top of page

ਭਾਈ ਪਰਮਜੀਤ ਸਿੰਘ ਪੰਜਵੜ ਦੀ ਕੁਰਬਾਨੀ ਤੇ ਕੌਮ ਨੂੰ ਨਾਜ਼ ਹੈ- ਫੈਡਰੇਸ਼ਨ ਆਫ ਸਿੱਖ ਆਰਗੇਨਾਈਜਸ਼ਨ ਯੂ.ਕੇ

ਭਾਈ ਪੰਜਵੜ ਦੀ ਸ਼ਹਾਦਤ ਪਿੱਛੇ ਭਾਰਤੀ ਏਜੰਸੀਆਂ ਦਾ ਹੋਣ ਦਾ ਸ਼ੱਕ


ਲੰਦਨ - ਬਰਤਾਨੀਆ ਵਿੱਚ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਖਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਿੱਖ ਕੌਮ ਪ੍ਰਤੀ ਕੀਤੀ ਕੁਰਬਾਨੀ ਦੀ ਹਾਰਦਿਕ ਪ੍ਰਸੰਸਾ ਕੀਤੀ ਗਈ ਹੈ। ਪੰਜਾਬ ਪੁਲਿਸ ਵਲੋਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਨੂੰ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਕਿ ਉਸਨੇ ਸਿੱਖ ਜੁਝਾਰੂ ਭਾਈ ਪੰਜਵੜ ਨੂੰ ਜਨਮ ਦਿਤਾ ਸੀ ਅਤੇ ਭਰਾ ਭਾਈ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਲਾਪਤਾ ਕਰ ਦਿੱਤਾ ਗਿਆ। ਪਰਮਜੀਤ ਸਿੰਘ ਪੰਜਵੜ ਦੇ ਰੂਪੋਸ਼ ਜੀਵਨ ਦੌਰਾਨ ਰਿਸ਼ਤੇਦਾਰਾਂ ਨੂੰ ਭਾਰੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਸੀ।


ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ, ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਮੌਤ ਦੀ ਉਚ ਪੱਧਰੀ ਜਾਂਚ ਲਈ ਅਵਾਜ ਬੁਲੰਦ ਕਰਨ ਦੀ ਸਮੂਹ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਹੈ। ਭਾਈ ਕੰਵਲਜੀਤ ਸਿੰਘ ਸੁਲਤਾਨਵਿੰਡ ਦੀ ਸ਼ਹਾਦਤ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਬਣੇ ਸਨ ਅਤੇ ਲੰਬੇ ਸਮੇਂ ਤੋਂ ਰੂਪੋਸ਼ ਸਨ। ਭਾਈ ਪਰਮਜੀਤ ਸਿੰਘ ਪੰਜਵੜ ਦੇ ਲਾਹੌਰ ਸਥਿਤ ਰਿਹਾਇਸ਼ ਦੇ ਲਾਗੇ ਪਾਰਕ ਵਿੱਚ ਅਣਪਛਾਤੇ ਵਿਆਅਤੀਆਂ ਵਲੋਂ ਅੰਧਾਧੁੰਦ ਫਾਇਰਿੰਗ ਕਰਕੇ ਸ਼ਹੀਦ ਕਰ ਦਿੱਤਾ ਗਿਆ। ਜੋ ਕਿ ਸਿਖ ਕੌਮ ਵਾਸਤੇ ਬਹੁਤ ਹੀ ਦੁੱਖਦਾਇਕ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਭਾਰਤੀ ਏਜੰਸੀਆਂ ਦਾ ਕਾਰਾ ਹੈ । ਇਸਤੋਂ ਪਹਿਲਾਂ ਭਾਈ ਹਰਮੀਤ ਸਿੰਘ ਪੀ.ਐੱਚ.ਡੀ ਨੂੰ ਲਾਹੌਰ ਵਿੱਚ ਡੇਰਾ ਚਾਹਲ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਅਰਦਾਸ ਹੈ ਕਿ ਅਕਾਲ ਪੁਰਖ ਵਾਹਿਗੁਰੂ ਭਾਈ ਪੰਜਵੜ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਜਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਜਵੜ ਦੀ ਸਿੰਘਣੀ ਬੀਤੀ ਪਾਲਜੀਤ ਕੌਰ ਜਰਮਨੀ ਵਿੱਚ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਸਨ। ਸਮੁੱਚਾ ਪਰਿਵਾਰ ਬਹੁਤ ਕੁਰਬਾਨੀ ਵਾਲਾ ਪਰਿਵਾਰ ਹੈ,ਜਿਸਤੇ ਸਿੱਖ ਕੌਮ ਨੂੰ ਨਾਜ਼ ਰਹੇਗਾ।

Commentaires


bottom of page