ਇਹ ਗੱਲ ਸੰਨ 1986 ਦੀ ਹੈ। ਜਦੋਂ ਪੰਜਾਬ ਵਿੱਚ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ ਦੀ ਸਰਕਾਰ ਸੀ। ਬਰਨਾਲਾ ਸਾਹਿਬ ਦੀ ਸਰਕਾਰ ਵੱਲੋ ਦਰਬਾਰ ਸਾਹਿਬ ਵਿੱਚ ਪੁਲੀਸ ਭੇਜਣ ਕਾਰਨ ਸ਼੍ਰੋਮਣੀ ਅਕਾਲੀ ਦੱਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਬਾਦਲ ਸਾਹਿਬ ਅਤੇ ਟੋਹੜਾ ਸਾਹਿਬ ਨੇ ਵੱਖਰਾ ਅਕਾਲੀ ਦੱਲ ਬਣਾ ਲਿਆ ਸੀ। ਮੇਰੀ ਟੌਹੜਾ ਸਾਹਿਬ ਨਾਲ ਨੇੜਤਾ ਸੀ ਇਸ ਕਰਕੇ ਮੈਂ ਇਸ ਅਕਾਲੀ ਦੱਲ ਨਾਲ ਖੜ੍ਹ ਗਿਆ ਸੀ। ਪੰਜਾਬ ਵਿੱਚ ਬਰਨਾਲਾ ਸਰਕਾਰ ਵਿਰੁਧ ਬਹੁਤ ਰੈਲੀਆ ਹੋਈਆਂ, ਜਿਹਨਾ ਵਿੱਚ ਮੈਂ ਬਰਨਾਲਾ ਸਰਕਾਰ ਵਿਰੁਧ ਧੂੰਆਂ ਧਾਰ ਭਾਸ਼ਣ ਦਿੱਤੇ। ਮੈਨੁੰ ਬਰਨਾਲਾ ਸਰਕਾਰ ਦੇ ਹੁਕਮ ਉੱਤੇ ਸਰਦਾਰ ਕਿਰਪਾਲ ਸਿੰਘ ਲਿਬੜਾ ਦੇ ਘਰੋਂ ਪੁਲੀਸ ਨੇ ਗਿਰਫ਼ਤਾਰ ਕਰ ਲਿਆ ਅਤੇ ਸਰਹਿੰਦ ਥਾਣੇ ਵਿੱਚ ਬੰਦ ਕਰ ਦਿੱਤਾ। ਸ਼ਾਮ ਨੁੰ 6 ਵਜੇ ਬਰਨਾਲਾ ਸਰਕਾਰ ਦੇ ਗ੍ਰਹਿ ਮੰਤਰੀ ਕੈਪਟਨ ਕੰਵਲਜੀਤ ਸਿੰਘ ਮੈਨੁੰ ਮਿਲਣ ਲਈ ਸਰਹਿੰਦ ਥਾਣੇ ਆ ਪਹੁੰਚੇ। ਥਾਣੇਦਾਰ ਮਦਨਜੀਤ ਸਿੰਘ ਦੇ ਕਮਰੇ ਵਿੱਚ ਬੈਠੇ ਕੈਪਟਨ ਕੰਵਲਜੀਤ ਸਿੰਘ ਮੈਨੁੰ ਕਹਿਣ ਲੱਗੇ, ਪੰਜੋਲੀ ਸਾਹਿਬ ਮੈਨੂੰ ਬਰਨਾਲਾ ਸਾਹਿਬ ਨੇ ਭੇਜਿਆ ਉਹ ਨਹੀ ਚਾਹੁੰਦੇ ਕਿ ਤੁਹਾਨੁੰ ਜੇਲ੍ਹ ਭੇਜਿਆ ਜਾਵੇ ਇਸ ਲਈ ਤੁਸੀ ਸਾਡੇ ਧੜੇ ਨਾਲ ਖੜ੍ਹ ਜਾਵੋ ਅਸੀ ਤੁਹਾਨੁੰ ਸਰਕਾਰ ਵਿੱਚ ਕਿਸੇ ਵੱਡੀ ਕਾਰਪੋਰੇਸ਼ਨ ਦਾ ਚੇਅਰਮੈਨ ਲੱਗਾ ਦਿਆਂਗੇ। ਮੈਂ ਕੈਪਟਨ ਸਾਹਿਬ ਨੁੰ ਕਿਹਾ ਕਿ ਤੁਹਾਡਾ ਧੰਨਵਾਦ, ਪਰ ਇਹ ਗੱਲ ਤੁਸੀ ਮੈਨੂੰ ਗਿਰਫਤਾਰ ਕਰਨ ਤੋਂ ਪਹਿਲਾਂ ਕਹਿੰਦੇ ਮੈਂ ਸੋਚ ਲੈਂਦਾ ਪਰ ਹੁਣ ਮੇਰੀ ਧੌਣ ਉੱਤੇ ਗੋਡਾ ਰੱਖ ਕੇ ਤੁਸੀ ਈਨ ਮਨਾਉਣੀ ਚਾਹੁੰਦੇ ਹੋ ਇਹ ਨਹੀਂ ਹੋ ਸਕਦਾ। ਕੈਪਟਨ ਸਾਹਿਬ ਕਹਿਣ ਲੱਗੇ ਵਿਚਾਰ ਲਵੋ ਇੱਕ ਪਾਸੇ ਐਨ ਐਸ ਏ ਲੱਗੇਗੀ ਅਤੇ ਜੇਲ੍ਹ ਜਾਣਾ ਪਊ ਦੁਸਰੇ ਪਾਸੇ ਸਰਕਾਰ ਦੀ ਚੇਅਰਮੈਨੀ ਹੈ। ਮੈਂ ਕਿਹਾ ਹੁਣ ਐਨ ਐਸ ਏ ਅਤੇ ਜੇਲ੍ਹ ਹੀ ਪ੍ਰਵਾਨ ਹੈ। ਮੈਨੂੰ ਰਾਤ ਨੁੰ ਮੁਲੇਪੁਰ ਥਾਣੇ ਲਿਆਂਦਾ ਗਿਆ। ਸਵੇਰੇ ਗੁਰਦੂਆਰਾ ਨਿੰਮ ਸਾਹਿਬ ਆਕੜ ਦਾ ਬਕੂਆ ਬਣਾਕੇ ਮੇਰੇ ਵਿਰੁੱਧ ਭੜਕਾਊ ਭਾਸ਼ਣ ਦਾ ਪੁਲੰਦਾ ਤਿਆਰ ਕਰਕੇ ਦੇਸ਼ ਵਿਰੁੱਧ ਬਗਾਵਤ ਕਰਨ ਦਾ ਦੋਸ਼ ਲਾਕੇ ਪਟਿਆਲੇ ਜੇਲ੍ਹ ਅੰਦਰ ਬੰਦ ਕਰ ਦਿੱਤਾ। ਪੰਦਰਵੇ ਦਿਨ ਸਿਖਰ ਦੁਪਹਿਰੇ ਸੁਪਰਟੈਡ ਜੇਲ੍ਹ ਪਟਿਆਲਾ ਨੇ ਐਨ ਐਸ ਏ ਦਾ ਪੁਲੰਦਾ ਹੱਥ ਫੜਾ ਕੇ ਕਿਹਾ ਹੁਣ ਤੁਸੀ ਸਾਡੇ ਇੱਕ ਸਾਲ ਦੇ ਪੱਕੇ ਮਹਿਮਾਨ ਹੋ। ਜੇਲ੍ਹ ਅੰਦਰ ਹਸਦਿਆ, ਖੇਡਦਿਆ, ਕੀਰਤਨ ਕਰਦਿਆਂ, ਬਾਣੀ ਪੜਦਿਆ ਅਤੇ ਢੇਰ ਸਾਰੀਆਂ ਕਿਤਾਬਾਂ ਪੜਦਿਆਂ ਪਤਾ ਹੀ ਨਹੀਂ ਲੱਗਾ ਕਿ ਸਾਲ ਕਦੋਂ ਗੁੱਜਰ ਗਿਆ। ਇੱਕ ਦਿਨ ਸਵੇਰੇ ਪੰਜ ਵਜੇ ਸਰਦਾਰ ਕੁਲਦੀਪ ਸਿੰਘ ਅਸਿਸਟੈਟ ਸੁਪਰਟੈਡ ਜੇਲ੍ਹ ਸਾਡੀ ਬੈਰਕ ਵਿੱਚ ਆਏ ਅਤੇ ਮੈਨੂੰ ਕਹਿਣ ਲੱਗੇ ਤੁਹਾਡੀ ਰਿਹਾਈ ਆ ਗਈ ਤੁਸੀ 8 ਵਜੇ ਤਿਆਰ ਹੋ ਕੇ ਸੁਪਰਟੈਡ ਸਾਹਿਬ ਦੇ ਦਫਤਰ ਆ ਜਾਇਓ। ਮੈਂ ਸਵੇਰੇ 7 ਵਜੇ ਤਿਆਰ ਹੋ ਗਿਆ ਜੇਲ੍ਹ ਵਿੱਚ ਬੰਦ ਸਿੰਘਾ ਨੇ ਰਲ ਮਿਲ ਕੇ ਮੈਨੂੰ ਵਿਦਾਇਗੀ ਪਾਰਟੀ ਦੇਣ ਬੈਰਕ ਨੰਬਰ 2 ਵਿੱਚ ਸੱਦ ਲਿਆ। ਜੇਲ੍ਹ ਵਿੱਚ ਦੋ ਬਜ਼ੁਰਗ ਸਰਦਾਰ ਜਾਗਰ ਸਿੰਘ ਰੰਧਾਵਾ ਅਤੇ ਹਜ਼ਾਰਾਂ ਸਿੰਘ ਚੱਕਮਿਸਰੀ ਵੀ ਬੰਦ ਸਨ। ਮੈਂ ਇਨ੍ਹਾਂ ਦੋਵੇਂ ਸਿੰਘਾ ਨੁੰ ਖਾਲਸਤਾਨੀ ਬਾਪੂ ਕਹਿਕੇ ਬਲਾਊਦਾ ਸੀ। ਚਾਹ ਪੀਂਦਿਆਂ ਇੱਕ ਸਿੰਘ ਬਾਪੂ ਹਜ਼ਾਰਾਂ ਸਿੰਘ ਚੱਕਮਿਸਰੀ ਨੁੰ ਕਹਿੰਦਾ, ਬਾਪੂ ਤੇਰਾ ਆਹ ਮੁੰਡਾ ਪੰਜੋਲੀ ਅੱਜ ਰਿਹਾ ਹੋ ਗਿਆ। ਬਾਪੂ ਹਜ਼ਾਰਾਂ ਸਿੰਘ ਸਹਿਜ ਸੁਭਾਅ ਹੀ ਕਹਿੰਦਾ ਕੋਈ ਨਹੀ ਜੇ ਪੰਥ ਦਾ ਹੋਇਆ ਤਾਂ ਸ਼ਾਮ ਨੁੰ ਫਿਰ ਜੇਲ੍ਹ ਵਿੱਚ ਆ ਜਾਊ ਜੇ ਸਰਕਾਰ ਦਾ ਹੋਇਆ ਤਾਂ ਘਰ ਚਲਾ ਜਾਊ। ਬਾਪੂ ਹਜ਼ਾਰਾਂ ਸਿੰਘ ਦੀ ਗੱਲ ਸੁਣਕੇ ਸਾਰੇ ਸਿੰਘ ਉੱਚੀ ਉੱਚੀ ਹੱਸਣ ਲੱਗ ਪਏ। ਚਾਹ ਪੀ ਕੇ ਜਦੋਂ ਮੈਂ ਸਿੰਘਾ ਤੋਂ ਵਿਦਾਇਗੀ ਲੈ ਕੇ ਆਪਣੇ ਹਾਤੇ ਵਿੱਚ ਸਮਾਨ ਚੁੱਕਣ ਲਈ ਆਇਆ ਤਾਂ ਮੈਨੂੰ ਇੱਕ ਜੇਲ੍ਹ ਨੰਬਰਦਾਰ ਕਹਿੰਦਾ ਜੀ ਤੁਹਾਨੁੰ ਸੁਪਰਟੈਡ ਸਾਹਿਬ ਡਿਊਡੀ ਵਿੱਚ ਬਲਾਊਦੇ ਹਨ। ਮੈਂ ਜਦੋਂ ਡਿਊਡੀ ਵਿੱਚ ਬਣੇ ਸੁਪਰਟੈਡ ਦੇ ਕਮਰੇ ਵਿੱਚ ਗਿਆ ਤਾਂ ਉਨਾਂ ਮੈਨੂੰ ਕਿਹਾ ਪੰਜੋਲੀ ਸਾਹਿਬ ਕਛਹਿਰਾ, ਬੂਨੈਣ ਅਤੇ ਤੌਲੀਆ ਅਤੇ ਇੱਕ ਅੱਧਾ ਸੂਟ ਅਤੇ ਪਟਕਾ ਲੈ ਆਓ ਬਾਕੀ ਸਮਾਨ ਨੁੰ ਜਿੰਦਾ ਲੱਗਾ ਕੇ ਡਿਊਡੀ ਆ ਜਾਓ ਪੁਲੀਸ ਤੁਹਾਨੁੰ ਬਾਹਰ ਫੜਨ ਲਈ ਖੜੀ ਹੈ। ਮੈਂ ਜਦੋਂ ਜੇਲ੍ਹ ਤੋਂ ਬਾਹਰ ਨਿਕਲਿਆ ਡੀ ਐਸ ਪੀ ਸਾਹਿਬ ਕਹਿਣ ਲੱਗੇ ਪੰਜੋਲੀ ਸਾਹਿਬ ਯੂ ਆਰ ਅੰਡਰਰੈਸਟ। ਮੈਂ ਪੁੱਛਿਆ ਕਿਸ ਕੇਸ ਵਿੱਚ, ਮੈਨੂੰ ਕਹਿਣ ਲੱਗੇ ਤੁਹਾਡੇ ਖਿਲਾਫ ਬਸੀ ਥਾਣੇ ਵਿੱਚ ਇੱਕ ਦੇਸ਼ ਵਿਰੁੱਧ ਬਗਾਵਤ ਕਰਨ ਦਾ ਪਰਚਾ ਦਰਜ ਹੈ। ਮੈਨੂੰ ਬਸੀ ਥਾਣੇ ਲਿਆਂਦਾ ਗਿਆ ਅਤੇ ਹਰਬੰਸ ਸਿੰਘ ਥਾਣੇਦਾਰ ਦੇ ਹਵਾਲਾ ਕਰ ਦਿੱਤਾ ਗਿਆ। ਉਸ ਨੇ ਪੁਲੰਦਾ ਤਿਆਰ ਕੀਤਾ ਅਤੇ ਮੈਨੂੰ ਫਤਹਿਗੜ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਇਹ ਕੇਸ ਮੇਰੇ, ਟੋਹੜਾ ਸਾਹਿਬ ਅਤੇ ਬਾਦਲ ਸਾਹਿਬ ਉੱਤੇ ਨੰਦਪੁਰ ਕਲੌੜ ਵਿਖੇ ਕੀਤੀ ਗਈ ਕਾਨਫਰੰਸ਼ ਵਿੱਚ ਗਰਮ ਗਰਮ ਭਾਸ਼ਣ ਦੇਣ ਕਾਰਨ ਦਰਜ਼ ਕੀਤਾ ਗਿਆ ਸੀ ਪਰ ਗਿਰਫਤਾਰੀ ਮੇਰੇ ਇਕੱਲੇ ਦੀ ਹੋਈ। ਬਹੁਤ ਸਾਰੇ ਵਕੀਲ ਮੇਰੇ ਨਾਲ ਅਦਾਲਤ ਵਿੱਚ ਪੇਸ ਹੋਏ। ਉਹਨਾਂ ਨੇ ਜੱਜ ਨਾਲ ਬਹੁਤ ਬਹਿਸ ਕੀਤੀ ਕਿ ਇਹ ਇੱਕ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਹੁਣ ਫਿਰ ਦੁਬਾਰਾ ਕੇਸ ਪਾਉਣਾ ਸਰਕਾਰ ਦੀ ਧੱਕੇਸ਼ਾਹੀ ਹੈ। ਜੱਜ ਸਾਹਿਬ ਨੇ 14 ਦਿਨ ਲਈ ਫਿਰ ਜੇਲ੍ਹ ਭੇਜ ਦਿੱਤਾ। ਮੇਰੀ ਭੈਣ ਪਰਮਜੀਤ ਕੌਰ ਮੈਨੂੰ ਮਿਲਣ ਆਈ ਰੋ ਪਈ ਅਤੇ ਨਾਲ ਹੀ ਕਹਿੰਦੀ ਕਰਨੈਲ ਤੇਰੇ ਨਾਲ ਸੱਚ ਮੁੱਚ ਹੀ ਧੱਕਾ ਹੋ ਰਿਹਾ ਹੈ। ਮੈਂ ਵਾਪਸ ਜੇਲ੍ਹ ਚਲਾ ਗਿਆ। ਜੇਲ੍ਹ ਵਿੱਚ ਬੈਠੇ ਸਿੰਘ ਨੇ ਜੈਕਾਰੇ ਛੱਡ ਕੇ ਮੇਰਾ ਸੁਆਗਤ ਕੀਤਾ। ਫਿਰ ਸੁਆਗਤ ਲਈ ਇਕੱਠ ਹੋਇਆ ਸਾਰਿਆਂ ਪੁੱਛਿਆ ਕੀ ਅਤੇ ਕਿਵੇਂ ਹੋਇਆ। ਉਸ ਸਮੇਂ ਬਾਪੂ ਹਜ਼ਾਰਾਂ ਸਿੰਘ ਕਹਿੰਦਾ ਮੈਂ ਕਿਹਾ ਸੀ ਨਾ ਕਿ ਜੇ ਪੰਥ ਦਾ ਹੋਇਆ ਤਾਂ ਸ਼ਾਮ ਨੁੰ ਜੇਲ੍ਹ ਆ ਜਾਏਗਾ ਜੇ ਸਰਕਾਰ ਦਾ ਹੋਇਆ ਤਾਂ ਘਰ ਚਲਾ ਜਾਏਗਾ। ਪੰਦਰਾਂ ਦਿਨਾਂ ਬਾਅਦ ਫਿਰ ਐਨ ਐਸ ਏ ਲੱਗੀ ਅਤੇ ਇੱਕ ਸਾਲ ਫਿਰ ਜੇਲ੍ਹ ਵਿੱਚ ਰਹਿਣਾ ਪਿਆ। ਅੱਜ ਕੱਲ ਪੰਥਕ ਫੇਸ ਬੁੱਕੀਏ ਕਹਿਣਗੇ ਤੁਹਾਡੀ ਕੀ ਕੁਰਬਾਨੀ ਹੈ ?
ਜਥੇਦਾਰ ਕਰਨੈਲ ਸਿੰਘ ਪੰਜੋਲੀ ਸਾਬਕਾ ਜਰਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ।
( ਸਰਦਾਰ ਕਰਨੈਲ ਸਿੰਘ ਪੰਜੋਲੀ ਦੀ ਹੱਡਬੀਤੀ ਜਥੇਦਾਰ ਹਰਨਾਥ ਸਿੰਘ ਦੀ ਪੋਸਟ ਕਾਪੀ ਕੀਤੀ ਗਈ )
Comments