top of page

ਸ:ਬੀਰ ਬਹਾਦਰ ਸਿੰਘ ਥੋਹਾ ਖਾਲਸਾ ਦੀ ਦਰਦ ਬਿਆਨੀ,

1947 ਹਿਜਰਤਨਾਮਾ : 36 - ਪਰਲਿਹਾਦ ਸਿੰਘ ਥੋਹਾ ਖਾਲਸਾ

ਲੇਖਕ : ਸਤਵੀਰ ਸਿੰਘ ਚਾਨੀਆਂ

92569-73526

ਸ:ਬੀਰ ਬਹਾਦਰ ਸਿੰਘ ਥੋਹਾ ਖਾਲਸਾ ਦੀ ਦਰਦ ਬਿਆਨੀ, ਲੇਖ ਜਲੰਧਰ ਅਖਬਾਰ ਵਿੱਚ ਛਪਿਆ ਤਾਂ ਕਈ ਪੋਠੋਹਾਰੀ ਪਾਠਕਾਂ ਦੇ ਫੋਨ ਆਏ। ਉਨ੍ਹਾਂ ’ਚੋਂ ਹੀ ਇਕ ਫੋਨ ਸ:ਪਰਲਿਹਾਦ ਸਿੰਘ ਲੁਧਿਆਣਾ ਦਾ ਵੀ ਸੀ। ਜਿਨ੍ਹਾਂ ਨੇ ਮੁਲਾਕਾਤ ਲਈ ਸੱਦਾ ਦਿੱਤਾ ਤੇ ਆਪਣੀ ਕਹਾਣੀ ਇੰਝ ਕਹਿ ਸੁਣਾਈ :-


" ਮੈਂ ਪਰਲਿਹਾਦ ਸਿੰਘ ਥੋਹਾ ਖਾਲਸਾ ਬਾਇਆ ਲੁਧਿਆਣਾ ਬੋਲ ਰਿਹੈਂ। ਮੈਥੋਂ ਇਲਾਵਾ ਹੋਰ 3 ਭਰਾ ਕਰਮਵਾਰ ਅਮਰੀਕ ਸਿੰਘ ਫੌਜੀ,ਖ਼ਜ਼ਾਨ ਸਿੰਘ ਤੇ ਅਵਤਾਰ ਸਿੰਘ ਹੋਏ ਨੇ ਮੇਰੇ। ਪਿਤਾ ਜੀ ਸਨ ਬਸੰਤ ਸਿੰਘ ਤੇ ਦੋ ਚਾਚੇ ਸਨ ਮੇਰੇ, ਵਰਿਆਮ ਸਿੰਘ ਤੇ ਵਿਸਾਖਾ ਸਿੰਘ। ਦਾਦਾ ਜੀ ਹੈ ਸਨ, ਸ:ਗੁਰਦਿੱਤ ਸਿੰਘ ਧੀਰ। ਪਿੰਡ ਉਹੀ ਥੋਹਾ ਖਾਲਸਾ ਤਹਿਸੀਲ ਕਹੂਟਾ ਜ਼ਿਲ੍ਹਾ ਰਾਵਲਪਿੰਡੀ ਸੀ ਸਾਡਾ। ਮਾਤਾ ਕਰਤਾਰ ਕੌਰ ਦੀ ਕੁੱਖ ਤੋਂ 1934 ਦਾ ਜਨਮ ਐ ਮੇਰਾ। ਚੌਥੀ ਮੈਂ ਪਿੰਡ ਦੇ ਸਕੂਲ ਤੋਂ ਈ ਪਾਸ ਕਰਨ ਉਪਰੰਤ ਰਾਵਲਪਿੰਡੀ ਦੇ ਖਾਲਸਾ ਸਕੂਲ ਵਿੱਚ ਦਾਖਲਾ ਲਿਆ। ਰਿਸ਼ਤੇਦਾਰੀ ’ਚੋਂ ਇਕ ਕਮਰਾ ਕਿਰਾਏ ਪੁਰ ਲੈ ਕੇ ਰਿਹਾ।

ਪਿਤਾ ਜੀ ਡਿਸਟ੍ਰਿਕਟ ਬੋਰਡ ਦੇ ਮੈਂਬਰ ਸਨ। ਉਨ੍ਹਾਂ ਦੀ ਕੋਸ਼ਿਸ਼ ਕਰਕੇ ਪਿੰਡ ’ਚ ਲੜਕੀਆਂ ਦਾ ਪੰਜਾਬੀ ਸਕੂਲ ਖੁੱਲ੍ਹਵਾਇਆ। ਮੇਰੇ ਮਾਤਾ ਜੀ ਉਥੇ ਪਹਿਲੇ ਪੰਜਾਬੀ ਟੀਚਰ ਤੇ ਸਕੂਲ ਦੇ ਇੰਚਾਰਜ ਹੋਏ। ਸਾਡੇ ਸਾਰੇ ਭਰਾਵਾਂ ਤੋਂ ਵੱਡੀਆਂ ਮੇਰੀਆਂ 7 ਭੈਣਾਂ ’ਚੋਂ 5 ਭੈਣਾ ਰੌਲਿਆਂ ਤੋਂ ਪਹਿਲੇ ਹੀ ਵਿਆਹੀਆਂ ਹੋਈਆਂ ਸਨ। ਨਾਨਕੇ ਵੀ ਮੇਰੇ ਥੋਹਾ ਖਾਲਸਾ ਹੀ ਸਨ, ਜੋ ਕਿ ਪੀੜ੍ਹੀ ਦਰ ਪੀੜ੍ਹੀ ਗੁਰੂ ਅਮਰਦਾਸ ਜੀ ਦੇ ਸਕੇ ਸਬੰਧੀਆਂ ’ਚੋਂ ਹੀ ਸਨ।

ਪਹਿਲੇ ਤਾਂ ਸਾਡਾ ਪਰਿਵਾਰ ਹਿੰਦੂ ਰਹੁ ਰੀਤਾਂ ਨੂੰ ਹੀ ਮੰਨਣ ਵਾਲਾ ਸੀ ਪਰ ਸਿੰਘ ਸਭਾ ਲਹਿਰ ਦੇ ਪ੍ਰਭਾਵ ’ਚ ਆ ਕੇ ਸਿੰਘ ਸਭੀਏ ਬਣ ਗਏ। ਇਸੇ ਲਹਿਰ ਦੇ ਪ੍ਰਭਾਵ ’ਚ ਚਾਚਾ ਵਰਿਆਮ ਸਿੰਘ ਜੀ ਜੈਤੋ ਦੇ ਮੋਰਚੇ ’ਚ ਜੇਲ ਯਾਤਰਾ ਕਰਕੇ ਆਏ। ਉਪਰੰਤ ਹੀ ਉਨ੍ਹਾਂ ਘਰ ਨੇਮ ਨਾਲ ਪਾਠ ਕਰਨਾ ਸ਼ੁਰੂ ਕੀਤਾ।

ਜਦ 12 ਮਾਰਚ 1947 ਨੂੰ ਥੋਹਾ ਖਾਲਸਾ ’ਚ ਦੰਗਈਆਂ ਵਲੋਂ ਹਿੰਦੂ-ਸਿੱਖਾਂ ਦਾ ਕਤਲੇਆਮ ਅਤੇ ਲੁੱਟ-ਪੁੱਟ ਕੀਤੀ ਗਈ ਤਾਂ ਮੈਂ ਅਤੇ ਮੇਰੀ ਭੈਣ ਉਸ ਵਕਤ ਰਾਵਲਪਿੰਡੀ ਹੀ ਸਾਂ। 5 ਭੈਣਾਂ ਵਿਆਹੀਆਂ ਹੋਈਆਂ, ਵੱਡਾ ਭਾਈ ਅਮਰੀਕ ਤੇ ਦੂਜਾ ਖ਼ਜ਼ਾਨ ਸਿੰਘ ਵੀ ਬਾਹਰ ਹੀ ਸੀ। ਸਿੱਖ ਪਰਿਵਾਰ ਕਰੀਬ ਸਾਰੇ ਹੀ ਆਰਥਿਕ ਤੌਰ ’ਤੇ ਚੰਗੇ ਸਨ। ਸੋ ਬਹੁਤਾ ਯੂਥ ਨੌਕਰੀ, ਵਪਾਰ ਜਾਂ ਪੜ੍ਹਾਈ ਦੇ ਸਿਲਸਿਲੇ ’ਚ ਪਿੰਡੋਂ ਬਾਹਰ ਹੈ ਸਨ। ਇਸ ਕਰਕੇ ਬਹੁਤਾ ਨੁਕਸਾਨ ਹੋਇਆ। ਨਹੀਂ ਤਾਂ ਥਮਾਲੀ ਪਿੰਡ ਵਾਲਿਆਂ ਵਾਂਗ ਬਰਾਬਰ ਦੀ ਟੱਕਰ ਦਿੰਦੇ ।


ਮੇਰੀ ਉਮਰ ਤਦੋਂ ਨਿਆਣੀ ਹੀ ਸੀ ਤੇ ਸਾਂ ਵੀ ਮੈਂ ਰਾਵਲਪਿੰਡੀ ਇਸ ਵਜ੍ਹਾ ਥੋਹਾ ਖਾਲਸਾ ਦੇ ਦਰਦ ਦਾ ਮੈਂ ਪਰਤੱਖ ਦਰਸ਼ੀ ਨਹੀਂ ਆਂ। ਜੋ ਪਰਿਵਾਰਕ ਮੈਂਬਰ ਤੋਂ ਪਿਛੋਂ ਸੁਣਿਐਂ ਉਹ ਇਹੋ ਹੀ ਸੀ ਬਈ ਉਪਰੋਂ ਪਹਾੜ ਦੀ ਤਰਫੋਂ ਬਦਮਾਸ਼ ਅਤੇ ਲੁੱਟ-ਪੁੱਟ ਬਿਰਤੀ ਵਾਲੇ ਮੱਜ਼੍ਹਬੀ ਤੁਅਸਬ ਨਾਲ ਭਰੇ ਦੰਗਈਆਂ ਨੇ ਲੋਕਲ ਅਜਿਹੀ ਹੀ ਬਿਰਤੀ ਵਾਲੇ ਮੁਸਲਿਮਾ ਨਾਲ ਮਿਲ ਕੇ ਪੋਠੋਹਾਰੀ ਪਿੰਡਾਂ ਵਿੱਚ ਕਤਲੋਗ਼ਾਰਤ ਲੁੱਟ-ਪੁੱਟ ਅਤੇ ਉਧਾਲੇ ਕੀਤੇ।

ਸੋ ਸਾਡੇ ਪਿੰਡ ਵੀ 9 ਅਤੇ 10 ਮਾਰਚ ਛੋਟੇ ਹਮਲੇ ਹੋਏ, ਜਿਨ੍ਹਾਂ ਵਿੱਚ ਸਿੱਖ ਸਰਦਾਰਾਂ ਬਰਾਬਰ ਟੱਕਰ ਦਿੱਤੀ। ਫਿਰ ਉਨ੍ਹਾਂ ਵੱਡਾ ਹਮਲਾ 12 ਮਾਰਚ ਨੂੰ ਕੀਤਾ। ਜਿਸ ਵਿਚ ਸਿੱਖਾਂ ਕਿਆਂ ਦੀ ਪੇਸ਼ ਨਾ ਗਈ। ਸਰਦਾਰਾਂ ਨੇ ਇੱਜ਼ਤ ਅਤੇ ਅਣਖ ਦੀ ਖਾਤਰ ਜਵਾਨ ਨੂੰਹਾਂ ਧੀਆਂ ਨੂੰ ਹੱਥੀਂ ਵੱਡਤਾ। ਖੁਦ ਦੰਗਈਆਂ ਨਾਲ ਮੁਕਾਬਲਾ ਕਰਦਿਆਂ ਸ਼ਹੀਦੀ ਪਾਈ। 106 ਬੱਚਿਆਂ/ਔਰਤਾਂ ਬਾਹਰੀ ਖੂਹ ਵਿਚ ਛਾਲਾਂ ਮਾਰ ਦਿੱਤਆਂ।

ਮੇਰੀ ਭੈਣ ਸਵਰਨ ਕੌਰ ਜੋ ਤਦੋਂ 15-16 ਸਾਲ ਦੀ ਸੀ ਨੇ ਵੀ ਦੋ ਹੋਰ ਛੋਟੀਆਂ ਲੜਕੀਆਂ ਨਾਲ ਧੀਰ ਮੁਹੱਲੇ, ਸਕੂਲ ਨਜ਼ਦੀਕ ਪੈਂਦੇ ਖੂਹ ਵਿੱਚ ਛਾਲ ਮਾਰ ਦਿੱਤੀ। ਉਨ੍ਹਾਂ ’ਚੋਂ ਇਕ ਤਾਰਾ ਸਿੰਘ ਤੇ ਇਕ ਮੇਰੀ ਭੈਣ ਵੀਰਾਂ ਵਾਲੀ/ਉਤਮ ਸਿੰਘ ਦੀ ਬੇਟੀ ਸੀ। ਛੋਟੀਆਂ ਦੋਹੇਂ ਤਾਂ ਥਾਂ ਪੁਰ ਹੀ ਮਰ ਗਈਆਂ ਪਰ ਦੂਜੇ ਦਿਨ ਭਿਆਨਕ ਤਬਾਹੀ ਤੇ ਕਤਲੋਗ਼ਾਰਤ ਦਾ ਕੁਝ ਹਮਦਰਦ ਲੋਕ ਮੌਕਾ ਦੇਖਣ ਆਏ ਤਾਂ ਉਨ੍ਹਾਂ ਧੀਰ ਮਹੱਲੇ ਦੇ ਖੂਹ ਦਾ ਰੁੱਖ ਕੀਤਾ ਤਾਂ ਉਨ੍ਹਾਂ ਸਵਰਨ ਕੌਰ ਨੂੰ ਜ਼ਿੰਦਾ, ਖੂਹ ’ਚੋਂ ਕੱਢਿਆ ।


ਮੇਰਾ ਵੱਡਾ ਭਰਾ ਅਮਰੀਕ ਭੂਆ ਜੀ ਦੇ ਘਰ ਦੱਬਿਆ ਸੋਨਾ ਕੱਢਣ ਗਿਆ ਤਾਂ ਇਕ ਦਫਾ ਤਾਂ ਉਹ ਥਾਂ ਪੁਰ ਵੱਢੀਆਂ ਟੁੱਕੀਆਂ ਲਾਸ਼ਾਂ, ਨਾਲੀਆਂ ’ਚ ਬਹਿੰਦਾ ਲਹੂ ਅਤੇ ਸੜਦੇ ਘਰਾਂ ’ਚੋਂ ਉੱਠਦਾ ਧੂਆਂ ਦੇਖ ਕੇ ਦਹਿਲ ਗਿਆ। ਉਹ ਭਿਆਨਕ ਮੰਜਰ ਉਸ ਤੋਂ ਦੇਖਿਆ ਨਾ ਗਿਆ। ਉਹ ਪਿੱਛੇ ਮੁੜਨ ਹੀ ਲੱਗਾ ਸੀ ਕਿ ਉਸਨੇ ਖੂਹ ਵੱਲ 'ਕੱਠੀ ਭੀੜ ਦੇਖੀ। ਓਧਰ ਗਿਆ ਤਾਂ ਉਹ ਆਪਣੀ ਜੀਵਤ ਭੈਣ ਨੂੰ ਦੇਖ ਕੇ ਹੈਰਾਨ ਰਹਿ ਗਿਆ। ਇਹ ਸਵਰਨ ਕੌਰ ਇਧਰ ਆ ਕੇ ਲੁਧਿਆਣਾ ਨਜ਼ਦੀਕੀ ਪਿੰਡ ਮੰਡਿਆਣੀ ਦੇ ਸ: ਅਜੀਤ ਸਿੰਘ ਜੌਹਲ ਨੂੰ ਵਿਆਹੀ। ਉਹ ਤਮਾਮ ਉਮਰ ਗੁਮ ਸੁੱਮ ਹੀ ਰਹੀ ਤੇ ਥੋਹਾ ਖਾਲਸਾ ਦੀ ਭਿਆਨਕ ਤਬਾਹੀ ਦੇ ਸਦਮੇ ’ਚੋਂ ਬਾਹਰ ਨਾ ਆ ਸਕੀ।


ਇਸ ਤਰਾਂ ਥੋਹਾ ਵਾਸੀਆਂ ਨੇ ਬੜਾ ਜ਼ੁਲਮ ਸਹਿਆ।ਸਾਡਾ ਸਾਰਾ ਪਰਿਵਾਰ ਹੀ ਖਿੱਲਰਿਆ ਹੋਇਆ ਸੀ। ਅੱਧ ਪਚੱਧੇ ਰਾਵਲਪਿੰਡੀ 'ਕੱਠੇ ਹੋਏ । ਜਿਥੋਂ ਗੱਡੀ ਫੜ ਬਰਾਸਤਾ ਲਾਹੌਰ ਲੁਧਿਆਣਾ ਬਰਨਾਲਾ ਪਹੁੰਚੇ। ਬਰਨਾਲਾ ਜਾਣ ਦੀ ਵਜਾ ਇਹ ਸੀ ਕਿ ਮੇਰੇ ਚਾਚਾ ਜੀ ਦਾ ਬੇਟਾ ਸੰਤੋਖ ਸਿੰਘ ਅਤੇ ਬਰਨਾਲਾ ਤੋਂ ਡਾਕਟਰ ਧਨਵੰਤ ਸਿੰਘ 'ਕੱਠੇ ਹੀ ਮੈਡੀਕਲ ਕਾਲਜ ਲਾਹੌਰ ’ਚ ਅੱਖਾਂ ਦੇ ਡਾਕਟਰ ਵਾਲਾ ਕੋਰਸ ਕਰਦੇ ਸਨ। ਦੋਹੇਂ ਕਲਾਸ ਮੇਟ ਰੂਮ ਮੇਟ ਅਤੇ ਗੁੜੇ ਬੇਲੀ ਵੀ ਸਨ। ਸੋ ਡਾਕਟਰ ਧੰਨਵੰਤ ਸਿੰਘ ਹੋਰਾਂ ਹੀ ਸੱਦਾ ਦਿੱਤਾ ਸੀ ਬਰਨਾਲਾ ਆਉਣ ਦਾ।


ਸਾਡੀ ਜ਼ਮੀਨ ਦੀ ਕੱਚੀ ਪਰਚੀ ਬੁੱਢੇ ਨਾਲੇ ਨਾਲ ਪੈਂਦੇ ਪਿੰਡ (ਲੁਧਿਆਣਾ ਸ਼ਹਿਰ ) ਦੀ ਨਿੱਕਲੀ ਤੇ ਪੱਕੀ ਪਰਚੀ ਨਰੈਣਗੜ੍ਹ-ਹਰਿਆਣਾ ਨਜ਼ਦੀਕੀ ਪਿੰਡ ਦੀ। ਪਰ ਉਥੇ ਕੋਈ ਪਹੁੰਚਿਆ ਈ ਨਹੀਂ। ਕੰਮ ਦੀ ਭਾਲ ’ਚ ਦਿੱਲੀ ਤੇ ਦਿੱਲੀਓਂ ਬੰਬੇ। ਮੈਂ ਕੁੱਝ ਵਰੇ ਬੰਬੇ ਰਹਿ ਕੇ ਰੇਡੀਓ ਕੰਪਨੀ ’ਚ ਨੌਕਰੀ ਕਰਨ ਦੇ ਨਾਲ ਨਾਲ ਪੜ੍ਹਾਈ ਵੀ ਕੀਤੀ। ਫਿਰ ਕਲਕੱਤਾ ਚ ਆਪਣੇ ਭਈ ਖਜ਼ਾਨ ਸਿੰਘ ਨਾਲ ਮਿਲ ਕੇ ਸ਼ੀਸ਼ਾ ਤੇ ਪਲਾਈਵੁੱਡ ਦਾ ਕੰਮ ਕੀਤਾ। ਕੰਮ ਕੁਝ ਢਿੱਲਾ ਈ ਰਿਹਾ ਤਾਂ ਰਾਂਚੀ ਚਲੇ ਗਏ । ਰਾਂਚੀ ’ਚ ਕੰਮ ਖੂਬ ਚੱਲ ਗਿਆ। ਇੱਜਤ ਮਾਣ ਵੀ ਬਹੁਤ ਕਮਾਇਆ ਉਥੇ।ਪਰ ਇਕ ਹੋਰ ਭਿਆਨਕ ਤਬਾਹੀ ਮੂੰਹ ਅੱਡੀ ਖੜੀ ਸੀ। ਉਹ ਸੀ 84 ਦੇ ਦੰਗੇ। ਜਦੋਂ ਕਿਸੇ ਅਪੀਲ ਦਲੀਲ ਨੇ ਕੰਮ ਨਾ ਕੀਤਾ। ਉਥੋਂ ਬਰਬਾਦ ਹੋ ਕੇ ਫਿਰ ਆਖੀਰ ਰਾਜਗੁਰੂ ਨਗਰ ਲੁਧਿਆਣਾ ਈ ਆਣ ਵਾਸ ਕੀਤਾ। ਮੇਰੇ ਥੋਹਾ ਖਾਲਸਾ ’ਚ ਜੰਮੇ ਰਈਸ ਦਾਦਕਾ ਅਤੇ ਨਾਨਕਾ ਪਰਿਵਾਰਿਕ ਮੈਂਬਰਾਨ ’ਚੋਂ ਮੈਂ 'ਕੱਲਾ ਈ ਰਹਿ ਗਿਐ ਹੁਣ ਤਾਂ, ਦੁੱਖ ਝਾਗਣ ਨੂੰ। ਇਕ ਪਾਸੇ ਥੋਹਾ ਦੀ ਉਹ ਖ਼ੁਸ਼ਹਾਲੀ ਅਤੇ ਠਾਠ ਬਾਠ ਤੇ ਦੂਜੇ ਪਾਸੇ ਮਾਰਚ 47 ਅਤੇ 84 ਦੀ ਕਤਲੋਗ਼ਾਰਤ

"ਉਹ ਕੁਦਰਤ ਦੀ ਮਰਜੀ ਸੀ ਜਾਂ ਕਾਰਾ ਜ਼ਾਲਮ ਟੋਲੇ ਦਾ ਵੇਖਿਆ ਫੇਰ 84 ਦੇ ਵਿੱਚ ਵਰਤ ਰਿਹਾ 47 ਵੀ"

ਦੀ ਯਾਦ ਅੱਜ ਵੀ ਮੇਰੀ ਰਾਤਾਂ ਦੀ ਨੀਂਦ ਹਰਾਮ ਕਰ ਦਿੰਦੀ ਐ। ਫਿਰ ਵੀ ਥੋਹਾ ਖਾਲਸਾ ਮੇਰਾ ਆਬਾਈ ਗਰਾਂ ਹੈ। ਮੈਂ ਥੋਹਾ ਅਤੇ ਉਥੋਂ ਦੇ ਵਸੇਬ ਨੂੰ ਨਮਸਕਾਰ ਆਖਦਾ ਹਾਂ।"

Comments


bottom of page