ਮੁਕੰਮਲ ਪੰਜਾਬ ਅੰਦਰ ਭਾਜਪਾ ਦਾ ਵਿਰੋਧ ਹੋਣਾ ਚਾਹੀਦਾ ਹੈ
ਆਦਮਪੁਰ -ਖਾਲਿਸਤਾਨ ਬਿਉਰੋ- ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਜਿੱਤਣ ਲਈ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਪੂਰੇ ਸਿੱਖਰਾਂ ਉਤੇ ਹੈ।

ਆਦਮਪੁਰ ਵਿਚ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੌਣਾਂ ਵਿਚ ਭਾਜਪਾ ਵੱਲੋਂ ਚੌਣ ਲੜ ਰਹੇ ਵਾਰਡ ਨੰ. 1, 4 ਅਤੇ 5 ਵਿਚ ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਹਰਜਿੰਦਰ ਸਿੰਘ ਦੂਹੜਾ ਭੁਪਿੰਦਰ ਸਿੰਘ, ਮੇਜਰ ਸਿੰਘ ਹਰੀਪੁਰ, ਮਲਕੀਤ ਸਿੰਘ, ਅਮਰਜੀਤ ਸਿੰਘ ਅਟਵਾਲ, ਗੁਰਪੀ੍ਤ ਗੋਪੀ ਅਤੇ ਦਲਜੀਤ ਸਿੰਘ ਭੱਟੀ ਦੀ ਅਗਵਾਈ ਹੇਠ ਭਾਰੀ ਮਾਤਰਾ ਵਿਚ ਕਿਸਾਨਾਂ ਨੇ ਚੌਂਕ ਜੋੜੇ ਖੂਹ ਆਦਮਪੁਰ ਵਿਖੇ ਵਾਰਡ ਨੰਬਰ 5 ਦੀ ਭਾਜਪਾ ਉਮੀਦਵਾਰ ਨਿਧੀ ਤਿਵਾੜੀ (ਜ਼ਿਲ੍ਹਾ ਮਹਿਲਾ ਪ੍ਧਾਨ ਜਲੰਧਰ ਦਿਹਾਤੀ) ਦੇ ਚੌਣ ਦਫ਼ਤਰ ਨੂੰ ਜਬਰਦਸਤੀ ਬੰਦ ਕਰਵਾਇਆ। ਇਸ ਮੌਕੇ ਕਿਸਾਨਾਂ ਵੱਲੋਂ ਦਫ਼ਤਰ ’ਤੇ ਲੱਗੇ ਪੋਸਟਰ ਅਤੇ ਬੈਨਰਾਂ ਨੂੰ ਪਾੜਿਆ ਗਿਆ ਅਤੇ ਕੇਂਦਰ ਸਰਕਾਰ ਦੀ ਮੋਦੀ ਸਰਕਾਰ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਕਿਸਾਨ ਆਗੂ ਮੇਜ਼ਰ ਸਿੰਘ ਹਰੀਪੁਰ ਨੇ ਕਿਹਾ ਕਿ ਜਦ ਤੱਕ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਵਿਰੁੱਧ ਬਣਾਏ ਤਿੰਨਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋ ਤੱਕ ਕਿਸਾਨਾਂ ਵਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ| ਇਸ ਮੌਕੇ ਟਕਰਾਅ ਨੂੰ ਜ਼ਿਆਦਾ ਦੇਖਦਿਆ ਹੋਇਆ ਪੁਲਿਸ ਵਲੋਂ ਵਿਚ ਬਚਾ ਕਰਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ।
Kommentarer