ਜਗਰਾਓਂ - ਥਾਣਾ ਸਿੱਧਵਾਂ ਬੇਟ ਦੀ ਪੁਲਸ ਵੱਲੋਂ ਜਲਾਲਾਬਾਦ ਬੰਬ ਧਮਾਕੇ 'ਚ ਲੋੜੀਂਦੇ ਮੁੱਖ ਦੋਸ਼ੀ ਰਣਜੀਤ ਉਰਫ਼ ਗੋਰਾ ਵਾਸੀ ਨਹਿੰਗਾ ਕੇ ਝੁੱਗੇ, ਜ਼ਿਲ੍ਹਾ ਫਿਰੋਜ਼ਪੁਰ ਨੂੰ ਪਨਾਹ ਦੇਣ ਦੇ ਮਾਮਲੇ 'ਚ 2 ਲੋਕਾਂ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿੱਧਵਾਂ ਬੇਟ ਦੇ ਪ੍ਰਭਾਰੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਕਿਸ਼ਨਪੁਰਾ ਚੌਂਕ ਸਿੱਧਵਾਂ ਬੇਟ 'ਤੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੀਤੀ 15 ਸਤੰਬਰ ਨੂੰ ਜਲਾਲਾਬਾਦ 'ਚ ਹੋਏ ਮੋਟਰਸਾਈਕਲ ਬੰਬ ਧਮਾਕੇ ਦਾ ਮੁੱਖ ਦੋਸ਼ੀ ਰਣਜੀਤ ਸਿੰਘ ਪਿੰਡ ਖੁਰਸ਼ੈਦਪੁਰਾ 'ਚ ਆਪਣੀ ਰਿਸ਼ਤੇਦਾਰੀ 'ਚ ਪਨਾਹ ਲੈ ਕੇ ਲੁਕਿਆ ਹੋਇਆ ਹੈ।
ਦੋਸ਼ੀ ਭਾਰੀ ਮਾਤਰਾ 'ਚ ਅਸਲੇ ਸਣੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਪੰਜਾਬ ਦੀ ਕਾਨੂੰਨ-ਵਿਵਸਥਾ ਅਤੇ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਯੋਜਨਾ ਬਣਾ ਰਿਹਾ ਸੀ। ਥਾਣਾ ਪ੍ਰਭਾਰੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ 'ਤੇ ਭਾਰੀ ਗਿਣਤੀ 'ਚ ਪੁਲਸ ਪਾਰਟੀ ਸਮੇਤ ਪਿੰਡ ਖ਼ੁਰਸ਼ੈਦਪੁਰਾ ਛਾਪੇਮਾਰੀ ਕੀਤੀ।
ਇਸ ਦੌਰਾਨ ਪੁਲਸ ਨੇ ਰਣਜੀਤ ਸਿੰਘ ਨੂੰ ਪਨਾਹ ਦੇਣ ਵਾਲੇ ਜਸਵੰਤ ਸਿੰਘ ਅਤੇ ਬਲਵੰਤ ਸਿੰਘ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਜਲਾਲਾਬਾਦ 'ਚ ਰਣਜੀਤ ਸਿੰਘ ਅਤੇ ਉਸ ਨੂੰ ਪਨਾਹ ਦੇਣ ਵਾਲੇ ਤਰਲੋਕ ਸਿੰਘ ਵਾਸੀ ਖੁਰਸ਼ੈਦਪੁਰਾ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
Comentarios