top of page

ਸੰਪੂਰਨਤਾ ਦਿਵਸ ’ਤੇ ਵਿਸ਼ੇਸ਼ : ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’


ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਸਿਰਫ਼ ਧਾਰਿਮਕ ਗ੍ਰੰਥ ਹੀ ਨਹੀਂ, ਸਗੋਂ ਇਹ ਸਾਰੀ ਦੁਨੀਆਂ ਨੂੰ ਪ੍ਰੇਮ, ਭਾਈਚਾਰਿਕ, ਸਾਂਝੀਵਾਲਤਾ, ਪ੍ਰਭੂ ਪ੍ਰੇਮ ਅਤੇ ਵਾਹਿਗੁਰੂ ਦਾ ਨਾਮ ਜਪਣ ਦੀ ਪ੍ਰੇਰਣਾ ਦਿੰਦਾ ਇਕ ਸ਼ਬਦ ਗੁਰੂ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ, ਜਿਸਦਾ ਮਤਲਬ ਹੈ ਵਾਹਿਗੁਰੂ ਵਿੱਚ ਯਕੀਨ ਰੱਖਣਾ। ਸ੍ਰੀ ਗੁਰ ਨਾਨਕ ਸਾਹਿਬ ਜੀ ਨੇ ਪਰਲੋਕ ਗਮਨ ਤੋਂ ਪਹਿਲਾਂ ਆਪਣੀ ਸਾਰੀ ਲਿਖੀ ਬਾਣੀ ਇਕ ਪੋਥੀ ਦੇ ਰੂਪ ’ਚ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਨੂੰ ਸੌਂਪ ਦਿੱਤੀ। ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਲਿਖੀ ਗਈ ਧੁਰ ਕੇ ਬਾਣੀ ਜਿਹੜੀ ਵੱਖ-ਵੱਖ ਪੋਥੀਆਂ ਦੇ ਰੂਪ ਵਿੱਚ ਸੰਭਾਲੀ ਪਈ ਸੀ, ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗ੍ਰੰਥ ਦਾ ਰੂਪ ਦੇ ਦਿੱਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ ਜਦੋਂ ਉਦਾਸੀਆਂ ਕੀਤੀਆਂ ਗਈਆਂ ਸਨ ਤਾਂ ਉਨ੍ਹਾਂ ਨੇ ਧਰਤੀ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉਥੋਂ ਦੇ ਭਗਤਾਂ ਦੀ ਬਾਣੀ ਨੂੰ ਵੀ ਇੱਕਠਿਆ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਅਤੇ ਆਪਣੀ ਖੁਦ ਦੀ ਲਿਖੀ ਹੋਈ ਬਾਣੀ ਨੂੰ ਇਕ ਗ੍ਰੰਥ ਵਿਚ ਪ੍ਰੋਰਨ ਦਾ ਨਿਵੇਕਲਾ ਕਾਰਜ ਕੀਤਾ। ਇਸ ਮਹਾਨ ਕਾਰਜ ’ਚ ਉਨ੍ਹਾਂ ਦਾ ਸਾਥ ਸਿੱਖ ਧਰਮ ਦੇ ਸਤਿਕਾਰਯੋਗ ਵਿਦਵਾਨ ਭਾਈ ਗੁਰਦਾਸ ਜੀ ਨੇ ਦਿੱਤਾ ।


1430 ਅੰਗਾਂ ਵਾਲੀ ਬੀੜ ‘ਚ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਗੁਰੂ ਦੀ ਉਸਤਤ ਗਾਉਣ ਵਾਲੇ 11 ਭੱਟਾਂ ਦੀ ਬਾਣੀ ਨੂੰ ਵੀ ਸਵੀਏ ਦੇ ਰੂਪ ‘ਚ ਦਰਜ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਕਲਸਹਾਰ ਜੀ (54 ਸ਼ਬਦ ਦੇ ਸਵੱਯੀਏ), ਭੱਟ ਗਯੰਦ ਜੀ (13 ਸ਼ਬਦ), ਭੱਟ ਭਿੱਖਾ ਜੀ (2 ਸ਼ਬਦ), ਭੱਟ ਕੀਰਤ ਜੀ (8 ਸ਼ਬਦ), ਭੱਟ ਮਥੁਰਾ ਜੀ (12 ਸ਼ਬਦ), ਭੱਟ ਜਾਲਪ ਜੀ (5 ਸ਼ਬਦ), ਭੱਟ ਮਲ ਜੀ (3 ਸ਼ਬਦ), ਭੱਟ ਭਲ ਜੀ (1 ਸ਼ਬਦ ਤੇ ਸਵੱਯੀਏ), ਭੱਟ ਬਲ ਜੀ (5 ਸ਼ਬਦ ਤੇ ਸਵੱਯੀਏ), ਭੱਟ ਹਰਬੰਸ ਜੀ (2 ਸ਼ਬਦ), ਭੱਟ ਨਲ ਜੀ (16 ਸ਼ਬਦ) ਦੀ ਬਾਣੀ ਦਰਜ ਹੈ। ਕੁੱਲ ਭੱਟਾਂ ਦੇ 121 ਸ਼ਬਦ ਦਰਜ ਹਨ। ਬਾਣੀ ਦੀ ਤਰਤੀਬ ਵਿੱਚ ਸਭ ਤੋਂ ਪਹਿਲਾਂ ਛੇ ਗੁਰੂ ਸਹਿਬਾਨਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਤਿੰਨ ਗੁਰੂ ਘਰ ਦੇ ਨਿਕਟਵਰਤੀ ਦੀ ਬਾਣੀ ਸਾਮਿਲ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੇ ਰਚਨਹਾਰੇ ਗੁਰੂ ਸਾਹਿਬਾਨ ਤੋਂ ਇਲਾਵਾਂ ਭਗਤ ਵੱਖ-ਵੱਖ ਸ਼੍ਰੇਣੀਆਂ ’ਤੇ ਫਿਰਕਿਆਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ। ਗੁਰੂ ਗ੍ਰੰਥ ਸਾਹਿਬ ਚ ਦਰਜ ਹੋ ਕੇ ਸਭ ਬਰਾਬਰ ਹੋ ਗਏ। ਜਿੰਨੇ ਵੱਖ-ਵੱਖ ਰਚਨਹਾਰੇ ਹਨ, ਉਨੇ ਹੀ ਹਨ ਇਸ ਵਿੱਚ ਰਾਗ ਤੇ ਰਾਗਨੀਆਂ। ਬਾਣੀ ਵਿੱਚ ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ, ਅਸਟਪਦੀਆਂ ਤੇ ੪ ਪੰਕਤੀਆਂ ਵਾਲੇ ਸਲੋਕਾਂ ਵਿੱਚ ਕਲਮਬੰਦ ਕੀਤਾ ਗਿਆ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿੱਚ ਕਰਤੇ ਦੇ ਕ੍ਰਮ ਅਨੁਸਾਰ ਰੱਖਿਆ ਗਿਆ ਹੈ। ਗੁਰਮਤਿ ਦੇ ਉੱਘੇ ਵਿਦਵਾਨ ਅਤੇ ਮੁਖ ਪ੍ਰਬੰਧਕਾਂ ਦੇ ਵਿਚੋਂ ਇੱਕ ਭਾਈ ਗੁਰਦਾਸ ਜੀ ਨੇ ਰਾਮਸਰ ਸਰੋਵਰ ਦੇ ਰਮਣੀਕ ਕੰਢੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਪਾਵਨ ਬੀੜ ਲਿਖਣ ਦੀ ਸੇਵਾ ਨਿਭਾਈ ਬਾਣੀ ਲਿਖਣ ਦਾ ਕਾਰਜ ਮੁਕੰਮਲ ਹੋਣ ਤੋਂ ਬਾਅਦ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਇਸ ਆਦਿ ਗ੍ਰੰਥ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਸ਼ਾਮਲ ਕਰਕੇ ਸੰਪੂਰਨ ਕੀਤਾ।

ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਲਿਖਦੇ ਸਮੇਂ ਜਿਹੜੀਆਂ ਕਲਮਾਂ ਘਸ ਜਾਂਦੀਆਂ ਸਨ ਉਹ ਦੁਬਾਰਾ ਨਹੀਂ ਸਨ ਵਰਤਦੇ। ਉਨ੍ਹਾਂ ਨੂੰ ਸੰਭਾਲ ਕੇ ਰੱਖ ਲੈਂਦੇ ਸਨ। ਇਸ ਮਹਾਨ ਕਾਰਜ ਦੀ ਸਮਾਪਤੀ ਤੋਂ ਬਾਅਦ ਘਸੀਆਂ ਕਲਮਾਂ ਤੇ ਬਚੀ ਸਿਆਹੀ ਨੂੰ ਗੁਰੂ ਜੀ ਨੇ ਮੌਜੂਦਾ ਗੁਰਦਵਾਰਾ ਲਿਖਣਸਰ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿੱਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਫੁਰਮਾਇਆ ਕਿ ਇਹ ਸਥਾਨ 'ਗੁਰੂ ਕੀ ਕਾਸ਼ੀ' ਹੈ ਭਾਵ ਦਮਦਮਾ ਸਾਹਿਬ ਗੁਰਮਤਿ ਦੇ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਅਤੇ ਗੁਰਮਤਿ ਦੀ ਇਸ ਟਕਸਾਲ ਵਿਚ ਮਹਾਨ ਵਿਦਵਾਨ, ਲਿਖਾਰੀ ਪੈਦਾ ਹੋਣਗੇ।

ਇਹ ਕਾਰਜ ਪੂਰਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੰਪੂਰਨ ਹੋਣ 'ਤੇ ਗੁਰੂ ਜੀ ਨੇ ਮਹਾਨ ਸਮਾਗਮ ਰਚਿਆ ਜੋ ਭਾਦ੍ਰੋਂ ਵਦੀ ਏਕਮ ਤੋਂ ਭਾਦ੍ਰੋਂ ਵਦੀ ਤੀਜ ਤੱਕ ਭਾਵ ਤਿੰਨ ਦਿਨ ਚੱਲਦਾ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਆਦਿ ਗ੍ਰੰਥ' ਜਾਂ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ' ਕਰਕੇ ਵੀ ਜਾਣੇ ਜਾਂਦੇ ਹਨ। ਇਹ ਹੁਣ ਸਿੱਖਾਂ ਦੇ ਗੁਰੂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬੋਤਮ ਸੱਚ ਪਰਮਾਤਮਾ ਦਾ ਸੰਕਲਪ ਕ੍ਰਿਆਸ਼ੀਲ ਅਤੇ ਜੀਵੰਤ ਹੀ ਨਹੀਂ ਹੈ ਸਗੋਂ ਕਈ ਅਨੇਕਤਾਵਾਂ ਜਿਵੇਂ ਨਿਰਗੁਣ ਅਤੇ ਸਰਗੁਣ, ਸਰਬਵਿਆਪਕਤਾ ਅਤੇ ਅਗੋਚਰਤਾ ਉਸ ਵਿਚ ਹੀ ਸਮਾਈਆਂ ਹੋਈਆਂ ਹਨ। ਪ੍ਰਗਟ ਰੂਪ ਵਿਚ ਇਹ ਸਾਰੇ ਗੁਣ ਉਸ ਪਰਮਾਤਮਾ ਦੇ ਹੀ ਹਨ। ਸਿੱਖ ਧਰਮ ਸਾਫ਼ ਤੌਰ ’ਤੇ ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ।ਗਿਆਨੀ ਗਿਆਨ ਸਿੰਘ ਦੀ ਲਿਖਤ 'ਪੰਥ ਪ੍ਰਕਾਸ਼' ਅਨੁਸਾਰ ਗੁਰੂ ਸਾਹਿਬ ਵੱਲੋਂ ਤਿਆਰ ਕੀਤੇ ਸੰਪੂਰਨ ਤੇ ਪ੍ਰਵਾਣਿਤ ਸਰੂਪ ਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੇ ਗਏ ਅਤੇ ਅਲੱਗ-ਅਲੱਗ ਚਾਰੇ ਤਖ਼ਤ ਸਾਹਿਬਾਨ ਤੇ ਭਿਜਵਾਏ ਗਏ ਸਨ।

ਅਉਰ ਚਾਰ ਤਿਸ ਪਰਤੇ ਭਾਇ।

ਦੀਪ ਸਿੰਘ ਸ਼ਹੀਦ ਲਿਖਾਇ

ਇਕ ਅਕਾਲ ਬੁੰਗੇ ਇਕ ਪਟਨੇ।

ਤਿਰਤੀ ਹਜੂਰ ਦਯੋ ਹਿਤ ਪਠਨੇ।


ਚਤੁਰਥ ਰਾਖਯੋ ਦਮਦਮੇ ਮਾਹਿ।

ਬਢ ਬਾਬੇ ਯਹਿ ਚਾਰ ਕਹਾਇ।


ਇਥੇ ਹੀ ਦਸਮ ਪਿਤਾ ਨੇ 48 ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸ੍ਰੀ ਮੁਖਵਾਕ ਤੋਂ ਸੁਣਾਈ। ਇੰਨੇ ਮਹਾਨ ਪਵਿੱਤਰ ਕਾਰਜ ਹੋਣ ਕਰਕੇ ਸਤਿਗੁਰੂ ਜੀ ਨੇ ਇਸ ਸਥਾਨ ਨੂੰ 'ਤਖ਼ਤ' ਕਾਇਮ ਕੀਤਾ ਹੈ। ਇਸ ਬੀੜ ਨੂੰ ਹੀ ਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਗੁਰਗੱਦੀ ਦਿੰਦਿਆਂ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ।

ਸ੍ਰੀ ਗੁਰੂ ਗਰੰਥ ਸਾਹਿਬ ਦੀ ਤਰੀਫ ਕਰਦਿਆ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿੱਚ ਇਉਂ ਦਰਜ ਹੈ:-

“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਆਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ। ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“

Comments


bottom of page