀਆਂ ਨੂੰ ਧਿਆਨ 'ਚ ਰੱਖਦੇ ਹੋਏ 20 ਕਰੋੜ ਰੁਪਏ ਦੀ ਰਕਮ ਤੈਅ ਕੀਤੀ ਹੈ।

ਇਸ ਸਬੰਧੀ ਜਦੋਂ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਮੈਨੂੰ ਵਾਈਸ ਚਾਂਸਲਰ ਵੱਲੋਂ ਮਾਣਹਾਨੀ ਦਾ ਕੋਈ ਨੋਟਿਸ ਨਹੀਂ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੋ ਮੈਂ ਕਿਹਾ ਹੈ, ਉਹ ਬਿਲਕੁਲ ਸਹੀ ਹੈ। ਮੈਂ ਕੋਈ ਅਪਮਾਨਜਨਕ ਸ਼ਬਦ ਨਹੀਂ ਬੋਲਿਆ ਹੈ। ਮੈਂ ਆਪਣੇ ਸ਼ਬਦਾਂ 'ਤੇ ਕਾਇਮ ਹਾਂ।