top of page

ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਪਾਕਿ ਜਲਦ ਤਿਆਰ ਕਰੇਗਾ 300 ਮੀਟਰ ਪੁਲ

ਬਟਾਲਾ - ਕੋਰੋਨਾ ਦੇ ਕਹਿਰ ਦੌਰਾਨ ਲਗਾਈਆਂ ਪਾਬੰਦੀਆਂ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਦੇ ਦਰਸ਼ਨਾਂ ਲਈ ਮੁੜ ਖੋਲ੍ਹ ਦਿੱਤਾ ਸੀ। ਕੋਰੋਨਾ ਮਹਾਮਾਰੀ ਦੀ ਸਖ਼ਤ ਜਾਂਚ ਹੋਣ ਕਾਰਨ ਸ਼ੁਰੂ-ਸ਼ੁਰੂ ’ਚ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ ਘੱਟ ਰਹੀ ਪਰ ਹੋਲੀ-ਹੋਲੀ ਸਮੇਂ ਦੇ ਹਿਸਾਬ ਨਾਲ ਸੰਗਤਾਂ ਦੀ ਗਿਣਤੀ ਵੱਧ ਹੋ ਗਈ। ਦੱਸ ਦੇਈਏ ਕਿ 11 ਨਵੰਬਰ 2019 ਨੂੰ ਉਦਘਾਟਨੀ ਸਮਾਰੋਹ ਤੋਂ ਬਾਅਦ ਸਿਰਫ਼ 4 ਮਹੀਨੇ ਅਤੇ 6 ਦਿਨ ਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਸਕਿਆ ਸੀ। ਇਸ ਦੌਰਾਨ 62774 ਸਿੱਖ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ। ਕੋਰੋਨਾ ਦਾ ਕਹਿਰ ਘੱਟ ਹੋਣ ’ਤੇ ਇਕ ਸਾਲ ਅਤੇ 8 ਮਹੀਨੇ ਬਾਅਦ ਦੁਬਾਰਾ ਖੁੱਲ੍ਹੇ ਲਾਂਘੇ ਰਾਹੀਂ ਹੁਣ ਤੱਕ 50502 ਸ਼ਰਧਾਲੂ ਗੁਰਦੁਆਰਾ ਸਾਹਿਬ ਗਏ ਹਨ।

ਸਰਹੱਦ 'ਤੇ ਧੁੱਸੀ ਬੰਨ੍ਹ ਦਾ ਇਲਾਕਾ ਨੀਵਾ ਹੋਣ ਅਤੇ ਰਾਵੀ ਦਰਿਆ ਦੇ ਨੇੜੇ ਹੋਣ ਕਰਕੇ ਇਸ ਖੇਤਰ 'ਚ ਬਰਸਾਤਾਂ ਦੌਰਾਨ ਕਈ ਵਾਰ ਵੱਧ ਪਾਣੀ ਨਾਲ ਸਥਿਤੀ ਖਰਾਬ ਹੋ ਜਾਂਦੀ ਹੈ, ਜਿਸ ਕਰਕੇ ਦੋਵਾਂ ਸਰਕਾਰਾਂ ਵਲੋਂ ਜ਼ੀਰੋ ਲਾਇਨ 'ਤੇ ਪੁਲ ਬਣਾਉਣ ਦਾ ਸਮਝੌਤਾ ਹੋਇਆ ਸੀ | ਭਾਰਤ ਸਰਕਾਰ ਨੇ 2019 ਵਿਚ ਜ਼ੀਰੋ ਲਾਇਨ ਤੱਕ 100 ਮੀਟਰ ਪੁਲ ਬਣਾ ਦਿੱਤਾ ਸੀ ਪਰ ਪਾਕਿਸਤਾਨ ਵਲੋਂ ਇਸ ਨੂੰ ਪਿਛਲੇ ਸਾਲ 2021 'ਚ ਸ਼ੁਰੂ ਕੀਤਾ ਗਿਆ। 300 ਮੀਟਰ ਲੰਬਾ ਪੁਲ ਜ਼ੀਰੋ ਲਾਇਨ ਤੋਂ ਪਾਕਿਸਤਾਨ ਦੇ ਇਮੀਗ੍ਰੇਸ਼ਨ ਕੇਂਦਰ ਤੱਕ ਜਲਦ ਤਿਆਰ ਹੋ ਜਾਵੇਗਾ। ਪਾਕਿਸਤਾਨ ਦੇ ਇੰਜੀਨੀਅਰ ਅਤੇ ਅਧਿਕਾਰੀਆਂ ਤੋਂ ਇਲਾਵਾ ਹੋਰ ਕਰਮਚਾਰੀ ਲਗਾਤਾਰ ਪੁਲ ਨੂੰ ਨੇਪਰੇ ਚਾੜ੍ਹਨ 'ਚ ਲੱਗੇ ਹੋਏ ਹਨ, ਜਿਸ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਮੁੱਖ ਮਾਰਗ ਵਜੋਂ ਵਰਤਿਆ ਜਾਵੇਗਾ।


Comments


bottom of page