ਚੰਡੀਗੜ੍ਹ ਦੀ ਇਕ ਇੰਚ ਥਾਂ ਵੀ ਹਰਿਆਣਾ ਨੂੰ ਨਹੀਂ ਦੇਣ ਦਿੱਤੀ ਜਾਵੇਗੀ- ਸ਼ੋ੍ਮਣੀ ਅਕਾਲੀ ਦਲ
- TimesofKhalistan
- Nov 25, 2022
- 2 min read

ਚੰਡੀਗੜ੍ਹ -ਸ਼ੋ੍ਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਅੱਜ ਇਥੇ ਹੋਈ ਬੈਠਕ ਦੌਰਾਨ ਚੰਡੀਗੜ੍ਹ 'ਚ ਹਰਿਆਣਾ ਨੂੰ ਨਵੀਂ ਵਿਧਾਨ ਲਈ ਵੱਖਰੀ ਜ਼ਮੀਨ ਐਲਾਨ ਕਰਨ ਦੇ ਮੁੱਦੇ 'ਤੇ ਜਨਤਕ ਪੱਧਰ ਦੇ ਨਾਲ-ਨਾਲ ਕਾਨੂੰਨੀ ਲੜਾਈ ਲੜਨ ਦਾ ਵੀ ਐਲਾਨ ਕੀਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬੇ ਦੀ ਅਮਨ-ਕਾਨੂੰਨ ਸਥਿਤੀ ਅਤੇ ਕਿਸਾਨਾਂ ਨਾਲ ਸਰਕਾਰ ਵਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸਰਕਾਰ ਦੀ ਅਸਫ਼ਲਤਾ 'ਤੇ ਵੱਡੀ ਚਿੰਤਾ ਪ੍ਰਗਟ ਕੀਤੀ ਗਈ।
ਮੀਟਿੰਗ ਤੋਂ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ ਤੇ ਹਰਚਰਨ ਬੈਂਸ ਨੇ ਕਿਹਾ ਕਿ ਰਾਜਪਾਲ ਪੰਜਾਬ ਨੂੰ ਚੰਡੀਗੜ੍ਹ ਦੇ ਖੇਤਰ ਅਤੇ ਸਰਹੱਦਾਂ ਨਾਲ ਛੇੜਛਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਚੰਡੀਗੜ੍ਹ ਵਿਚ ਜਗ੍ਹਾ ਦੀ ਅਲਾਟਮੈਂਟ ਪੰਜਾਬ ਦੇ ਚੰਡੀਗੜ੍ਹ 'ਤੇ ਮੁੱਢਲੇ ਅਤੇ ਹੱਕੀ ਅਧਿਕਾਰ ਨਾਲ ਖਿਲਵਾੜ ਹੋਵੇਗਾ, ਜਿਸ ਦੀ ਅਕਾਲੀ ਦਲ ਕਦੇ ਵੀ ਇਜਾਜ਼ਤ ਨਹੀਂ ਦੇਵੇਗਾ।
ਪਾਰਟੀ ਵਲੋਂ ਡਾ. ਦਲਜੀਤ ਸਿੰਘ ਚੀਮਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ 'ਤੇ ਆਧਾਰਿਤ ਇਕ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਇਸ ਸੰਬੰਧੀ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਕਰਕੇ ਕਾਨੂੰਨੀ ਲੜਾਈ ਲੜਨ ਲਈ ਰੂਪ ਰੇਖਾ ਤਿਆਰ ਕਰੇਗੀ, ਜਦੋਂ ਕਿ ਜਨਤਕ ਤੌਰ 'ਤੇ ਫ਼ਿਲਹਾਲ ਕੇਵਲ ਰਾਜਪਾਲ ਤੋਂ ਸਮਾਂ ਮੰਗ ਕੇ ਯਾਦ-ਪੱਤਰ ਦੇਣ ਦੀ ਗੱਲ ਹੀ ਕਹੀ ਗਈ ਹੈ, ਜੋ ਕਿ ਅਕਾਲੀ ਦਲ ਪਹਿਲਾਂ ਵੀ ਇਕ ਵਾਰ ਦੇ ਚੁੱਕਾ ਹੈ। ਇਸ ਮੁੱਦੇ 'ਤੇ ਕੋਈ ਜਨਤਕ ਮੁਹਿੰਮ ਜਾਂ ਸੰਘਰਸ਼ ਆਦਿ ਦਾ ਪ੍ਰੋਗਰਾਮ ਨਹੀਂ ਦਿੱਤਾ ਗਿਆ।
ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਲਾਇਸੰਸੀ ਹਥਿਆਰਾਂ 'ਤੇ ਪਾਬੰਦੀ ਲਗਾਉਣ ਅਤੇ ਇਸ ਮੁੱਦੇ 'ਤੇ ਲਾਇਸੰਸ ਧਾਰਕਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਵੀ ਨਿੰਦਾ ਕੀਤੀ। ਉਨ੍ਹਾਂ ਮੁਸਤਰਕਾ ਖਾਤਾ ਜ਼ਮੀਨਾਂ ਸੰਬੰਧੀ ਵੀ ਸਰਕਾਰ ਵਲੋਂ ਅਲਾਟੀਆਂ ਦੀਆਂ ਜ਼ਮੀਨਾਂ ਵਾਪਸ ਖੋਹਣ ਦਾ ਵੀ ਵਿਰੋਧ ਕੀਤਾ ਅਤੇ ਕਿਹਾ ਕਿ ਸਰਕਾਰ ਗਰੀਬ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਜੋ ਕਿ ਪੂਰਨ 'ਤੇ ਗੈਰ-ਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸੰਬੰਧੀ ਹਾਈਕੋਰਟ ਨੇ ਸਟੇਅ ਦੇ ਹੁਕਮ ਕੀਤੇ ਹਨ, ਪਰ ਫਿਰ ਵੀ ਸੰਬੰਧਿਤ ਮੰਤਰੀ ਤੇ 'ਆਪ' ਦੇ ਅਹੁਦੇਦਾਰ ਇਨ੍ਹਾਂ ਜ਼ਮੀਨਾਂ 'ਤੇ ਕਬਜ਼ੇ ਕਰ ਰਹੇ ਹਨ। ਚੰਦੂਮਾਜਰਾ ਨੇ ਮੁੱਖ ਮੰਤਰੀ ਵਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰਨਾਂ ਖ਼ਿਲਾਫ਼ ਮਾੜੀਆਂ ਟਿੱਪਣੀਆਂ ਕਰਨ ਦੀ ਵੀ ਨਿਖੇਧੀ ਕੀਤੀ। ਅਕਾਲੀ ਆਗੂਆਂ ਨੇ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਤੇ ਹੋਰ ਕਮਜ਼ੋਰ ਵਰਗਾਂ ਨੂੰ ਪੀੜਤ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਸਿੰਘ ਢਿੱਲੋਂ ਆਦਿ ਹਾਜ਼ਰ ਸਨ।
Comments