top of page

ਦੇਖਦੇ ਹਾਂ, ਹੁਣ ਇਹ ਆਈ ਡੀ ਕਿੰਨੀ ਕੂ ਦੇਰ ਚੱਲਣ ਦਿੰਦੇ ਹਨ? -ਗਜਿੰਦਰ ਸਿੰਘ, ਦਲ ਖਾਲਸਾਦੋਸਤੋ, ਭਾਰਤੀ ਹਾਕਮਾਂ ਵੱਲੋਂ ਮੇਰੀ ਦੂਜੀ ਫੇਸਬੁੱਕ ਆਈ ਡੀ ਵੀ ਬਲਾਕ ਕਰ ਦਿੱਤੇ ਜਾਣ ਤੋਂ ਬਾਦ, ਇੱਕ ਮਿੱਤਰ ਨੇ ਇੱਕ ਨਵੀਂ ਆਈ ਡੀ ਬਣਾ ਕੇ ਭੇਜੀ ਹੈ, ਜਿਸ ਨੂੰ ਮੈਂ ਅੱਜ ਤੋਂ ਇਸਤੇਮਾਲ ਕਰਨਾ ਸ਼ੁਰੂ ਕਰ ਰਿਹਾ ਹਾਂ । ਇਹ ਆਈ ਡੀ, 'ਸਿਰਦਾਰ ਗਜਿੰਦਰ ਸਿੰਘ' ਨਾਮ ਤੇ ਬਣਾਈ ਗਈ ਹੈ।

ਮੈਂ ਫੇਸਬੁੱਕ ਨੂੰ ਵਿਚਾਰਾਂ ਦੇ ਇਜ਼ਹਾਰ ਦਾ ਵਸੀਲਾ ਸਮਝਦਾ ਹਾਂ ।

'ਲਾਈਕ ਲਾਈਕ' ਖੇਡਣ ਵਿੱਚ ਮੇਰੀ ਬਹੁਤੀ ਰੁਚੀ ਨਹੀਂ ਹੁੰਦੀ । ਵਿਹਲਾ ਵਕਤ ਪਾਸ ਕਰਨਾ ਵੀ ਮੇਰਾ ਮਸਲਾ ਨਹੀਂ ਹੈ, ਇਸੇ ਲਈ ਚੈਟਿੰਗ ਵਿੱਚ ਵੀ ਕੋਈ ਦਿਲਚਸਪੀ ਨਹੀਂ ਹੁੰਦੀ । ਇੱਕ ਵਾਰ ਸਵੇਰੇ, ਤੇ ਇੱਕ ਵਾਰ ਸ਼ਾਮ ਨੂੰ, ਫੇਸਬੁੱਕ ਖੋਲਦਾ ਹਾਂ, ਜੋ ਦਿੱਲ ਕਰੇ ਪੜ੍ਹਦਾ ਹਾਂ, ਤੇ ਜੋ ਦਿੱਲ ਕਰੇ ਲਿੱਖਦਾ, ਤੇ ਸਾਂਝਾ ਕਰਦਾ ਹਾਂ ।

ਇਹ ਆਈ ਡੀ ਮੈਂ ਖਾਸ ਕਰ ਕੇ ਭਾਰਤੀ ਕਬਜ਼ੇ ਹੇਠਲੇ ਪੰਜਾਬ ਦੇ ਲੋਕਾਂ ਨਾਲ ਸਾਂਝ ਪਾ ਕੇ ਰੱਖਣ ਲਈ ਬਣਵਾਈ ਹੈ । ਪਹਿਲੀ ਆਈ ਡੀ ਵਿਦੇਸ਼ਾਂ ਵਿੱਚ ਪਹਿਲਾਂ ਵਾਂਗ ਹੀ ਚੱਲਦੀ ਹੈ । ਮੈਂ ਜੋ ਵੀ ਲਿੱਖਦਾ ਹਾਂ, ਦੋਹਾਂ ਰਾਹੀਂ ਸਾਂਝਾ ਕਰਦਾ ਹਾਂ ।

ਇਸ ਨੂੰ ਪ੍ਰਾਪਤੀ ਕਹਾਂ, ਜਾਂ ਕੁੱਝ ਹੋਰ, ਪਰ ਮੇਰੀ ਤਕਰੀਬਨ ਹਰ ਲਿਖੱਤ ਹੀ ਭਾਰਤੀ ਹਾਕਮਾਂ ਨੂੰ ਨਾ-ਗਵਾਰ ਗੁਜ਼ਰਦੀ ਰਹੀ ਹੈ । ਪਹਿਲੇ ਕਾਵਿ ਸੰਗ੍ਰਹਿ 'ਪੰਜ ਤੀਰ ਹੋਰ' ਤੋਂ ਫੇਸਬੁਕ ਦੇ ਯੁੱਗ ਤੱਕ ਹਮੇਸ਼ਾਂ ਬੈਨ/ਬਲਾਕ ਹੁੰਦਾ ਰਿਹਾ ਹਾਂ । ਸਾਰੀ ਜ਼ਿੰਦਗੀ ਇੱਕ 'ਬੈਨ' ਵਿਅਕਤੀ ਵਾਂਗ ਹੀ ਗੁਜ਼ਾਰੀ ਹੈ ।

ਕੌਮ ਦੀ ਆਜ਼ਾਦੀ ਬਿਨ੍ਹਾਂ ਮੇਰਾ ਕੋਈ ਸੁਪਨਾ ਨਹੀਂ ਹੈ, ਤੇ ਜੋ ਕੁੱਝ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਕਰ ਸਕਿਆ ਹਾਂ, ਕੀਤਾ ਹੈ । ਪਰ ਮੈਂ ਕਿਸੇ ਖੁਸ਼ ਫਹਿਮੀ, ਜਾਂ ਗਲਤ ਫਹਿਮੀ ਦਾ ਸ਼ਿਕਾਰ ਨਹੀਂ ਹਾਂ ਕਿ ਸਾਰੀ ਲਹਿਰ ਦਾ ਅਸਮਾਨ ਮੈਂ ਹੀ ਸਿਰ ਤੇ ਚੁੱਕੀ ਫਿਰਦਾ ਹਾਂ । ਮੈਂ ਤਾਂ ਸਨਿਮਰ ਜਿਹੇ ਢੰਗ ਨਾਲ ਆਪਣਾ ਬਣਦਾ ਹਿੱਸਾ ਪਾ ਰਿਹਾ ਹਾਂ, ਬਾਕੀ ਸੱਭ ਵਾਹਿਗੁਰੂ ਉਤੇ ਛਡਿਆ ਹੋਇਆ ਹੈ ।

ਫੇਸਬੁੱਕ ਆਈ ਡੀ ਰਾਹੀਂ ਤਲਵਾਰ ਜਾਂ ਕਲਾਸ਼ਨਕੋਫ ਨਹੀਂ ਚੱਲਦੀ, ਬਸ ਕਲਮ ਹੀ ਚੱਲ ਸਕਦੀ ਹੈ, ਜੋ ਮੈਂ ਇੱਕ ਕਲਮਕਾਰ ਦੇ ਤੌਰ ਤੇ ਚਲਾਉਂਦਾ ਰਹਿਣਾ ਚਾਹੁੰਦਾ ਹਾਂ । ਪਰ ਕੀ ਕਰਾਂ, ਮੇਰੀ ਕਲਮ ਵੀ ਭਾਰਤੀ ਹਾਕਮਾਂ ਨੂੰ ਕਲਾਸ਼ਨਕੋਫ ਲੱਗਦੀ ਹੈ ।

ਦੇਖਦੇ ਹਾਂ, ਹੁਣ ਇਹ ਆਈ ਡੀ ਕਿੰਨੀ ਕੂ ਦੇਰ ਚੱਲਣ ਦਿੰਦੇ ਹਨ?


ਗਜਿੰਦਰ ਸਿੰਘ, ਦਲ ਖਾਲਸਾ ।

੧.੮.੨੦੨੦


bottom of page