ਅੰਮ੍ਰਿਤਸਰ -

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਧਿਆਨ ਸਿੰਘ ਮੰਡ ਨੇ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖ਼ੀਰਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕੀਤੀ। ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਦਫ਼ਤਰ ਦੇ ਬਾਹਰ ਬਰਗਾੜੀ ਮੋਰਚਾ ਖ਼ਤਮ ਕਰਵਾਉਣ ਲਈ ਤਲਬ ਕੀਤੇ ਗਏ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਲਬੀਰ ਸਿੰਘ ਜ਼ੀਰਾ ਤੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਬੰਦ ਚਿੱਠੀ ਲੈ ਕੇ ਜਥੇਦਾਰ ਮੰਡ ਅਤੇ ਪੰਜ ਸਿਘਾਂ ਦੇ ਸਨਮੁਖ ਪੇਸ਼ ਹੋਏ।
ਜਥੇਦਾਰ ਮੰਡ ਨੇ ਕਿਹਾ ਕਿ ਜਦੋਂ ਬਰਗਾੜੀ ਮੋਰਚਾ ਸਿਖ਼ਰਾਂ ‘ਤੇ ਚੱਲ ਰਿਹਾ ਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਥੇ ਪਹੁੰਚ ਰਹੀਆਂ ਸਨ ਤਾਂ ਸਰਕਾਰ ਨੇ ਆਪਣੇ ਦੋ ਮੰਤਰੀ ਅਤੇ ਇਕ ਵਿਧਾਇਕ ਇਹ ਭਰੋਸਾ ਦੇ ਕੇ, ਕਿ ਸਾਰੀਆਂ ਮੰਗਾਂ ਬਹੁਤ ਜਲਦੀ ਮੰਨ ਕੇ ਬਰਗਾੜੀ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਕਰਵਾਇਆ ਜਾਵੇਗਾ, ’ਤੇ ਮੋਰਚਾ ਉਨ੍ਹਾਂ ਦੇ ਭਰੋਸੇ ਤੇ ਸੰਗਤਾਂ ਦੀ ਸਲਾਹ ਨਾਲ ਬੰਦ ਕਰ ਦਿੱਤਾ ਗਿਆ।
ਲੰਮਾਂ ਸਮਾਂ ਬੀਤ ਜਾਣ ਕਾਰਨ ਅਸੀਂ ਪਹਿਲਾਂ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਮੁਆਫ਼ੀ ਮੰਗੀ ਕਿ ਸਰਕਾਰ ‘ਤੇ ਭੋਰੋਸਾ ਕਰਕੇ ਵੱਡੀ ਗਲਤੀ ਹੋਈ ਹੈ। ਅੱਜ ਤੀਸਰੀ ਵਾਰ ਇਨ੍ਹਾਂ ਨੂੰ ਬੁਲਾਇਆ ਗਿਆ ਤੇ ਇਹ ਬੰਦ ਲਿਫ਼ਾਫ਼ੇ ਦੀ ਚਿੱਠੀ ਲੈ ਕੇ ਪੇਸ਼ ਹੋਏ ਤੇ ਕਿਹਾ ਕਿ ਜੋ ਕੁਝ ਵੀ ਹੈ ਇਸ ਲਿਫ਼ਾਫ਼ੇ ਵਿੱਚ ਲਿਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦਾ ਫੈਸਲਾ ਸੰਗਤਾਂ, ਵਕੀਲਾਂ , ਜਥੇਬੰਦੀਆਂ ਤੇ ਸੰਪਰਦਾਵਾਂ ਨਾਲ ਸਲਾਹ ਕਰਕੇ 30 ਅਗਸਤ ਨੂੰ ਸੁਣਾਇਆ ਜਾਵੇਗਾ।
Comments